Krishna Janmashtami 2026 Puja: ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਉਤਸਵ ਵਜੋਂ ਮਨਾਇਆ ਜਾਣ ਵਾਲਾ ਪਵਿੱਤਰ ਤਿਉਹਾਰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਅੱਜ ਦੇਸ਼ ਭਰ ਵਿੱਚ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੰਦਰਾਂ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਹੈ ਅਤੇ ਸ਼ਰਧਾਲੂ ਵਰਤ ਰੱਖ ਕੇ ਆਪਣੇ ਅਰਾਧਿਆ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦੀ ਉਡੀਕ ਕਰ ਰਹੇ ਹਨ।
ਭਾਦੋਂ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਹਿੰਦੂ ਧਰਮ ਵਿੱਚ ਬੇਹੱਦ ਪਵਿੱਤਰ ਮੰਨੀ ਜਾਂਦੀ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਇਸੇ ਦਿਨ ਭਗਵਾਨ ਵਿਸ਼ਨੂੰ ਨੇ ਦੁਆਪਰ ਯੁੱਗ ਵਿੱਚ ਸ਼੍ਰੀ ਕ੍ਰਿਸ਼ਨ ਦੇ ਰੂਪ ਵਿੱਚ ਅਵਤਾਰ ਧਾਰਨ ਕੀਤਾ ਸੀ। ਇਸ ਖਾਸ ਮੌਕੇ ‘ਤੇ ਲੱਡੂ ਗੋਪਾਲ ਦਾ ਵਿਸ਼ੇਸ਼ ਸ਼ਿੰਗਾਰ ਕੀਤਾ ਜਾਂਦਾ ਹੈ ਅਤੇ ਅੱਧੀ ਰਾਤ ਨੂੰ ਉਨ੍ਹਾਂ ਦੇ ਜਨਮ ਉਤਸਵ ਦੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ।
ਜਨਮ ਅਸ਼ਟਮੀ 2026 ਪੂਜਾ ਦਾ ਸ਼ੁੱਭ ਮਹੂਰਤ
ਜਨਮ ਅਸ਼ਟਮੀ ਦੇ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਜਾ ਲਈ ਅੱਧੀ ਰਾਤ ਦਾ ਸਮਾਂ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ। ਸਾਲ 2026 ਵਿੱਚ ਜਨਮ ਅਸ਼ਟਮੀ ਦੀ ਮੁੱਖ ਪੂਜਾ ਦਾ ਸ਼ੁੱਭ ਮਹੂਰਤ 4 ਸਤੰਬਰ ਦੀ ਰਾਤ 11:57 ਵਜੇ ਤੋਂ ਸ਼ੁਰੂ ਹੋ ਕੇ 5 ਸਤੰਬਰ ਨੂੰ ਰਾਤ 12:43 ਵਜੇ ਤੱਕ ਰਹੇਗਾ।ਇਸ ਤਰ੍ਹਾਂ ਸ਼ਰਧਾਲੂਆਂ ਨੂੰ ਲਗਭਗ 46 ਮਿੰਟ ਦਾ ਵਿਸ਼ੇਸ਼ ਸ਼ੁੱਭ ਸਮਾਂ ਮਿਲੇਗਾ। ਮਾਨਤਾ ਹੈ ਕਿ ਇਸ ਦੌਰਾਨ ਵਿਧੀ-ਵਿਧਾਨ ਨਾਲ ਕੀਤੀ ਗਈ ਪੂਜਾ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਪ੍ਰਸੰਨ ਹੁੰਦੇ ਹਨ ਅਤੇ ਭਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ।
