ਗਲਾਸਗੋ: ਸਕਾਟਲੈਂਡ ਦੇ ਗਲਾਸਗੋ ਵਿੱਚ 11 ਦਿਨਾਂ ਤੱਕ ਚੱਲੀਆਂ ਰਾਸ਼ਟਰਮੰਡਲ ਖੇਡਾਂ 2026 (CWG 2026) ਦਾ ਐਤਵਾਰ ਨੂੰ ਸ਼ਾਨਦਾਰ ਸਮਾਪਨ ਹੋ ਗਿਆ। ਸਮਾਪਤੀ ਸਮਾਰੋਹ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਅਤੇ ਸ਼ਾਨਦਾਰ ਪ੍ਰਦਰਸ਼ਨਾਂ ਨਾਲ ਭਰਪੂਰ ਰਿਹਾ। ਖੇਡਾਂ ਵਿੱਚ ਕਈ ਅਜਿਹੀਆਂ ਖੇਡਾਂ ਸ਼ਾਮਲ ਨਹੀਂ ਸਨ, ਜਿਨ੍ਹਾਂ ਵਿੱਚ ਭਾਰਤ ਆਮ ਤੌਰ ‘ਤੇ ਵੱਡੀ ਗਿਣਤੀ ਵਿੱਚ ਤਗਮੇ ਜਿੱਤਦਾ ਹੈ। ਇਸ ਦੇ ਬਾਵਜੂਦ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁੱਲ 39 ਤਗਮੇ ਆਪਣੇ ਨਾਮ ਕੀਤੇ ਅਤੇ ਤਗਮਾ ਸੂਚੀ ਵਿੱਚ ਚੌਥਾ ਸਥਾਨ ਹਾਸਲ ਕੀਤਾ।
ਭਾਰਤ ਨੇ ਜਿੱਤੇ 39 ਤਗਮੇ, 13 ਸੋਨ ਨਾਲ ਚਮਕਿਆ ਪ੍ਰਦਰਸ਼ਨ
ਭਾਰਤੀ ਦਲ ਨੇ ਇਸ ਵਾਰ 13 ਸੋਨ, 17 ਚਾਂਦੀ ਅਤੇ 9 ਕਾਂਸੀ ਦੇ ਤਗਮੇ ਜਿੱਤੇ। ਕੁੱਲ 39 ਤਗਮਿਆਂ ਦੇ ਨਾਲ ਭਾਰਤ ਨੇ ਮੇਜ਼ਬਾਨ ਸਕਾਟਲੈਂਡ ਨੂੰ ਪਿੱਛੇ ਛੱਡਦੇ ਹੋਏ ਚੌਥਾ ਸਥਾਨ ਆਪਣੇ ਨਾਮ ਕੀਤਾ। ਦਿਲਚਸਪ ਗੱਲ ਇਹ ਰਹੀ ਕਿ ਸਕਾਟਲੈਂਡ ਨੇ ਵੀ 39 ਤਗਮੇ ਜਿੱਤੇ, ਪਰ ਭਾਰਤ ਦੇ ਕੋਲ ਵੱਧ ਚਾਂਦੀ ਦੇ ਤਗਮੇ ਹੋਣ ਕਾਰਨ ਉਸ ਨੂੰ ਉੱਚਾ ਸਥਾਨ ਮਿਲਿਆ।
ਆਸਟ੍ਰੇਲੀਆ ਬਣਿਆ ਚੈਂਪੀਅਨ, ਇੰਗਲੈਂਡ ਦੂਜੇ ਸਥਾਨ ‘ਤੇ
ਤਗਮਾ ਸੂਚੀ ਵਿੱਚ ਆਸਟ੍ਰੇਲੀਆ ਨੇ ਇੱਕ ਵਾਰ ਫਿਰ ਆਪਣਾ ਦਬਦਬਾ ਕਾਇਮ ਰੱਖਿਆ। ਆਸਟ੍ਰੇਲੀਆ ਨੇ 70 ਸੋਨ ਸਮੇਤ ਕੁੱਲ 171 ਤਗਮੇ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ। ਇੰਗਲੈਂਡ 110 ਤਗਮਿਆਂ ਨਾਲ ਦੂਜੇ ਅਤੇ ਕੈਨੇਡਾ 62 ਤਗਮਿਆਂ ਨਾਲ ਤੀਜੇ ਸਥਾਨ ‘ਤੇ ਰਿਹਾ। ਇਸ ਤੋਂ ਬਾਅਦ ਭਾਰਤ ਚੌਥੇ, ਸਕਾਟਲੈਂਡ ਪੰਜਵੇਂ ਅਤੇ ਨਿਊਜ਼ੀਲੈਂਡ 36 ਤਗਮਿਆਂ ਨਾਲ ਛੇਵੇਂ ਸਥਾਨ ‘ਤੇ ਰਿਹਾ।
ਸਮਾਪਤੀ ਸਮਾਰੋਹ ਬਣਿਆ ਯਾਦਗਾਰ
