ਸੰਗਰੂਰ 'ਚ BJP ਦਫ਼ਤਰ 'ਤੇ ਪੈਟਰੋਲ ਬੰਬ ਹਮਲੇ ਦਾ ਵੱਡਾ ਖੁਲਾਸਾ, 2 ਮੁਲਜ਼ਮ ਗ੍ਰਿਫ਼ਤਾਰ; ਜਾਣੋ ਕੀ ਸੀ ਅਸਲ ਮਕਸਦ
BJP Office Petrol Bomb : ਸੰਗਰੂਰ ਵਿੱਚ ਭਾਜਪਾ (BJP) ਦਫ਼ਤਰ ‘ਤੇ ਪੈਟਰੋਲ ਬੰਬ ਸੁੱਟਣ ਦੀ ਘਟਨਾ ਨੂੰ ਸੰਗਰੂਰ ਪੁਲਿਸ ਨੇ ਸਿਰਫ਼ 24 ਘੰਟਿਆਂ ਦੇ ਅੰਦਰ ਸੁਲਝਾਉਂਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੋਵਾਂ ਦੇ ਕਬਜ਼ੇ ਵਿੱਚੋਂ ਵਾਰਦਾਤ ਲਈ ਵਰਤਿਆ ਗਿਆ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ।ਐਸ.ਐਸ.ਪੀ. ਡਾ. ਰਵਜੋਤ ਗਰੇਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 26 ਜੁਲਾਈ 2026 ਨੂੰ ਤੜਕੇ ਕਰੀਬ 2:35 ਵਜੇ ਦੋ ਨੌਜਵਾਨਾਂ ਨੇ ਉਪਲੀ ਰੋਡ ਵੱਲੋਂ ਆ ਕੇ BJP ਦਫ਼ਤਰ ਦੀ ਚਾਰਦੀਵਾਰੀ ਉੱਪਰੋਂ ਪੈਟਰੋਲ ਬੰਬ ਸੁੱਟਿਆ। ਵਾਰਦਾਤ ਦਾ ਮਕਸਦ ਦਫ਼ਤਰ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਇਲਾਕੇ ਦਾ ਮਾਹੌਲ ਖਰਾਬ ਕਰਨਾ ਸੀ।
ਮਾਮਲੇ ਦੀ ਜਾਂਚ ਲਈ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਅਤੇ ਕਾਊਂਟਰ ਇੰਟੈਲੀਜੈਂਸ ਦੀ ਮਦਦ ਲਈ ਗਈ। ਹਿਊਮਨ ਅਤੇ ਟੈਕਨੀਕਲ ਇੰਟੈਲੀਜੈਂਸ ਦੇ ਆਧਾਰ ‘ਤੇ ਪੁਲਿਸ ਨੇ ਹੈਪੀ ਸਿੰਘ ਉਰਫ਼ ਹੈਪੀ (ਵਾਸੀ ਭੰਮਾਬੰਦੀ) ਅਤੇ ਜਸਪ੍ਰੀਤ ਸਿੰਘ ਉਰਫ਼ ਜੱਸੀ (ਵਾਸੀ ਲਹਿਰਾ) ਨੂੰ ਗ੍ਰਿਫ਼ਤਾਰ ਕਰ ਲਿਆ।
ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ‘ਰਾਣਾ ਭਾਈ’ ਨਾਮਕ ਵਿਅਕਤੀ ਦੇ ਸੰਪਰਕ ਵਿੱਚ ਸਨ। ਪੁਲਿਸ ਮੁਤਾਬਕ, ਉਸ ਨੇ ਵਾਰਦਾਤ ਨੂੰ ਅੰਜਾਮ ਦੇਣ ਅਤੇ ਉਸ ਦੀ ਵੀਡੀਓ ਭੇਜਣ ਦੇ ਬਦਲੇ ਭਾਰੀ ਰਕਮ ਦੇਣ ਦਾ ਵਾਅਦਾ ਕੀਤਾ ਸੀ।ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮਾਂ ਨੂੰ ਪਹਿਲਾਂ ਹੀ ₹2,200 ਦੀ ਰਕਮ ਦੋ UPI ਟ੍ਰਾਂਜ਼ੈਕਸ਼ਨਾਂ (₹1,200 ਅਤੇ ₹1,000) ਰਾਹੀਂ ਭੇਜੀ ਗਈ ਸੀ। ਦੋਵਾਂ ਨੇ ਘਟਨਾ ਦੀ ਵੀਡੀਓ ਵੀ ਬਣਾਈ ਸੀ, ਜੋ ‘ਰਾਣਾ ਭਾਈ’ ਨੂੰ ਭੇਜੀ ਜਾਣੀ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ‘ਰਾਣਾ ਭਾਈ’ ਦੇ ਸੋਸ਼ਲ ਮੀਡੀਆ ਅਕਾਊਂਟ ਅਤੇ UPI ਲੈਣ-ਦੇਣ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਇਸ ਮਾਮਲੇ ਨਾਲ ਜੁੜੇ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਹਨ।