International News: ਅਮਰੀਕਾ ਤੋਂ ਇੱਕ ਵੱਡੀ ਅਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਮੂਲ ਦੇ 55 ਸਾਲਾ ਟੈਕਸੀ ਡਰਾਈਵਰ ਗੁਰਮੀਤ ਸਿੰਘ ਦੀ ਅਮਰੀਕੀ ਨਾਗਰਿਕਤਾ ਰੱਦ ਕਰ ਦਿੱਤੀ ਗਈ ਹੈ। ਉਸ ‘ਤੇ ਗੰਭੀਰ ਅਪਰਾਧਿਕ ਮਾਮਲੇ ਨੂੰ ਲੁਕਾ ਕੇ ਅਤੇ ਗਲਤ ਜਾਣਕਾਰੀ ਦੇ ਆਧਾਰ ‘ਤੇ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਦੋਸ਼ ਸਨ।ਅਮਰੀਕੀ ਫੈਡਰਲ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਹੁਣ ਗੁਰਮੀਤ ਸਿੰਘ ਅਮਰੀਕੀ ਨਾਗਰਿਕ ਨਹੀਂ ਰਿਹਾ। ਮਾਮਲਾ ਕਿਡਨੈਪਿੰਗ ਅਤੇ ਜਬਰ-ਜ਼ਨਾਹ ਵਰਗੇ ਗੰਭੀਰ ਅਪਰਾਧਾਂ ਨਾਲ ਜੁੜਿਆ ਹੋਇਆ ਹੈ।
1992 ਵਿੱਚ ਟੂਰਿਸਟ ਵੀਜ਼ੇ ‘ਤੇ ਗਿਆ ਸੀ ਅਮਰੀਕਾ
ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਫਰਵਰੀ 1992 ਵਿੱਚ 6 ਮਹੀਨੇ ਦੀ ਮਿਆਦ ਵਾਲੇ ਟੂਰਿਸਟ ਵੀਜ਼ੇ ‘ਤੇ ਅਮਰੀਕਾ ਗਿਆ ਸੀ। ਹਾਲਾਂਕਿ ਵੀਜ਼ੇ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਉਹ ਉੱਥੇ ਹੀ ਰਿਹਾ। ਬਾਅਦ ਵਿੱਚ ਜੂਨ 2000 ਵਿੱਚ ਫੈਮਿਲੀ-ਬੇਸਡ ਇਮੀਗ੍ਰੈਂਟ ਵੀਜ਼ਾ ਪਟੀਸ਼ਨ ਰਾਹੀਂ ਉਸ ਨੂੰ ਗ੍ਰੀਨ ਕਾਰਡ ਮਿਲ ਗਿਆ।
ਟੈਕਸੀ ਚਲਾਉਂਦੇ ਸਮੇਂ ਹੋਇਆ ਸੀ ਗੰਭੀਰ ਅਪਰਾਧ
ਮਾਮਲਾ ਮਈ 2011 ਦਾ ਦੱਸਿਆ ਜਾ ਰਿਹਾ ਹੈ, ਜਦੋਂ ਗੁਰਮੀਤ ਸਿੰਘ ਟੈਕਸੀ ਚਲਾ ਰਿਹਾ ਸੀ। ਦੋਸ਼ਾਂ ਅਨੁਸਾਰ, ਉਸ ਨੇ ਇੱਕ ਮਹਿਲਾ ਯਾਤਰੀ ਨੂੰ ਬੰਧਕ ਬਣਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੀੜਤਾ ਕਿਸੇ ਤਰ੍ਹਾਂ ਉੱਥੋਂ ਭੱਜ ਕੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਹੀ।ਇਸ ਘਟਨਾ ਤੋਂ ਬਾਅਦ ਮਾਮਲਾ ਪੁਲਸ ਤੱਕ ਪਹੁੰਚਿਆ ਅਤੇ ਜਾਂਚ ਸ਼ੁਰੂ ਹੋ ਗਈ।
