Health Survey : ਪੰਜਾਬ ’ਚ ਨਸ਼ੇ ਦੇ ਨਾਲ ਹੁਣ ਮੋਟਾਪਾ ਅਤੇ ਲਾਈਫਸਟਾਈਲ ਨਾਲ ਜੁੜੀਆਂ ਬਿਮਾਰੀਆਂ ਵੀ ਵੱਡੀ ਚਿੰਤਾ ਬਣ ਰਹੀਆਂ ਹਨ। NFHS-6 (2023-24) ਦੇ ਅੰਕੜਿਆਂ ਨੇ ਸੂਬੇ ਦੀ ਸਿਹਤ ਨਾਲ ਜੁੜੀ ਇੱਕ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਰੱਖੀ ਹੈ।ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਦੇ ਨਾਲ ਹੁਣ ਮੋਟਾਪਾ, ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਵੀ ਸਿਹਤ ਲਈ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। 23 ਅਗਸਤ ਨੂੰ ਜਾਰੀ ਹੋਈ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ NFHS-6 (2023-24) ਦੀ ਰਿਪੋਰਟ ਵਿੱਚ ਪੰਜਾਬ ਦੇ 22 ਜ਼ਿਲ੍ਹਿਆਂ ਨਾਲ ਸਬੰਧਤ ਕਈ ਅਹਿਮ ਅੰਕੜੇ ਸਾਹਮਣੇ ਆਏ ਹਨ।
ਰਿਪੋਰਟ ਮੁਤਾਬਕ ਪੰਜਾਬ ਵਿੱਚ 15-49 ਸਾਲ ਦੀਆਂ 44.7% ਔਰਤਾਂ ਓਵਰਵੇਟ ਜਾਂ ਮੋਟਾਪੇ ਦੀ ਸ਼੍ਰੇਣੀ ਵਿੱਚ ਹਨ। NFHS-5 ਵਿੱਚ ਇਹ ਅੰਕੜਾ 40.8% ਸੀ। ਇਸੇ ਤਰ੍ਹਾਂ 15-49 ਸਾਲ ਦੇ 37.5% ਮਰਦ ਓਵਰਵੇਟ ਹਨ, ਜਦਕਿ ਪਿਛਲੇ ਸਰਵੇਖਣ ਵਿੱਚ ਇਹ ਅੰਕੜਾ 32.3% ਸੀ।
ਪਟਿਆਲਾ ’ਚ ਹਰ ਦੂਜੀ ਔਰਤ ਓਵਰਵੇਟ ਜਾਂ ਮੋਟਾਪੇ ਦੀ ਸ਼੍ਰੇਣੀ ’ਚ
ਜ਼ਿਲ੍ਹਾ ਪੱਧਰ ’ਤੇ ਔਰਤਾਂ ਦੇ ਓਵਰਵੇਟ ਜਾਂ ਮੋਟਾਪੇ ਦਾ ਸਭ ਤੋਂ ਵੱਧ ਅੰਕੜਾ ਪਟਿਆਲਾ ਵਿੱਚ 50.2% ਦਰਜ ਕੀਤਾ ਗਿਆ ਹੈ। NFHS-5 ਵਿੱਚ ਇਹ ਦਰ 40.7% ਸੀ।ਇਸ ਤੋਂ ਬਾਅਦ ਹੁਸ਼ਿਆਰਪੁਰ 50%, ਫਤਿਹਗੜ੍ਹ ਸਾਹਿਬ 49.5%, ਸ਼ਹੀਦ ਭਗਤ ਸਿੰਘ ਨਗਰ 47.8%, ਰੂਪਨਗਰ 47% ਅਤੇ ਲੁਧਿਆਣਾ 47.7% ’ਤੇ ਹਨ।ਹੋਰ ਜ਼ਿਲ੍ਹਿਆਂ ਵਿੱਚ ਬਠਿੰਡਾ ਵਿੱਚ 39%, ਫਾਜ਼ਿਲਕਾ ਵਿੱਚ 35.8% ਅਤੇ ਮਾਨਸਾ ਵਿੱਚ 35.1% ਔਰਤਾਂ ਓਵਰਵੇਟ ਜਾਂ ਮੋਟਾਪੇ ਦੀ ਸ਼੍ਰੇਣੀ ਵਿੱਚ ਦਰਜ ਕੀਤੀਆਂ ਗਈਆਂ ਹਨ।
ਤੰਬਾਕੂ ਦੇ ਮਾਮਲੇ ’ਚ ਮਰਦ ਔਰਤਾਂ ਤੋਂ ਕਾਫ਼ੀ ਅੱਗੇ
