Punjab Politics News: ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਸੂਬੇ ਦੀ ਸਿਆਸਤ ਵਿੱਚ ਵੱਡਾ ਸਿਆਸੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਮੁੜ ਗਠਜੋੜ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਇੱਕ ਮੀਡੀਆ ਰਿਪੋਰਟ ਮੁਤਾਬਕ ਦੋਵਾਂ ਪਾਰਟੀਆਂ ਵਿਚਾਲੇ ਸੀਟ ਸ਼ੇਅਰਿੰਗ ਤੋਂ ਲੈ ਕੇ ਮੁੱਖ ਮੰਤਰੀ ਦੇ ਚਿਹਰੇ ਤੱਕ ਕਈ ਅਹਿਮ ਮੁੱਦਿਆਂ ‘ਤੇ ਸਹਿਮਤੀ ਬਣਨ ਦੀ ਗੱਲ ਸਾਹਮਣੇ ਆਈ ਹੈ।
ਰਿਪੋਰਟ ਅਨੁਸਾਰ, 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਗਠਜੋੜ ਅੰਦਰ ਵੱਡੇ ਭਰਾ ਦੀ ਭੂਮਿਕਾ ਵਿੱਚ ਰਹਿ ਸਕਦੀ ਹੈ ਅਤੇ ਅਕਾਲੀ ਦਲ ਨਾਲੋਂ ਵੱਧ ਸੀਟਾਂ ‘ਤੇ ਚੋਣ ਲੜ ਸਕਦੀ ਹੈ। ਹਾਲਾਂਕਿ ਦੋਵਾਂ ਪਾਰਟੀਆਂ ਵੱਲੋਂ ਅਜੇ ਤੱਕ ਗਠਜੋੜ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
60:57 ਸੀਟਾਂ ਦੇ ਫਾਰਮੂਲੇ ‘ਤੇ ਚਰਚਾ
ਪੰਜਾਬ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਸੀਟ ਸ਼ੇਅਰਿੰਗ ਦਾ ਇੱਕ ਫਾਰਮੂਲਾ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਕ, 60:57 ਸੀਟਾਂ ਦੀ ਵੰਡ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਸਹਿਮਤੀ ਬਣਨ ਦੀ ਸੰਭਾਵਨਾ ਹੈ।ਇਸ ਫਾਰਮੂਲੇ ਅਨੁਸਾਰ ਭਾਜਪਾ ਨੂੰ ਅਕਾਲੀ ਦਲ ਨਾਲੋਂ ਕੁਝ ਵੱਧ ਸੀਟਾਂ ਮਿਲ ਸਕਦੀਆਂ ਹਨ। ਸੀਟਾਂ ਦੀ ਵੰਡ ਲਈ ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਮੁੱਖ ਆਧਾਰ ਬਣਾਇਆ ਹੈ।
2024 ਲੋਕ ਸਭਾ ਚੋਣਾਂ ਦੇ ਅੰਕੜਿਆਂ ‘ਤੇ ਬਣਿਆ ਫਾਰਮੂਲਾ
