43ਵੇਂ ਸੁਰਜੀਤ ਹਾਕੀ ਟੂਰਨਾਮੈਂਟ ਦੀ ਹਾਕੀ ਰਿਲੀਜ਼ ਕਰਦੇ ਹੋਏ ਡਿਪਟੀ ਕਮਿਸ਼ਨਰ ਜਲੰਧਰ ਅਤੇ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵਰਜੀਤ ਸਿੰਘ ਵਾਲੀਆ, ਆਈ.ਏ.ਐਸ., CEO ਇਕਬਾਲ ਸਿੰਘ ਸੰਧੂ, ਵਰਕਿੰਗ ਪ੍ਰਧਾਨ ਐਲ.ਆਰ. ਨਈਅਰ ਸਮੇਤ ਸੁਸਾਇਟੀ ਦੇ ਅਹੁਦੇਦਾਰ।
ਜਲੰਧਰ: ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ-2026 ਦੇ ਮੱਦੇਨਜ਼ਰ ਵਿਸ਼ਵ ਪ੍ਰਸਿੱਧ 43ਵਾਂ ਸੁਰਜੀਤ ਹਾਕੀ ਟੂਰਨਾਮੈਂਟ ਇਸ ਵਾਰ ਅਕਤੂਬਰ ਦੀ ਬਜਾਏ ਨਵੰਬਰ ਮਹੀਨੇ ਦੇ ਦੂਜੇ ਹਫ਼ਤੇ ਵਿੱਚ ਕਰਵਾਇਆ ਜਾਵੇਗਾ। ਇਹ ਫ਼ੈਸਲਾ ਡਿਪਟੀ ਕਮਿਸ਼ਨਰ ਜਲੰਧਰ ਅਤੇ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵਰਜੀਤ ਸਿੰਘ ਵਾਲੀਆ, ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ ਕਾਰਜਕਾਰੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਲਿਆ ਗਿਆ।
ਸੁਰਜੀਤ ਹਾਕੀ ਸੁਸਾਇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਹਾਕੀ ਇੰਡੀਆ ਵੱਲੋਂ ਪਹਿਲਾਂ ਟੂਰਨਾਮੈਂਟ ਲਈ 3 ਤੋਂ 10 ਅਕਤੂਬਰ 2026 ਦੀਆਂ ਤਾਰੀਖਾਂ ਅਲਾਟ ਕੀਤੀਆਂ ਗਈਆਂ ਸਨ। ਹਾਲਾਂਕਿ, 25 ਅਕਤੂਬਰ ਤੋਂ ਸੁਰਜੀਤ ਹਾਕੀ ਸਟੇਡੀਅਮ ਵਿੱਚ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਕਰਵਾਈ ਜਾ ਰਹੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸੁਰਜੀਤ ਹਾਕੀ ਟੂਰਨਾਮੈਂਟ ਨੂੰ ਨਵੰਬਰ ਵਿੱਚ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ।ਟੂਰਨਾਮੈਂਟ ਆਪਣੀ ਪੁਰਾਣੀ ਪਰੰਪਰਾ ਅਨੁਸਾਰ ਸੁਰਜੀਤ ਹਾਕੀ ਸਟੇਡੀਅਮ, ਬਰਲਟਨ ਪਾਰਕ, ਜਲੰਧਰ ਵਿਖੇ ਹੀ ਕਰਵਾਇਆ ਜਾਵੇਗਾ।
ਜੇਤੂ ਟੀਮ ਨੂੰ ਮਿਲਣਗੇ ₹6 ਲੱਖ
ਇਸ ਵਾਰ ਟੂਰਨਾਮੈਂਟ ਦੀ ਇਨਾਮੀ ਰਾਸ਼ੀ ਵਿੱਚ ਵੀ ਵਾਧਾ ਕੀਤਾ ਗਿਆ ਹੈ। NRI ਅਮੋਲਕ ਸਿੰਘ ਗਾਖਲ, ਗਾਖਲ ਗਰੁੱਪ, USA ਵੱਲੋਂ ਪਿਛਲੇ ਦੋ ਦਹਾਕਿਆਂ ਤੋਂ ਜੇਤੂ ਟੀਮ ਲਈ ਨਕਦ ਇਨਾਮ ਸਪਾਂਸਰ ਕੀਤਾ ਜਾ ਰਿਹਾ ਹੈ। ਇਸ ਸਾਲ ਜੇਤੂ ਟੀਮ ਦੀ ਇਨਾਮੀ ਰਾਸ਼ੀ ₹5.50 ਲੱਖ ਤੋਂ ਵਧਾ ਕੇ ₹6 ਲੱਖ ਕਰ ਦਿੱਤੀ ਗਈ ਹੈ।ਇਸ ਦੇ ਨਾਲ ਹੀ ਹਾਕੀ ਪ੍ਰੇਮੀਆਂ ਲਈ ਲੋਕਪ੍ਰਿਯ ਯੋਜਨਾ “ਸੁਰਜੀਤ ਹਾਕੀ ਦੇਖੋ-ਆਲਟੋ ਕਾਰ ਜਿੱਤੋ” ਵੀ ਇਸ ਸਾਲ ਜਾਰੀ ਰਹੇਗੀ।