ਪੰਜਾਬ ਵਿੱਚ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ 13.9% ਮਰਦ ਤੰਬਾਕੂ ਦੀ ਵਰਤੋਂ ਕਰਦੇ ਹਨ। NFHS-5 ਵਿੱਚ ਇਹ ਅੰਕੜਾ 12.8% ਸੀ। ਔਰਤਾਂ ਵਿੱਚ ਤੰਬਾਕੂ ਦੀ ਵਰਤੋਂ 0.5% ਦਰਜ ਕੀਤੀ ਗਈ ਹੈ।ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਮਰਦਾਂ ਵਿੱਚ ਪਠਾਨਕੋਟ 20% ਨਾਲ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਮੋਹਾਲੀ 18.4%, ਫਾਜ਼ਿਲਕਾ 18% ਅਤੇ ਹੁਸ਼ਿਆਰਪੁਰ 17% ਹਨ।ਔਰਤਾਂ ਵਿੱਚ ਤੰਬਾਕੂ ਦੀ ਵਰਤੋਂ ਦਾ ਸਭ ਤੋਂ ਵੱਧ ਅੰਕੜਾ ਮੋਗਾ ਵਿੱਚ 1% ਹੈ। ਇਸ ਤੋਂ ਬਾਅਦ ਫਰੀਦਕੋਟ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਵਿੱਚ 0.9% ਔਰਤਾਂ ਤੰਬਾਕੂ ਦੀ ਵਰਤੋਂ ਕਰਦੀਆਂ ਹਨ।
ਪੰਜਾਬ ’ਚ ਹਰ ਪੰਜਵਾਂ ਮਰਦ ਕਰਦਾ ਹੈ ਸ਼ਰਾਬ ਦੀ ਵਰਤੋਂ
ਸ਼ਰਾਬ ਦੀ ਗੱਲ ਕਰੀਏ ਤਾਂ NFHS-6 ਮੁਤਾਬਕ ਪੰਜਾਬ ਵਿੱਚ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ 22.9% ਮਰਦ ਸ਼ਰਾਬ ਦਾ ਸੇਵਨ ਕਰਦੇ ਹਨ। NFHS-5 ਵਿੱਚ ਇਹ ਅੰਕੜਾ 22.8% ਸੀ। ਔਰਤਾਂ ਵਿੱਚ ਸ਼ਰਾਬ ਦੀ ਵਰਤੋਂ 0.3% ਦਰਜ ਕੀਤੀ ਗਈ ਹੈ।ਜ਼ਿਲ੍ਹਾ ਪੱਧਰ ’ਤੇ ਮਰਦਾਂ ਵਿੱਚ ਫਰੀਦਕੋਟ 28.1% ਨਾਲ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਪਠਾਨਕੋਟ 26.9%, ਫਤਿਹਗੜ੍ਹ ਸਾਹਿਬ 26.3%, ਕਪੂਰਥਲਾ ਅਤੇ ਰੂਪਨਗਰ 25.5% ਅਤੇ ਮਾਨਸਾ 24.8% ਹਨ।ਔਰਤਾਂ ਵਿੱਚ ਸ਼ਰਾਬ ਦੀ ਵਰਤੋਂ ਦਾ ਸਭ ਤੋਂ ਵੱਧ ਅੰਕੜਾ ਰੂਪਨਗਰ ਵਿੱਚ 0.9% ਹੈ। ਇਸ ਤੋਂ ਬਾਅਦ ਮੁਕਤਸਰ 0.6%, ਜਦਕਿ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ 0.4% ਦਰਜ ਕੀਤਾ ਗਿਆ ਹੈ।
ਬਲੱਡ ਸ਼ੂਗਰ ਵੀ ਬਣੀ ਚਿੰਤਾ
NFHS-6 ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ 15 ਸਾਲ ਤੋਂ ਵੱਧ ਉਮਰ ਦੀਆਂ 21.3% ਔਰਤਾਂ ਅਤੇ 22.3% ਮਰਦਾਂ ਦਾ ਬਲੱਡ ਸ਼ੂਗਰ ਪੱਧਰ 140 mg/dl ਤੋਂ ਵੱਧ ਪਾਇਆ ਗਿਆ ਜਾਂ ਉਹ ਸ਼ੂਗਰ ਦੀ ਦਵਾਈ ਲੈ ਰਹੇ ਸਨ।ਜ਼ਿਲ੍ਹਾ ਪੱਧਰ ’ਤੇ ਅੰਮ੍ਰਿਤਸਰ ਵਿੱਚ ਔਰਤਾਂ ਦਾ ਅੰਕੜਾ 27.8% ਅਤੇ ਮਰਦਾਂ ਦਾ 27.8% ਦਰਜ ਕੀਤਾ ਗਿਆ। ਕਪੂਰਥਲਾ ਵਿੱਚ ਇਹ ਕ੍ਰਮਵਾਰ 26% ਅਤੇ 26.6% ਰਿਹਾ, ਜਦਕਿ ਗੁਰਦਾਸਪੁਰ ਵਿੱਚ ਔਰਤਾਂ ਦਾ 22.9% ਅਤੇ ਮਰਦਾਂ ਦਾ 25.7% ਅੰਕੜਾ ਦਰਜ ਕੀਤਾ ਗਿਆ।
ਹਾਈ ਬਲੱਡ ਪ੍ਰੈਸ਼ਰ ਦੇ ਮਾਮਲੇ ’ਚ ਵੀ ਚਿੰਤਾਜਨਕ ਅੰਕੜੇ
ਪੰਜਾਬ ਵਿੱਚ 24.5% ਔਰਤਾਂ ਅਤੇ 26.3% ਮਰਦ ਹਾਈ ਬਲੱਡ ਪ੍ਰੈਸ਼ਰ ਦੀ ਸ਼੍ਰੇਣੀ ਵਿੱਚ ਦਰਜ ਕੀਤੇ ਗਏ ਹਨ।ਜ਼ਿਲ੍ਹਿਆਂ ਵਿੱਚ ਪਟਿਆਲਾ ਵਿੱਚ ਔਰਤਾਂ ਦਾ ਅੰਕੜਾ 32.8% ਅਤੇ ਮਰਦਾਂ ਦਾ 36.4% ਹੈ। ਸੰਗਰੂਰ ਵਿੱਚ ਇਹ ਦਰ ਕ੍ਰਮਵਾਰ 31.5% ਅਤੇ 34.6%, ਫਤਿਹਗੜ੍ਹ ਸਾਹਿਬ ਵਿੱਚ 28.7% ਅਤੇ 33.3%, ਜਦਕਿ ਲੁਧਿਆਣਾ ਵਿੱਚ 26.8% ਅਤੇ 31.4% ਦਰਜ ਕੀਤੀ ਗਈ।ਅੰਮ੍ਰਿਤਸਰ ਵਿੱਚ 18.7% ਔਰਤਾਂ ਅਤੇ 20% ਮਰਦ ਇਸ ਸ਼੍ਰੇਣੀ ਵਿੱਚ ਦਰਜ ਹੋਏ।
NFHS-6 ਤਹਿਤ ਪੰਜਾਬ ਦੇ 22 ਜ਼ਿਲ੍ਹਿਆਂ ਦੇ 19,616 ਘਰਾਂ ਦਾ ਸਰਵੇ ਕੀਤਾ ਗਿਆ। ਇਸ ਦੌਰਾਨ 20,135 ਔਰਤਾਂ ਅਤੇ 3,160 ਮਰਦਾਂ ਨਾਲ ਸਬੰਧਤ ਅੰਕੜੇ ਇਕੱਠੇ ਕੀਤੇ ਗਏ।ਇੱਥੇ ਇਹ ਵੀ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ NFHS-6 ਵਿੱਚ ‘ਨਸ਼ੇ’ ਨਾਲ ਸਬੰਧਤ ਦਿੱਤੇ ਗਏ ਅੰਕੜਿਆਂ ਵਿੱਚ ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਦੇ ਅੰਕੜੇ ਸ਼ਾਮਲ ਹਨ। ਚਿੱਟਾ, ਹੈਰੋਇਨ ਜਾਂ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਜਾਂ ਲਤ ਦਾ ਵੱਖਰਾ ਜ਼ਿਲ੍ਹਾ-ਪੱਧਰੀ ਅੰਕੜਾ ਇਸ ਰਿਪੋਰਟ ਵਿੱਚ ਨਹੀਂ ਦਿੱਤਾ ਗਿਆ।
ਪੰਜਾਬ ਲਈ ਵੱਡਾ ਸਿਹਤ ਸੰਕੇਤ
NFHS-6 ਦੇ ਇਹ ਅੰਕੜੇ ਸਿਰਫ਼ ਨਸ਼ੇ ਦੀ ਸਮੱਸਿਆ ਵੱਲ ਹੀ ਇਸ਼ਾਰਾ ਨਹੀਂ ਕਰਦੇ, ਸਗੋਂ ਮੋਟਾਪਾ, ਬਲੱਡ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਵੱਲ ਵੀ ਧਿਆਨ ਖਿੱਚਦੇ ਹਨ। ਖਾਸ ਤੌਰ ’ਤੇ ਪਟਿਆਲਾ ਵਿੱਚ ਔਰਤਾਂ ਦੇ ਓਵਰਵੇਟ ਹੋਣ ਦਾ ਅੰਕੜਾ 50% ਤੋਂ ਪਾਰ ਹੋਣਾ ਸਿਹਤ ਲਈ ਗੰਭੀਰ ਸੰਕੇਤ ਮੰਨਿਆ ਜਾ ਸਕਦਾ ਹੈ।