ਭਾਜਪਾ ਸੂਤਰਾਂ ਮੁਤਾਬਕ, ਪਾਰਟੀ ਨੇ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਤੇ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ।ਦਾਅਵਾ ਕੀਤਾ ਗਿਆ ਕਿ ਭਾਜਪਾ 23 ਵਿਧਾਨ ਸਭਾ ਖੇਤਰਾਂ ਵਿੱਚ ਪਹਿਲੇ ਸਥਾਨ ‘ਤੇ ਰਹੀ, ਜਦਕਿ 7 ਸੀਟਾਂ ‘ਤੇ ਦੂਜੇ ਅਤੇ 28 ਸੀਟਾਂ ‘ਤੇ ਤੀਜੇ ਸਥਾਨ ‘ਤੇ ਸੀ। ਇਸ ਤਰ੍ਹਾਂ ਕਰੀਬ 58 ਸੀਟਾਂ ‘ਤੇ ਭਾਜਪਾ ਨੇ ਆਪਣੀ ਸਿਆਸੀ ਸਥਿਤੀ ਨੂੰ ਮਜ਼ਬੂਤ ਦੱਸਦੇ ਹੋਏ ਵੱਧ ਸੀਟਾਂ ‘ਤੇ ਦਾਅਵਾ ਜਤਾਇਆ ਹੈ।ਇਸ ਤੋਂ ਇਲਾਵਾ ਕੁਝ ਹੋਰ ਸੀਟਾਂ ‘ਤੇ ਵੀ ਭਾਜਪਾ ਵੱਲੋਂ ਦਾਅਵਾ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ, ਜਿੱਥੇ ਪਾਰਟੀ ਕੋਲ ਮਜ਼ਬੂਤ ਸਥਾਨਕ ਚਿਹਰੇ ਮੌਜੂਦ ਹਨ।
ਪਹਿਲਾਂ ਅੱਧੀਆਂ-ਅੱਧੀਆਂ ਸੀਟਾਂ ਦੀ ਚਰਚਾ ਸੀ
ਰਿਪੋਰਟ ਮੁਤਾਬਕ, ਗਠਜੋੜ ਦੀ ਗੱਲਬਾਤ ਦੇ ਸ਼ੁਰੂਆਤੀ ਦੌਰ ਵਿੱਚ ਦੋਵਾਂ ਪਾਰਟੀਆਂ ਵੱਲੋਂ 117 ਵਿੱਚੋਂ ਲਗਭਗ ਬਰਾਬਰ-ਬਰਾਬਰ ਸੀਟਾਂ ‘ਤੇ ਚੋਣ ਲੜਨ ਦੀ ਚਰਚਾ ਹੋਈ ਸੀ।ਬਾਅਦ ਵਿੱਚ ਭਾਜਪਾ ਨੇ 70 ਤੋਂ ਵੱਧ ਸੀਟਾਂ ‘ਤੇ ਚੋਣ ਲੜਨ ਦੀ ਇੱਛਾ ਜਤਾਈ। ਇਸ ਨੂੰ ਲੈ ਕੇ ਅਕਾਲੀ ਦਲ ਨੇ ਆਪਣੀ ਸਥਿਤੀ ਮਜ਼ਬੂਤੀ ਨਾਲ ਰੱਖੀ ਅਤੇ ਕਰੀਬ 50 ਫੀਸਦੀ ਸੀਟਾਂ ਦੇ ਆਸ-ਪਾਸ ਹਿੱਸੇਦਾਰੀ ਦੀ ਮੰਗ ਕੀਤੀ।ਲੰਬੀ ਗੱਲਬਾਤ ਤੋਂ ਬਾਅਦ ਹੁਣ 60:57 ਦਾ ਫਾਰਮੂਲਾ ਇੱਕ ਸੰਭਾਵਿਤ ਸਮਝੌਤੇ ਵਜੋਂ ਸਾਹਮਣੇ ਆ ਰਿਹਾ ਹੈ।
ਸੁਖਬੀਰ ਬਾਦਲ ਨਾਲ ਹੋਈਆਂ ਅਹਿਮ ਮੀਟਿੰਗਾਂ
ਗਠਜੋੜ ਨੂੰ ਲੈ ਕੇ ਕਈ ਪੱਧਰਾਂ ‘ਤੇ ਮੀਟਿੰਗਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਸੀ।ਇਸ ਤੋਂ ਬਾਅਦ ਭਾਜਪਾ ਦੇ ਪੰਜਾਬ ਚੋਣ ਇੰਚਾਰਜ ਅਤੇ ਕੇਂਦਰੀ ਮੰਤਰੀ ਸੀ.ਆਰ. ਪਾਟਿਲ ਦੀ ਵੀ ਸੁਖਬੀਰ ਬਾਦਲ ਨਾਲ ਮੀਟਿੰਗ ਹੋਣ ਦੀ ਗੱਲ ਕਹੀ ਗਈ।ਇਨ੍ਹਾਂ ਮੀਟਿੰਗਾਂ ਦੌਰਾਨ ਸੀਟ ਸ਼ੇਅਰਿੰਗ ਅਤੇ 2027 ਦੀਆਂ ਚੋਣਾਂ ਲਈ ਸਾਂਝੀ ਰਣਨੀਤੀ ‘ਤੇ ਚਰਚਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਜੇ ਇਕੱਠੇ ਲੜਦੇ ਤਾਂ ਵੋਟ ਫੀਸਦੀ ਹੁੰਦੀ ਮਜ਼ਬੂਤ!
