Hockey World Cup 2026: ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਰਲਡ ਕੱਪ ਦੇ ਪੂਲ-D ਦੇ ਦੂਜੇ ਮੁਕਾਬਲੇ ਵਿੱਚ ਇੰਗਲੈਂਡ ਹੱਥੋਂ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਪਹਿਲੇ ਹਾਫ ਵਿੱਚ ਸ਼ਾਨਦਾਰ ਖੇਡ ਦਿਖਾਉਂਦਿਆਂ 2-1 ਦੀ ਬੜ੍ਹਤ ਬਣਾਈ ਸੀ, ਪਰ ਦੂਜੇ ਹਾਫ ਵਿੱਚ ਇੰਗਲੈਂਡ ਨੇ ਲਗਾਤਾਰ ਤਿੰਨ ਗੋਲ ਕਰਕੇ ਪੂਰਾ ਮੈਚ ਪਲਟ ਦਿੱਤਾ।
ਮੁਕਾਬਲੇ ਦੀ ਸ਼ੁਰੂਆਤ ਵਿੱਚ ਭਾਰਤ ਨੇ ਗੇਂਦ ’ਤੇ ਚੰਗਾ ਕੰਟਰੋਲ ਬਣਾਈ ਰੱਖਿਆ, ਪਰ ਪਹਿਲਾ ਗੋਲ ਇੰਗਲੈਂਡ ਨੇ ਕੀਤਾ। ਨਿਕੋਲਸ ਬੈਂਡੁਰਾਕ ਨੇ 13ਵੇਂ ਮਿੰਟ ਵਿੱਚ ਗੋਲ ਕਰਕੇ ਇੰਗਲੈਂਡ ਨੂੰ 1-0 ਦੀ ਬੜ੍ਹਤ ਦਿਵਾਈ।ਇਸ ਤੋਂ ਬਾਅਦ ਭਾਰਤੀ ਟੀਮ ਨੇ ਜ਼ਬਰਦਸਤ ਵਾਪਸੀ ਕੀਤੀ। ਕਪਤਾਨ ਹਰਮਨਪ੍ਰੀਤ ਸਿੰਘ ਨੇ 16ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਸ਼ਾਨਦਾਰ ਡਰੈਗ-ਫਲਿਕ ਰਾਹੀਂ ਗੋਲ ਵਿੱਚ ਬਦਲ ਦਿੱਤਾ ਅਤੇ ਸਕੋਰ 1-1 ਕਰ ਦਿੱਤਾ।ਭਾਰਤ ਨੇ ਆਪਣਾ ਹਮਲਾ ਜਾਰੀ ਰੱਖਿਆ। ਹਾਰਦਿਕ ਸਿੰਘ ਅਤੇ ਅਭਿਸ਼ੇਕ ਨੇ ਖੱਬੇ ਪਾਸੇ ਤੋਂ ਸ਼ਾਨਦਾਰ ਮੂਵ ਬਣਾਇਆ। ਅਭਿਸ਼ੇਕ ਦੇ ਬਿਹਤਰੀਨ ਪਾਸ ’ਤੇ ਦਿਲਪ੍ਰੀਤ ਸਿੰਘ ਨੇ ਗੇਂਦ ਨੂੰ ਗੋਲ ਵਿੱਚ ਪਹੁੰਚਾ ਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। ਹਾਫ-ਟਾਈਮ ਤੱਕ ਭਾਰਤ ਮਜ਼ਬੂਤ ਸਥਿਤੀ ਵਿੱਚ ਸੀ।
ਤੀਜੇ ਕੁਆਰਟਰ ‘ਚ ਇੰਗਲੈਂਡ ਦੀ ਧਮਾਕੇਦਾਰ ਵਾਪਸੀ
ਹਾਫ-ਟਾਈਮ ਤੋਂ ਬਾਅਦ ਮੈਚ ਦਾ ਰੁਖ ਪੂਰੀ ਤਰ੍ਹਾਂ ਬਦਲ ਗਿਆ। ਤੀਜੇ ਕੁਆਰਟਰ ਵਿੱਚ ਇੰਗਲੈਂਡ ਨੇ ਭਾਰਤੀ ਡਿਫੈਂਸ ’ਤੇ ਲਗਾਤਾਰ ਦਬਾਅ ਬਣਾਇਆ।ਸਟੂਅਰਟ ਰਸ਼ਮੇਅਰ ਨੇ 38ਵੇਂ ਮਿੰਟ ਵਿੱਚ ਸ਼ਾਨਦਾਰ ਡਿਫਲੈਕਸ਼ਨ ਰਾਹੀਂ ਗੋਲ ਕਰਕੇ ਸਕੋਰ 2-2 ਕਰ ਦਿੱਤਾ। ਇਸ ਤੋਂ ਬਾਅਦ ਭਾਰਤੀ ਟੀਮ ’ਤੇ ਦਬਾਅ ਹੋਰ ਵਧ ਗਿਆ।
