ਚੰਡੀਗੜ੍ਹ: ਚੰਡੀਗੜ੍ਹ ਵਿੱਚ ਪੁਲਿਸ ਨੇ ਇੱਕ ਸ਼ੱਕੀ IED ਅਤੇ ਹਥਿਆਰ ਬਰਾਮਦ ਕਰਕੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਇਹ ਕਾਰਵਾਈ ਸੈਕਟਰ-43 ਸਥਿਤ ਅੰਤਰਰਾਜੀ ਬੱਸ ਟਰਮੀਨਸ ਦੇ ਪਿੱਛੇ ਇੱਕ ਇਲਾਕੇ ਵਿੱਚ ਕੀਤੀ ਗਈ। ਮਾਮਲੇ ਨੂੰ ਲੈ ਕੇ ਸੈਕਟਰ-36 ਥਾਣੇ ਵਿੱਚ FIR ਦਰਜ ਕੀਤੀ ਗਈ ਹੈ ਅਤੇ ਜਾਂਚ ਜਾਰੀ ਹੈ।
ਸੂਤਰਾਂ ਅਨੁਸਾਰ, ਪੁਲਿਸ ਨੂੰ ਇੱਕ ਟਿਫਿਨ ਬਾਕਸ ਵਿੱਚ ਸ਼ੱਕੀ ਵਿਸਫੋਟਕ ਸਮੱਗਰੀ ਮਿਲੀ। ਇਸ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ। ਪੁਲਿਸ ਦੇ ਮੁਤਾਬਕ ਬਰਾਮਦ ਕੀਤਾ ਗਿਆ IED ਕਿਰਿਆਸ਼ੀਲ ਨਹੀਂ ਸੀ, ਇਸ ਲਈ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।ਪੁਲਿਸ ਸੂਤਰਾਂ ਅਨੁਸਾਰ, ਕਾਰਵਾਈ ਦੌਰਾਨ 5 ਕਿਲੋਗ੍ਰਾਮ ਜੈਲੇਟਿਨ ਸਟਿਕਸ, ਡੈਟੋਨੇਟਰ, ਬਿਜਲੀ ਦੇ ਸਰੋਤ, ਤਾਰਾਂ, ਰਿਮੋਟ ਕੰਟਰੋਲ ਨਾਲ ਜੁੜੀ ਇਲੈਕਟ੍ਰਾਨਿਕ ਡਿਵਾਈਸ, ਇੱਕ ਪਿਸਤੌਲ ਅਤੇ 5 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਤਿੰਨ ਸ਼ੱਕੀ ਗ੍ਰਿਫ਼ਤਾਰ
ਪੁਲਿਸ ਨੇ ਇਸ ਮਾਮਲੇ ਵਿੱਚ ਪੰਜਾਬ ਨਾਲ ਸਬੰਧਤ ਦੱਸੇ ਜਾ ਰਹੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੀ ਪਛਾਣ ਲਵਪ੍ਰੀਤ ਸਿੰਘ (19), ਵਾਸੀ ਸਰਹਾਲੀ, ਤਰਨਤਾਰਨ; ਜਸਪ੍ਰੀਤ ਸਿੰਘ ਉਰਫ਼ ਜਸਨਦੀਪ (21), ਵਾਸੀ ਦਿਓਬਾ, ਤਰਨਤਾਰਨ; ਅਤੇ ਪ੍ਰਭਪ੍ਰੀਤ ਸਿੰਘ ਉਰਫ਼ ਪ੍ਰਭ (19), ਵਾਸੀ ਤਰਸਿੱਕਾ, ਅੰਮ੍ਰਿਤਸਰ ਵਜੋਂ ਹੋਈ ਹੈ।
ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਸ਼ੱਕੀ ਵਿਸਫੋਟਕ ਸਮੱਗਰੀ ਅਤੇ ਹਥਿਆਰ ਕਿੱਥੋਂ ਲਿਆਂਦੇ ਗਏ ਸਨ ਅਤੇ ਇਨ੍ਹਾਂ ਨੂੰ ਕਿੱਥੇ ਵਰਤਣ ਦੀ ਯੋਜਨਾ ਸੀ। ਇਸ ਦੇ ਨਾਲ ਹੀ ਪੁਲਿਸ ਕਥਿਤ ਨੈੱਟਵਰਕ ਅਤੇ ਇਸ ਪਿੱਛੇ ਮੌਜੂਦ ਲੋਕਾਂ ਬਾਰੇ ਵੀ ਜਾਣਕਾਰੀ ਇਕੱਠੀ ਕਰ ਰਹੀ ਹੈ।
ਅੱਜ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ ਮੁਲਜ਼ਮ
ਪੁਲਿਸ ਵੱਲੋਂ ਤਿੰਨਾਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਪੁੱਛਗਿੱਛ ਲਈ ਉਨ੍ਹਾਂ ਦਾ ਰਿਮਾਂਡ ਮੰਗ ਸਕਦੀ ਹੈ। ਰਿਮਾਂਡ ਦੌਰਾਨ ਜਾਂਚ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੀਆਂ ਕਿ ਇਸ ਪੂਰੇ ਮਾਮਲੇ ਦੇ ਪਿੱਛੇ ਕੌਣ ਹੈ ਅਤੇ ਸ਼ੱਕੀ IED ਨੂੰ ਕਿੱਥੇ ਵਰਤਣ ਦੀ ਕਥਿਤ ਯੋਜਨਾ ਸੀ।
ਪੁਲਿਸ ਨੇ ਲੋਕਾਂ ਨੂੰ ਦਿੱਤਾ ਭਰੋਸਾ
ਚੰਡੀਗੜ੍ਹ ਪੁਲਿਸ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਸ਼ੱਕੀ IED ਅਤੇ ਹੋਰ ਸਮੱਗਰੀ ਬਰਾਮਦ ਹੋਈ ਹੈ ਅਤੇ ਇਸ ਸਬੰਧੀ FIR ਦਰਜ ਕੀਤੀ ਗਈ ਹੈ। ਪੁਲਿਸ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਸ ਦੇ ਨਾਲ ਹੀ ਘਟਨਾ ਵਾਲੀ ਥਾਂ ਅਤੇ ਹੋਰ ਅਹਿਮ ਆਵਾਜਾਈ ਕੇਂਦਰਾਂ ’ਤੇ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ।ਫਿਲਹਾਲ ਜਾਂਚ ਜਾਰੀ ਹੈ ਅਤੇ ਪੁਲਿਸ ਵੱਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਬਰਾਮਦ ਕੀਤੀ ਸਮੱਗਰੀ ਦਾ ਅਸਲ ਮਕਸਦ ਕੀ ਸੀ ਅਤੇ ਇਸ ਮਾਮਲੇ ਦੇ ਪਿੱਛੇ ਕੋਈ ਵੱਡਾ ਨੈੱਟਵਰਕ ਤਾਂ ਨਹੀਂ।