#WATCH | वडोदरा, गुजरात: श्रीकृष्ण जनमाष्टमी के अवसर पर इस्कॉन मंदिर में दर्शन के लिए बड़ी संख्या में श्रद्धालु एकत्रित हुए। pic.twitter.com/ls5KJsTrXy
— ANI_HindiNews (@AHindinews) September 4, 2026
ਵਡੋਦਰਾ, ਗੁਜਰਾਤ: ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦੇ ਪਾਵਨ ਮੌਕੇ ਇਸਕਾਨ ਮੰਦਰ ਵਿੱਚ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਕੱਠੇ ਹੋਏ। {Source : ANI}
ਪੂਜਾ ਤੋਂ ਪਹਿਲਾਂ ਇਸ ਤਰ੍ਹਾਂ ਕਰੋ ਤਿਆਰੀ
ਜਨਮ ਅਸ਼ਟਮੀ ਦੀ ਪੂਜਾ ਤੋਂ ਪਹਿਲਾਂ ਸ਼ਰਧਾਲੂਆਂ ਨੂੰ ਇਸ਼ਨਾਨ ਕਰਕੇ ਸਾਫ਼ ਅਤੇ ਪਵਿੱਤਰ ਕੱਪੜੇ ਪਹਿਨਣੇ ਚਾਹੀਦੇ ਹਨ। ਪੂਜਾ ਵਾਲੀ ਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇੱਕ ਲੱਕੜ ਦੀ ਚੌਂਕੀ ਰੱਖੋ ਅਤੇ ਉਸ ਉੱਪਰ ਪੀਲੇ ਜਾਂ ਲਾਲ ਰੰਗ ਦਾ ਕੱਪੜਾ ਵਿਛਾਓ।ਇਸ ਤੋਂ ਬਾਅਦ ਲੱਡੂ ਗੋਪਾਲ ਦੀ ਮੂਰਤੀ ਨੂੰ ਚੌਂਕੀ ਜਾਂ ਸੁੰਦਰ ਝੂਲੇ ਵਿੱਚ ਸਥਾਪਿਤ ਕਰੋ। ਪੂਜਾ ਲਈ ਪਹਿਲਾਂ ਤੋਂ ਹੀ ਫੁੱਲ, ਫਲ, ਧੂਪ, ਦੀਵਾ, ਚੰਦਨ, ਤੁਲਸੀ ਦੇ ਪੱਤੇ, ਮੱਖਣ ਅਤੇ ਮਿਸ਼ਰੀ ਆਦਿ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ।
ਲੱਡੂ ਗਪਾਲ ਦਾ ਅਭਿਸ਼ੇਕ ਅਤੇ ਸ਼ਿੰਗਾਰ
ਅੱਧੀ ਰਾਤ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਸਮੇਂ ਲੱਡੂ ਗੋਪਾਲ ਦਾ ਵਿਸ਼ੇਸ਼ ਅਭਿਸ਼ੇਕ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਪੰਚਾਮ੍ਰਿਤ ਨਾਲ ਅਤੇ ਫਿਰ ਪਵਿੱਤਰ ਜਲ ਜਾਂ ਗੰਗਾਜਲ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ।ਅਭਿਸ਼ੇਕ ਤੋਂ ਬਾਅਦ ਲੱਡੂ ਗੋਪਾਲ ਨੂੰ ਸਾਫ਼ ਕੱਪੜੇ ਨਾਲ ਪੂੰਝ ਕੇ ਨਵੇਂ ਅਤੇ ਸੁੰਦਰ ਬਸਤਰ ਪਹਿਨਾਏ ਜਾਂਦੇ ਹਨ। ਇਸ ਉਪਰੰਤ ਚੰਦਨ ਦਾ ਤਿਲਕ ਲਗਾ ਕੇ ਮੁਕਟ, ਮੋਰ ਪੰਖ ਅਤੇ ਬੰਸਰੀ ਨਾਲ ਉਨ੍ਹਾਂ ਦਾ ਮਨਮੋਹਕ ਸ਼ਿੰਗਾਰ ਕੀਤਾ ਜਾਂਦਾ ਹੈ।
