ਜੀਡੀ ਗੋਇਨਕਾ ਟੌਡਲਰ ਹਾਊਸ, ਜ਼ੀਰਕਪੁਰ ਨੇ ਅੱਜ ਇਥੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ‘ਵਨ ਵਰਲਡ, ਵਨ ਫਿਊਚਰ’ ਨਾਮਕ ਆਪਣਾ ਦੂਜਾ ਸੱਭਿਆਚਾਰਕ ਮੇਲਾ ਕਰਵਾਇਆ। ਇਸ ਸ਼ਾਨਦਾਰ ਸ਼ਾਮ ਨੂੰ ਸਫਲ ਬਣਾਉਣ ਲਈ ਨੰਨ੍ਹੇ-ਮੁੰਨੇ ਬੱਚਿਆਂ ਨੇ ਸਟੇਜ ‘ਤੇ ਮਨਮੋਹਕ ਪੇਸ਼ਕਾਰੀਆਂ ਕੀਤੀਆਂ |
ਕੰਸਲਟੈਂਟ ਮਨੋਵਿਗਿਆਨੀ ਡਾ. ਨਿਪੁਨ ਰੰਗਾ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ। ਇਸ ਮੌਕੇ ਸਕੂਲ ਦੇ ਸੰਸਥਾਪਕ ਸਤਨਾਮ ਦਾਸ, ਸੁਮਿਤਾ ਨਵੀਨ, ਚੇਅਰਮੈਨ ਅੰਕਿਤ ਕੁਮਾਰ ਅਤੇ ਡਾਇਰੈਕਟਰ ਸਮਰਿਧੀ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਛੋਟੇ ਬੱਚਿਆਂ ਵੱਲੋਂ ਗਣੇਸ਼ ਵੰਦਨਾ ਨਾਲ ਕੀਤੀ ਗਈ।
ਇਸ ਮੌਕੇ ਡਾਇਰੈਕਟਰ ਸਮਰਿਧੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਕੂਲ ਮਿਆਰੀ ਸਿੱਖਿਆ, ਸ਼ੁਰੂਆਤੀ ਸਿੱਖਿਆ, ਜੀਵਨ ਮੁੱਲਾਂ ਆਦਿ ‘ਤੇ ਜ਼ੋਰ ਦਿੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ ਸਕੂਲ ਨੇ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ, ਕਿਤਾਬਾਂ ਦੇ ਸੈੱਟ ਆਦਿ ਦੇ ਕੇ ਉਨ੍ਹਾਂ ਦੀ ਮਦਦ ਕੀਤੀ ਸੀ। ਉਨ੍ਹਾਂ ਸਕੂਲ ਮੈਨੇਜਮੈਂਟ ‘ਤੇ ਭਰੋਸਾ ਜਤਾਉਣ ਲਈ ਮਾਪਿਆਂ ਦਾ ਧੰਨਵਾਦ ਕੀਤਾ।
ਇਸ ਤੋਂ ਬਾਅਦ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਬੱਚਿਆਂ ਨੇ ਇਸ ਸਾਲ ਦੇ ਥੀਮ ‘ਵਨ ਵਰਲਡ, ਵਨ ਫਿਊਚਰ’ ਤਹਿਤ ਜੈਵਿਕ ਖੇਤੀ, ਬਿਹਤਰ ਸਿਹਤ ਤੇ ਇੱਕ ਬਿਹਤਰ ਸੰਸਾਰ ਦੇ ਸੁਪਨੇ ਵੇਖਣ ਵਰਗੇ ਵਿਸ਼ਿਆਂ ਵੱਲ ਧਿਆਨ ਖਿੱਚਿਆ।
ਇਸ ਮੌਕੇ ਮੁੱਖ ਮਹਿਮਾਨ ਨੇ ਸਾਲ ਭਰ ਵਿੱਚ ਕਰਵਾਏ ਗਏ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ। ਅਕਾਦਮਿਕ ਕੋਆਰਡੀਨੇਟਰ ਆਕਸ਼ੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਹੋ ਗਈ।