42ਵੇਂ ਮਿੰਟ ਵਿੱਚ ਹੈਨਰੀ ਕ੍ਰਾਫਟ ਨੇ ਗੋਲ ਕਰਕੇ ਇੰਗਲੈਂਡ ਨੂੰ 3-2 ਨਾਲ ਅੱਗੇ ਕਰ ਦਿੱਤਾ। ਭਾਰਤ ਨੇ ਬਰਾਬਰੀ ਲਈ ਕਈ ਕੋਸ਼ਿਸ਼ਾਂ ਕੀਤੀਆਂ, ਪਰ ਇੰਗਲੈਂਡ ਦੀ ਡਿਫੈਂਸ ਨੇ ਭਾਰਤੀ ਹਮਲਿਆਂ ਨੂੰ ਰੋਕੀ ਰੱਖਿਆ।ਮੁਕਾਬਲੇ ਦੇ 54ਵੇਂ ਮਿੰਟ ਵਿੱਚ ਨਿਕੋਲਸ ਬੈਂਡੁਰਾਕ ਨੇ ਆਪਣਾ ਦੂਜਾ ਗੋਲ ਕਰਕੇ ਇੰਗਲੈਂਡ ਦੀ ਬੜ੍ਹਤ 4-2 ਕਰ ਦਿੱਤੀ। ਇਸ ਤੋਂ ਬਾਅਦ ਭਾਰਤ ਕੋਲ ਵਾਪਸੀ ਲਈ ਕਾਫ਼ੀ ਘੱਟ ਸਮਾਂ ਬਚਿਆ ਅਤੇ ਅੰਤ ਵਿੱਚ ਇੰਗਲੈਂਡ ਨੇ ਮੈਚ 4-2 ਨਾਲ ਆਪਣੇ ਨਾਮ ਕਰ ਲਿਆ।
ਗੋਲ ਦੇ ਮੌਕੇ ਮਿਲੇ, ਪਰ ਫਾਇਦਾ ਨਹੀਂ ਚੁੱਕ ਸਕਿਆ ਭਾਰਤ
ਇਸ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਗੋਲ ਕਰਨ ਦੇ ਕਈ ਮੌਕੇ ਬਣਾਏ, ਪਰ ਉਨ੍ਹਾਂ ਨੂੰ ਗੋਲ ਵਿੱਚ ਬਦਲਣ ਵਿੱਚ ਨਾਕਾਮ ਰਹੀ। ਪਹਿਲੇ ਹਾਫ ਵਿੱਚ ਮਿਲੀ ਬੜ੍ਹਤ ਦੇ ਬਾਵਜੂਦ ਦੂਜੇ ਹਾਫ ਵਿੱਚ ਡਿਫੈਂਸ ’ਤੇ ਦਬਾਅ ਵਧਦਾ ਗਿਆ।ਇੰਗਲੈਂਡ ਨੇ ਮੌਕਿਆਂ ਦਾ ਬਿਹਤਰ ਇਸਤੇਮਾਲ ਕੀਤਾ ਅਤੇ ਮੈਚ ਦੇ ਅਹਿਮ ਪਲਾਂ ਵਿੱਚ ਗੋਲ ਕਰਕੇ ਭਾਰਤ ਤੋਂ ਜਿੱਤ ਖੋਹ ਲਈ।
ਹੁਣ ਪਾਕਿਸਤਾਨ ਨਾਲ ਹੋਵੇਗੀ ਵੱਡੀ ਟੱਕਰ
ਇੰਗਲੈਂਡ ਖ਼ਿਲਾਫ਼ ਹਾਰ ਤੋਂ ਬਾਅਦ ਭਾਰਤੀ ਟੀਮ ਲਈ ਅਗਲਾ ਮੁਕਾਬਲਾ ਬੇਹੱਦ ਮਹੱਤਵਪੂਰਨ ਹੋ ਗਿਆ ਹੈ। ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਵੇਲਜ਼ ਨੂੰ 3-1 ਨਾਲ ਹਰਾਇਆ ਸੀ।ਹੁਣ ਭਾਰਤ ਦਾ ਸਾਹਮਣਾ 19 ਅਗਸਤ ਨੂੰ ਪਾਕਿਸਤਾਨ ਨਾਲ ਹੋਵੇਗਾ। ਇੰਗਲੈਂਡ ਖ਼ਿਲਾਫ਼ ਹਾਰ ਤੋਂ ਬਾਅਦ ਭਾਰਤ ਲਈ ਇਹ ਮੁਕਾਬਲਾ ਵਰਲਡ ਕੱਪ ਦੇ ਅਗਲੇ ਪੜਾਅ ਵਿੱਚ ਪਹੁੰਚਣ ਦੀ ਦੌੜ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਪੂਲ-D ਵਿੱਚ ਭਾਰਤ, ਇੰਗਲੈਂਡ, ਪਾਕਿਸਤਾਨ ਅਤੇ ਵੇਲਜ਼ ਸ਼ਾਮਲ ਹਨ। ਹੁਣ ਸਾਰੀਆਂ ਨਜ਼ਰਾਂ 19 ਅਗਸਤ ਨੂੰ ਹੋਣ ਵਾਲੇ ਭਾਰਤ-ਪਾਕਿਸਤਾਨ ਮੁਕਾਬਲੇ ’ਤੇ ਟਿਕੀਆਂ ਹਨ, ਜਿੱਥੇ ਭਾਰਤੀ ਟੀਮ ਜਿੱਤ ਦੇ ਨਾਲ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ।