ਭਾਜਪਾ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਦਿਆਂ ਇਹ ਵੀ ਅੰਦਾਜ਼ਾ ਲਗਾਇਆ ਗਿਆ ਕਿ ਜੇਕਰ ਉਸ ਸਮੇਂ ਅਕਾਲੀ ਦਲ ਅਤੇ ਭਾਜਪਾ ਇਕੱਠੇ ਚੋਣ ਲੜਦੇ ਤਾਂ ਉਨ੍ਹਾਂ ਦਾ ਸਾਂਝਾ ਵੋਟ ਪ੍ਰਤੀਸ਼ਤ ਕਰੀਬ 31.98 ਫੀਸਦੀ ਹੋ ਸਕਦਾ ਸੀ।ਰਿਪੋਰਟ ਮੁਤਾਬਕ, ਇਹ ਅੰਕੜਾ ਪੰਜਾਬ ਦੀ ਸਿਆਸਤ ਵਿੱਚ ਇੱਕ ਮਜ਼ਬੂਤ ਗਠਜੋੜ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ। ਦੋਵਾਂ ਪਾਰਟੀਆਂ ਦੇ ਵੋਟ ਇਕੱਠੇ ਹੋਣ ਨਾਲ ਕਈ ਵਿਧਾਨ ਸਭਾ ਸੀਟਾਂ ‘ਤੇ ਮੁਕਾਬਲਾ ਹੋਰ ਦਿਲਚਸਪ ਬਣ ਸਕਦਾ ਹੈ।
CM ਚਿਹਰੇ ਨੂੰ ਲੈ ਕੇ ਕੀ ਹੈ ਫਾਰਮੂਲਾ?
ਗਠਜੋੜ ਨੂੰ ਲੈ ਕੇ ਸਭ ਤੋਂ ਵੱਡਾ ਸਵਾਲ ਮੁੱਖ ਮੰਤਰੀ ਦੇ ਚਿਹਰੇ ਦਾ ਹੈ। ਮੀਡੀਆ ਰਿਪੋਰਟ ਮੁਤਾਬਕ, ਇਸ ਮੁੱਦੇ ‘ਤੇ ਵੀ ਦੋਵਾਂ ਪਾਰਟੀਆਂ ਵਿਚਾਲੇ ਇੱਕ ਸਮਝ ਬਣਨ ਦੀ ਗੱਲ ਸਾਹਮਣੇ ਆਈ ਹੈ।ਚਰਚਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗਠਜੋੜ ਕਿਸੇ ਇੱਕ ਨੇਤਾ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਨਹੀਂ ਕਰੇਗਾ। ਚੋਣ ਨਤੀਜੇ ਆਉਣ ਤੋਂ ਬਾਅਦ ਵਿਧਾਇਕਾਂ ਦੀ ਗਿਣਤੀ ਅਤੇ ਸਿਆਸੀ ਸਥਿਤੀ ਦੇ ਆਧਾਰ ‘ਤੇ ਮੁੱਖ ਮੰਤਰੀ ਨੂੰ ਲੈ ਕੇ ਫੈਸਲਾ ਕੀਤਾ ਜਾ ਸਕਦਾ ਹੈ।
PM ਮੋਦੀ ਦੀ ਵੀ ਗਠਜੋੜ ‘ਤੇ ਨਜ਼ਰ?
ਰਿਪੋਰਟ ਮੁਤਾਬਕ, ਅਕਾਲੀ ਦਲ ਅਤੇ ਭਾਜਪਾ ਵਿਚਾਲੇ ਸੰਭਾਵਿਤ ਗਠਜੋੜ ‘ਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੀ ਵੀ ਨਜ਼ਰ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਿਆਸੀ ਸਮੀਕਰਨ ਨੂੰ ਲੈ ਕੇ ਉੱਚ ਪੱਧਰ ‘ਤੇ ਵੀ ਲਗਾਤਾਰ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।ਚਰਚਾ ਹੈ ਕਿ ਸਤੰਬਰ ਮਹੀਨੇ ਵਿੱਚ ਗਠਜੋੜ ਸਬੰਧੀ ਕੋਈ ਵੱਡਾ ਐਲਾਨ ਸਾਹਮਣੇ ਆ ਸਕਦਾ ਹੈ, ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਪੰਜਾਬ ਦੀ ਸਿਆਸਤ ‘ਚ ਬਣ ਸਕਦਾ ਹੈ ਨਵਾਂ ਸਮੀਕਰਨ
ਜੇਕਰ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਗਠਜੋੜ ਹੁੰਦਾ ਹੈ ਤਾਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਬਦਲ ਸਕਦਾ ਹੈ। ਇਹ ਗਠਜੋੜ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਲਈ ਵੀ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਸਕਦਾ ਹੈ।ਫਿਲਹਾਲ ਸਭ ਦੀਆਂ ਨਜ਼ਰਾਂ ਅਕਾਲੀ ਦਲ ਅਤੇ ਭਾਜਪਾ ਵੱਲੋਂ ਆਉਣ ਵਾਲੇ ਅਧਿਕਾਰਤ ਐਲਾਨ ‘ਤੇ ਟਿਕੀਆਂ ਹੋਈਆਂ ਹਨ।