ਹੈਰਾਨੀ ਦੀ ਗੱਲ ਇਹ ਹੈ ਕਿ ਗੰਭੀਰ ਅਪਰਾਧ ਦੇ ਦੋਸ਼ ਸਾਹਮਣੇ ਆਉਣ ਤੋਂ ਕੁਝ ਹਫ਼ਤਿਆਂ ਬਾਅਦ ਹੀ ਗੁਰਮੀਤ ਸਿੰਘ ਨੇ ਅਮਰੀਕੀ ਨਾਗਰਿਕਤਾ ਲਈ ਅਰਜ਼ੀ ਦੇ ਦਿੱਤੀ। ਦੋਸ਼ ਹੈ ਕਿ ਉਸ ਨੇ ਨਾਗਰਿਕਤਾ ਦੀ ਪ੍ਰਕਿਰਿਆ ਦੌਰਾਨ ਆਪਣੇ ਅਪਰਾਧਿਕ ਮਾਮਲੇ ਨਾਲ ਸਬੰਧਤ ਜਾਣਕਾਰੀ ਅਧਿਕਾਰੀਆਂ ਤੋਂ ਲੁਕਾਈ।ਇਸ ਤੋਂ ਬਾਅਦ ਅਕਤੂਬਰ 2011 ਵਿੱਚ ਉਹ ਅਮਰੀਕੀ ਨਾਗਰਿਕ ਬਣ ਗਿਆ।
ਇਹ ਵੀ ਪੜ੍ਹੋ: ਖੇਡਾਂ ਵਤਨ ਪੰਜਾਬ ਦੀਆਂ-2026 ਦਾ 5 ਸਤੰਬਰ ਤੋਂ ਬਠਿੰਡਾ ‘ਚ ਹੋਵੇਗਾ ਆਗਾਜ਼
2014 ‘ਚ ਸੁਣਾਈ ਗਈ 20 ਸਾਲ ਦੀ ਸਜ਼ਾ
ਨਾਗਰਿਕਤਾ ਮਿਲਣ ਤੋਂ ਬਾਅਦ ਸਾਲ 2014 ਵਿੱਚ ਨਿਊਯਾਰਕ ਦੀ ਅਦਾਲਤ ਨੇ ਗੁਰਮੀਤ ਸਿੰਘ ਨੂੰ ਜਬਰ-ਜ਼ਨਾਹ ਅਤੇ ਕਿਡਨੈਪਿੰਗ ਦੇ ਮਾਮਲੇ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।ਬਾਅਦ ਵਿੱਚ ਅਮਰੀਕੀ ਜਸਟਿਸ ਡਿਪਾਰਟਮੈਂਟ ਵੱਲੋਂ ਇਸ ਪੂਰੇ ਮਾਮਲੇ ਅਤੇ ਨਾਗਰਿਕਤਾ ਹਾਸਲ ਕਰਨ ਦੀ ਪ੍ਰਕਿਰਿਆ ਦੀ ਜਾਂਚ ਕੀਤੀ ਗਈ।
ਜਾਂਚ ਤੋਂ ਬਾਅਦ ਮਾਮਲਾ ਫੈਡਰਲ ਅਦਾਲਤ ਤੱਕ ਪਹੁੰਚਿਆ। ਰਿਪੋਰਟਾਂ ਮੁਤਾਬਕ 26 ਅਗਸਤ ਨੂੰ ਈਸਟਰਨ ਡਿਸਟ੍ਰਿਕਟ ਆਫ਼ ਨਿਊਯਾਰਕ ਦੀ ਅਦਾਲਤ ਨੇ ਗੁਰਮੀਤ ਸਿੰਘ ਦੀ ਅਮਰੀਕੀ ਨਾਗਰਿਕਤਾ ਰੱਦ ਕਰਨ ਦਾ ਹੁਕਮ ਦਿੱਤਾ।ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਧੋਖੇ ਜਾਂ ਗਲਤ ਜਾਣਕਾਰੀ ਦੇ ਆਧਾਰ ‘ਤੇ ਹਾਸਲ ਕੀਤੀ ਨਾਗਰਿਕਤਾ ਕਿਸੇ ਵੀ ਵਿਅਕਤੀ ਨੂੰ ਕਾਨੂੰਨੀ ਕਾਰਵਾਈ ਤੋਂ ਨਹੀਂ ਬਚਾ ਸਕਦੀ।
ਭਾਰਤ ਡਿਪੋਰਟ ਕੀਤੇ ਜਾਣ ਦੀ ਵੀ ਸੰਭਾਵਨਾ
ਨਾਗਰਿਕਤਾ ਰੱਦ ਹੋਣ ਤੋਂ ਬਾਅਦ ਹੁਣ ਗੁਰਮੀਤ ਸਿੰਘ ਨੂੰ ਭਵਿੱਖ ਵਿੱਚ ਭਾਰਤ ਡਿਪੋਰਟ ਕੀਤੇ ਜਾਣ ਦੀ ਸੰਭਾਵਨਾ ਵੀ ਬਣ ਸਕਦੀ ਹੈ। ਹਾਲਾਂਕਿ ਇਸ ਸਬੰਧੀ ਅੰਤਿਮ ਫ਼ੈਸਲਾ ਕਾਨੂੰਨੀ ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਅਧੀਨ ਹੋਵੇਗਾ।ਇਹ ਮਾਮਲਾ ਉਨ੍ਹਾਂ ਲੋਕਾਂ ਲਈ ਇੱਕ ਵੱਡਾ ਸੰਦੇਸ਼ ਹੈ ਜੋ ਆਪਣਾ ਅਪਰਾਧਿਕ ਰਿਕਾਰਡ ਜਾਂ ਹੋਰ ਅਹਿਮ ਜਾਣਕਾਰੀ ਲੁਕਾ ਕੇ ਵਿਦੇਸ਼ੀ ਨਾਗਰਿਕਤਾ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ।
