(ਹੁਸ਼ਿਆਰਪੁਰ),18 ਜੁਲਾਈ : ਟਾਂਡਾ ਉੜਮੁੜ ਦੇ ਸਾਬਕਾ ਥਾਣਾ ਮੁੱਖੀ (SHO) ਗੁਰਜਿੰਦਰਜੀਤ ਸਿੰਘ ਨਾਗਰਾ ਨੂੰ ਅੱਜ ਦਸੂਹਾ ਸਿਵਲ ਕੋਰਟ ਵਿੱਚ ਪੇਸ਼ ਕੀਤਾ ਗਿਆ।ਅਮਰੀਕਾ ਨਾਲ ਜੁੜੇ ਇੱਕ ਜਬਰੀ ਵਸੂਲੀ ਮਾਮਲੇ ਦੀ ਜਾਂਚ ਦੌਰਾਨ ਐਸ.ਪੀ. (ਦਿਹਾਤੀ) ਜਲੰਧਰ ਦੀ ਰਿਪੋਰਟ ਵਿੱਚ ਨਾਗਰਾ ਖ਼ਿਲਾਫ਼ ਦੋਸ਼ ਸਾਹਮਣੇ ਆਉਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਗੁਰਜਿੰਦਰਜੀਤ ਸਿੰਘ ਨਾਗਰਾ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਹੁਣ ਪੁਲਿਸ ਰਿਮਾਂਡ ਦੌਰਾਨ ਮਾਮਲੇ ਨਾਲ ਜੁੜੇ ਹੋਰ ਤੱਥਾਂ ਦੀ ਜਾਂਚ ਕੀਤੀ ਜਾਵੇਗੀ।
ਦੋਸ਼ ਹੈ ਕਿ ਟਾਂਡਾ ਉੜਮੁੜ ਦੇ ਪਿੰਡ ਮਿਆਣੀ ਦੇ ਬਲਵਿੰਦਰ ਸਿੰਘ ਕਤਲ ਕੇਸ ਵਿਚ ਨਾਮਜ਼ਦ ਵਿਅਕਤੀਆਂ ਨੂੰ ਕੇਸ ਵਿਚੋਂ ਬਾਹਰ ਕੱਢਣ ਦੇ ਨਾਂਅ ‘ਤੇ ਲਗਭਗ 4 ਕਰੋੜ ਰੁਪਏ ਦੀ ਜ਼ਬਰੀ ਵਸੂਲੀ ਕੀਤੀ ਗਈ। ਜਾਂਚ ਤੋਂ ਬਾਅਦ ਨਾਗਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਐਫ.ਆਈ.ਆਰ. ਨੰਬਰ 20 ਮਿਤੀ 16.01.2026, ਥਾਣਾ ਟਾਂਡਾ, ਹੁਸ਼ਿਆਰਪੁਰ ਵਿਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7 ਅਤੇ 13 ਅਤੇ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 308 ਤਹਿਤ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਉੱਧਰ ਨਾਗਰਾ ਦੇ ਵਕੀਲ ਸੰਦੀਪ ਸ਼ਰਮਾ ਨੇ ਅਦਾਲਤ ‘ਚ ਦਲੀਲ ਦਿੱਤੀ ਕਿ ਉਨ੍ਹਾਂ ਦੇ ਮੁਅੱਕਲ ਨੂੰ ਬਿਨਾਂ ਠੋਸ ਸਬੂਤਾਂ ਅਤੇ ਤੱਥਾਂ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।