14 ਨਾਮਵਰ ਟੀਮਾਂ ਲੈਣਗੀਆਂ ਹਿੱਸਾ
ਵਰਕਿੰਗ ਪ੍ਰਧਾਨ ਐਲ.ਆਰ. ਨਈਅਰ ਅਨੁਸਾਰ ਦੇਸ਼ ਦੀਆਂ 14 ਨਾਮਵਰ ਹਾਕੀ ਟੀਮਾਂ ਟੂਰਨਾਮੈਂਟ ਵਿੱਚ ਹਿੱਸਾ ਲੈਣਗੀਆਂ। ਇਨ੍ਹਾਂ ਵਿੱਚ ਮੌਜੂਦਾ ਚੈਂਪੀਅਨ ਇੰਡੀਅਨ ਆਇਲ, ਮੁੰਬਈ ਅਤੇ ਰਨਰਅੱਪ ਭਾਰਤ ਪੈਟਰੋਲੀਅਮ, ਮੁੰਬਈ ਤੋਂ ਇਲਾਵਾ ਪੰਜਾਬ ਪੁਲਿਸ ਜਲੰਧਰ, ਇੰਡੀਅਨ ਰੇਲਵੇ, ਇੰਡੀਅਨ ਨੇਵੀ, ਆਰ.ਸੀ.ਐਫ. ਕਪੂਰਥਲਾ, ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਬੀ.ਐਸ.ਐਫ., ਇੰਡੀਅਨ ਆਰਮੀ, ਸੀ.ਆਰ.ਪੀ.ਐਫ., ਇੰਡੀਅਨ ਏਅਰ ਫੋਰਸ, ਕੈਗ ਅਤੇ ਓ.ਐਨ.ਜੀ.ਸੀ. ਦੀਆਂ ਟੀਮਾਂ ਸ਼ਾਮਲ ਹਨ।
1980 ਮਾਸਕੋ ਓਲੰਪਿਕ ਦੇ ਹਾਕੀ ਚੈਂਪੀਅਨਾਂ ਦਾ ਹੋਵੇਗਾ ਸਨਮਾਨ
ਇਸ ਸਾਲ ਟੂਰਨਾਮੈਂਟ ਦੇ ਫਾਈਨਲ ਮੈਚ ਨੂੰ ਹੋਰ ਵੀ ਖਾਸ ਬਣਾਉਣ ਦੀ ਤਿਆਰੀ ਹੈ। ਫਾਈਨਲ ਮੌਕੇ 1980 ਮਾਸਕੋ ਓਲੰਪਿਕ ਵਿੱਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਜੀਵਤ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਤੋਂ ਇਲਾਵਾ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਦੇ ਸਿੱਧੇ ਪ੍ਰਸਾਰਣ ਲਈ ਟੈਲੀਵਿਜ਼ਨ ਚੈਨਲਾਂ ਤੋਂ Expression of Interest (EOI) ਵੀ ਮੰਗੇ ਜਾਣਗੇ।
ਇੰਡੀਅਨ ਆਇਲ ਰਹੇਗਾ ਟਾਈਟਲ ਸਪਾਂਸਰ
ਪਿਛਲੇ 35 ਸਾਲਾਂ ਤੋਂ ਟੂਰਨਾਮੈਂਟ ਦੇ ਟਾਈਟਲ ਸਪਾਂਸਰ ਰਹੇ ਇੰਡੀਅਨ ਆਇਲ ਨੂੰ ਇਸ ਸਾਲ ਵੀ ਟਾਈਟਲ ਸਪਾਂਸਰ ਵਜੋਂ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਸੁਰਜੀਤ ਹਾਕੀ ਸੁਸਾਇਟੀ ਦਾ ਵਫ਼ਦ ਜਲਦ ਹੀ ਇੰਡੀਅਨ ਆਇਲ ਦੇ ਅਧਿਕਾਰੀਆਂ ਨਾਲ ਮੀਟਿੰਗ ਕਰੇਗਾ।ਇਸ ਮੌਕੇ ਰਾਮ ਪ੍ਰਤਾਪ, ਸੁਰਿੰਦਰ ਸਿੰਘ ਭਾਪਾ, ਨਰਿੰਦਰ ਪਾਲ ਸਿੰਘ ਜੱਜ ਅਤੇ ਕਰਨਦੀਪ ਸਿੰਘ ਸਮੇਤ ਸੁਸਾਇਟੀ ਦੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।