ਗਲਾਸਗੋ ਵਿੱਚ ਹੋਏ ਸਮਾਪਤੀ ਸਮਾਰੋਹ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਸਕਾਟਲੈਂਡ ਦੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੇ ਨਾਲ ਭਾਰਤੀ ਅਤੇ ਸਕਾਟਿਸ਼ ਕਲਾਕਾਰਾਂ ਨੇ ਸੰਗੀਤ ਅਤੇ ਨਾਚ ਦੀ ਮਨਮੋਹਕ ਜੁਗਲਬੰਦੀ ਪੇਸ਼ ਕੀਤੀ। ਇਹ ਪ੍ਰੋਗਰਾਮ ਖੇਡਾਂ ਦੇ ਸਮਾਪਨ ਨੂੰ ਹੋਰ ਵੀ ਖਾਸ ਅਤੇ ਯਾਦਗਾਰ ਬਣਾਉਣ ਵਿੱਚ ਸਫਲ ਰਿਹਾ।
2030 ਦੀ ਮੇਜ਼ਬਾਨੀ ਭਾਰਤ ਨੂੰ, ਅਹਿਮਦਾਬਾਦ ਬਣੇਗਾ ਮੇਜ਼ਬਾਨ ਸ਼ਹਿਰ
ਸਮਾਪਤੀ ਸਮਾਰੋਹ ਦੌਰਾਨ ਸਕਾਟਲੈਂਡ ਦੇ ਅਧਿਕਾਰੀਆਂ ਨੇ ਰਾਸ਼ਟਰਮੰਡਲ ਖੇਡਾਂ ਦਾ ਅਧਿਕਾਰਤ ਝੰਡਾ ਅਤੇ ਬੈਟਨ ਭਾਰਤੀ ਪ੍ਰਤੀਨਿਧੀਆਂ ਨੂੰ ਸੌਂਪਿਆ । ਭਾਰਤ ਦੀ ਨੁਮਾਇੰਦਗੀ ਓਲੰਪਿਕ ਸੋਨ ਤਗਮਾ ਜੇਤੂ ਨੀਰਜ ਚੋਪੜਾ, ਭਾਰਤੀ ਓਲੰਪਿਕ ਐਸੋਸੀਏਸ਼ਨ (IOA) ਦੀ ਪ੍ਰਧਾਨ ਪੀ.ਟੀ. ਊਸ਼ਾ ਅਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਹਰਸ਼ ਸੰਘਵੀ ਨੇ ਕੀਤੀ।ਹੁਣ 2030 ਦੀਆਂ ਰਾਸ਼ਟਰਮੰਡਲ ਖੇਡਾਂ ਗੁਜਰਾਤ ਦੇ ਅਹਿਮਦਾਬਾਦ ਵਿੱਚ ਕਰਵਾਈਆਂ ਜਾਣਗੀਆਂ , ਜੋ ਰਾਸ਼ਟਰਮੰਡਲ ਖੇਡਾਂ ਦਾ ਸ਼ਤਾਬਦੀ ਐਡੀਸ਼ਨ ਵੀ ਹੋਵੇਗਾ। ਇਸ ਨਾਲ ਭਾਰਤ ਇੱਕ ਨਵਾਂ ਇਤਿਹਾਸ ਰਚੇਗਾ।
ਭਾਰਤ ਰਚੇਗਾ ਨਵਾਂ ਇਤਿਹਾਸ
ਭਾਰਤ ਇਸ ਤੋਂ ਪਹਿਲਾਂ 2010 ਵਿੱਚ ਨਵੀਂ ਦਿੱਲੀ ਵਿੱਚ ਰਾਸ਼ਟਰਮੰਡਲ ਖੇਡਾਂ ਦੀ ਸਫ਼ਲ ਮੇਜ਼ਬਾਨੀ ਕਰ ਚੁੱਕਾ ਹੈ। 2030 ਵਿੱਚ ਦੁਬਾਰਾ ਮੇਜ਼ਬਾਨ ਬਣਨ ਨਾਲ ਭਾਰਤ ਆਸਟ੍ਰੇਲੀਆ ਤੋਂ ਬਾਅਦ ਦੁਨੀਆ ਦਾ ਦੂਜਾ ਦੇਸ਼ ਬਣੇਗਾ, ਜੋ ਇੱਕ ਤੋਂ ਵੱਧ ਵਾਰ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰੇਗਾ। ਇਹ ਸਿਰਫ਼ ਭਾਰਤੀ ਖੇਡਾਂ ਲਈ ਹੀ ਨਹੀਂ, ਸਗੋਂ ਦੇਸ਼ ਦੀ ਵਿਸ਼ਵ ਪੱਧਰੀ ਸਾਖ ਅਤੇ ਖੇਡ ਢਾਂਚੇ ਲਈ ਵੀ ਇੱਕ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ।