ਚੰਡੀਗੜ੍ਹ: ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਲਈ ਅੱਜ ਤੋਂ ਰੋਮਾਂਚ ਦਾ ਨਵਾਂ ਅਧਿਆਏ ਸ਼ੁਰੂ ਹੋਣ ਜਾ ਰਿਹਾ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਵੱਲੋਂ ਕਰਵਾਈ ਜਾ ਰਹੀ ਸ਼ੇਰ-ਏ-ਪੰਜਾਬ T20 ਲੀਗ ਦਾ ਆਗਾਜ਼ 30 ਅਗਸਤ ਤੋਂ ਹੋ ਰਿਹਾ ਹੈ। ਲੀਗ ਦਾ ਪਹਿਲਾ ਮੁਕਾਬਲਾ ਅੰਮ੍ਰਿਤਸਰ ਸੂਰਮਾਜ਼ ਅਤੇ ਮੁਹਾਲੀ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ।
ਇਸ ਟੂਰਨਾਮੈਂਟ ਵਿੱਚ ਪੰਜਾਬ ਦੀਆਂ ਛੇ ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ 13 ਸਤੰਬਰ ਤੱਕ ਕੁੱਲ 27 ਮੁਕਾਬਲੇ ਖੇਡੇ ਜਾਣਗੇ। ਖਾਸ ਗੱਲ ਇਹ ਹੈ ਕਿ ਇਸ ਲੀਗ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਈ ਮਸ਼ਹੂਰ ਅਤੇ ਨੌਜਵਾਨ ਸਿਤਾਰੇ ਵੀ ਆਪਣਾ ਜਲਵਾ ਦਿਖਾਉਣਗੇ।
ਪਹਿਲੀ ਵਾਰ ਫਰੈਂਚਾਈਜ਼ੀ ਆਧਾਰ ‘ਤੇ ਹੋਈ ਖਿਡਾਰੀਆਂ ਦੀ ਨਿਲਾਮੀ
ਸ਼ੇਰ-ਏ-ਪੰਜਾਬ T20 ਲੀਗ ਨੂੰ ਇਸ ਵਾਰ ਨਵੇਂ ਅੰਦਾਜ਼ ਵਿੱਚ ਕਰਵਾਇਆ ਜਾ ਰਿਹਾ ਹੈ। ਪਹਿਲੀ ਵਾਰ ਫਰੈਂਚਾਈਜ਼ੀ ਆਧਾਰ ‘ਤੇ ਖਿਡਾਰੀਆਂ ਦੀ ਨਿਲਾਮੀ ਕਰਕੇ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਨਿਲਾਮੀ ਵਿੱਚ ਕਰੀਬ 450 ਖਿਡਾਰੀਆਂ ਨੇ ਹਿੱਸਾ ਲਿਆ, ਜਿਸ ਤੋਂ ਬਾਅਦ ਛੇ ਟੀਮਾਂ ਨੂੰ ਤਿਆਰ ਕੀਤਾ ਗਿਆ।ਲੀਗ ਵਿੱਚ ਪੰਜਾਬ ਅਤੇ ਭਾਰਤੀ ਕ੍ਰਿਕਟ ਦੇ ਕਈ ਵੱਡੇ ਨਾਂ ਮੈਦਾਨ ਵਿੱਚ ਨਜ਼ਰ ਆਉਣਗੇ, ਜਿਸ ਕਾਰਨ ਕ੍ਰਿਕਟ ਪ੍ਰੇਮੀਆਂ ਵਿੱਚ ਇਸ ਟੂਰਨਾਮੈਂਟ ਨੂੰ ਲੈ ਕੇ ਕਾਫੀ ਉਤਸ਼ਾਹ ਹੈ।
ਇਨ੍ਹਾਂ ਟੀਮਾਂ ਲਈ ਖੇਡਣਗੇ ਸਟਾਰ ਖਿਡਾਰੀ
ਲੀਗ ਵਿੱਚ ਕਈ ਮਸ਼ਹੂਰ ਖਿਡਾਰੀ ਵੱਖ-ਵੱਖ ਟੀਮਾਂ ਦੀ ਨੁਮਾਇੰਦਗੀ ਕਰਨਗੇ—
- ਸ਼ੁਭਮਨ ਗਿੱਲ – ਫਾਜ਼ਿਲਕਾ ਫਾਲਕਨਜ਼
- ਅਭਿਸ਼ੇਕ ਸ਼ਰਮਾ – ਅੰਮ੍ਰਿਤਸਰ ਸੂਰਮਾਜ਼
- ਅਰਸ਼ਦੀਪ ਸਿੰਘ – ਲੁਧਿਆਣਾ ਲਾਇਨਜ਼
- ਪ੍ਰਭਸਿਮਰਨ ਸਿੰਘ – ਜਲੰਧਰ ਵਾਰੀਅਰਜ਼
- ਰਾਮਨਦੀਪ ਸਿੰਘ – ਮੁਹਾਲੀ ਕਿੰਗਜ਼
- ਗੁਰਨੂਰ ਬਰਾੜ – ਬਠਿੰਡਾ ਰੋਇਲਜ਼
ਇਨ੍ਹਾਂ ਸਟਾਰ ਖਿਡਾਰੀਆਂ ਦੀ ਮੌਜੂਦਗੀ ਨਾਲ ਲੀਗ ਦੇ ਮੁਕਾਬਲੇ ਹੋਰ ਵੀ ਦਿਲਚਸਪ ਹੋਣ ਦੀ ਉਮੀਦ ਹੈ।
ਦੋ ਵੱਡੇ ਸਟੇਡੀਅਮਾਂ ‘ਚ ਹੋਣਗੇ ਮੁਕਾਬਲੇ
ਸ਼ੇਰ-ਏ-ਪੰਜਾਬ T20 ਲੀਗ ਦੇ ਮੈਚ ਪੀਸੀਏ ਦੇ ਮੋਹਾਲੀ ਸਥਿਤ ਆਈ.ਐਸ. ਬਿੰਦਰਾ ਸਟੇਡੀਅਮ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਮੁੱਲਾਂਪੁਰ ਵਿੱਚ ਖੇਡੇ ਜਾਣਗੇ।ਲੀਗ ਦੌਰਾਨ ਰੋਜ਼ਾਨਾ ਦੋ ਮੈਚ ਹੋਣਗੇ, ਜਿਸ ਕਾਰਨ ਕ੍ਰਿਕਟ ਪ੍ਰੇਮੀਆਂ ਨੂੰ ਦੁਪਹਿਰ ਤੋਂ ਸ਼ਾਮ ਤੱਕ ਲਗਾਤਾਰ T20 ਕ੍ਰਿਕਟ ਦਾ ਰੋਮਾਂਚ ਦੇਖਣ ਨੂੰ ਮਿਲੇਗਾ।
ਨੌਜਵਾਨ ਖਿਡਾਰੀਆਂ ਲਈ ਵੱਡਾ ਮੌਕਾ
ਇਹ ਲੀਗ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ, ਸਗੋਂ ਪੰਜਾਬ ਦੇ ਨੌਜਵਾਨ ਕ੍ਰਿਕਟਰਾਂ ਲਈ ਵੀ ਇੱਕ ਵੱਡਾ ਮੰਚ ਸਾਬਤ ਹੋ ਸਕਦੀ ਹੈ। ਨਵੇਂ ਖਿਡਾਰੀਆਂ ਨੂੰ ਤਜਰਬੇਕਾਰ ਅਤੇ ਭਾਰਤੀ ਟੀਮ ਦੇ ਖਿਡਾਰੀਆਂ ਨਾਲ ਡ੍ਰੈਸਿੰਗ ਰੂਮ ਸਾਂਝਾ ਕਰਨ ਅਤੇ ਮੈਦਾਨ ਵਿੱਚ ਖੇਡਣ ਦਾ ਮੌਕਾ ਮਿਲੇਗਾ।
ਮੈਚ ਦੇਖਣ ਲਈ ਨਹੀਂ ਲੱਗੇਗੀ ਟਿਕਟ
ਟੂਰਨਾਮੈਂਟ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਦਰਸ਼ਕਾਂ ਨੂੰ ਮੈਚ ਦੇਖਣ ਲਈ ਕੋਈ ਟਿਕਟ ਨਹੀਂ ਖਰੀਦਣੀ ਪਵੇਗੀ। ਕ੍ਰਿਕਟ ਪ੍ਰੇਮੀ ਮੁਫ਼ਤ ਵਿੱਚ ਸਟੇਡੀਅਮ ਪਹੁੰਚ ਕੇ ਪੰਜਾਬ ਦੇ ਸਟਾਰ ਖਿਡਾਰੀਆਂ ਅਤੇ ਨੌਜਵਾਨ ਟੈਲੇਂਟ ਦਾ ਰੋਮਾਂਚਕ ਮੁਕਾਬਲਾ ਦੇਖ ਸਕਣਗੇ।ਸ਼ੇਰ-ਏ-ਪੰਜਾਬ T20 ਲੀਗ ਦਾ ਪਹਿਲਾ ਮੁਕਾਬਲਾ ਅੰਮ੍ਰਿਤਸਰ ਸੂਰਮਾਜ਼ ਅਤੇ ਮੁਹਾਲੀ ਕਿੰਗਜ਼ ਵਿਚਾਲੇ ਹੋਣ ਨਾਲ ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਹੁਣ ਇਸ ਰੋਮਾਂਚਕ ਟੂਰਨਾਮੈਂਟ ‘ਤੇ ਟਿਕੀਆਂ ਹੋਈਆਂ ਹਨ।