#WATCH पुरी, ओडिशा: जन्माष्टमी के अवसर पर प्रसिद्ध रेत कलाकार सुदर्शन पटनायक ने पुरी बीच पर भगवान श्रीकृष्ण की रेत कलाकृति बनाई। pic.twitter.com/O3ZKTJuOVy
— ANI_HindiNews (@AHindinews) September 4, 2026
ਓਡੀਸ਼ਾ: ਪ੍ਰਸਿੱਧ ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਪੁਰੀ ਬੀਚ ‘ਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਸ਼ਾਨਦਾਰ ਰੇਤ ਕਲਾਕ੍ਰਿਤੀ ਤਿਆਰ ਕੀਤੀ। {Source : ANI}
ਝੂਲਾ, ਭੋਗ ਅਤੇ ਆਰਤੀ ਦੀ ਵਿਧੀ
ਸ਼ਿੰਗਾਰ ਪੂਰਾ ਹੋਣ ਤੋਂ ਬਾਅਦ ਲੱਡੂ ਗੋਪਾਲ ਨੂੰ ਸੁੰਦਰ ਝੂਲੇ ਵਿੱਚ ਬਿਠਾ ਕੇ ਪ੍ਰੇਮ ਅਤੇ ਸ਼ਰਧਾ ਨਾਲ ਝੂਲਾ ਝੁਲਾਇਆ ਜਾਂਦਾ ਹੈ। ਇਸ ਮੌਕੇ ਭਗਵਾਨ ਨੂੰ ਉਨ੍ਹਾਂ ਦੀ ਪਸੰਦ ਦਾ ਮੱਖਣ, ਮਿਸ਼ਰੀ ਅਤੇ ਹੋਰ ਭੋਗ ਅਰਪਿਤ ਕੀਤਾ ਜਾਂਦਾ ਹੈ। ਭੋਗ ਵਿੱਚ ਤੁਲਸੀ ਦੇ ਪੱਤੇ ਸ਼ਾਮਲ ਕਰਨਾ ਵੀ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।ਇਸ ਤੋਂ ਬਾਅਦ ਧੂਪ ਅਤੇ ਦੀਪ ਜਗਾ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਆਰਤੀ ਕੀਤੀ ਜਾਂਦੀ ਹੈ। ਸ਼ੰਖਨਾਦ ਅਤੇ ਘੰਟੀਆਂ ਦੀ ਗੂੰਜ ਨਾਲ ਕ੍ਰਿਸ਼ਨ ਜਨਮ ਦੀ ਖੁਸ਼ੀ ਮਨਾਈ ਜਾਂਦੀ ਹੈ। ਪੂਜਾ ਸੰਪੂਰਨ ਹੋਣ ਉਪਰੰਤ ਪਰਿਵਾਰ ਦੇ ਮੈਂਬਰਾਂ ਅਤੇ ਸ਼ਰਧਾਲੂਆਂ ਵਿੱਚ ਚਰਨਾਮ੍ਰਿਤ ਅਤੇ ਪ੍ਰਸ਼ਾਦ ਵੰਡਿਆ ਜਾਂਦਾ ਹੈ।
#WATCH मथुरा: उत्तर प्रदेश के मुख्यमंत्री योगी आदित्यनाथ ने श्रीकृष्ण जन्माष्टमी के अवसर पर श्री कृष्ण जन्मभूमि मंदिर में पूजा-अर्चना की। pic.twitter.com/R6bx2PZT3g
— ANI_HindiNews (@AHindinews) September 4, 2026
ਮਥੁਰਾ, ਉੱਤਰ ਪ੍ਰਦੇਸ਼: ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦੇ ਪਾਵਨ ਮੌਕੇ ਸ਼੍ਰੀ ਕ੍ਰਿਸ਼ਨ ਜਨਮਭੂਮੀ ਮੰਦਰ ਵਿੱਚ ਪੂਜਾ-ਅਰਚਨਾ ਕੀਤੀ। {Source : ANI}
ਜਨਮ ਅਸ਼ਟਮੀ ਦਾ ਧਾਰਮਿਕ ਮਹੱਤਵ
ਧਾਰਮਿਕ ਮਾਨਤਾਵਾਂ ਅਨੁਸਾਰ ਜਨਮ ਅਸ਼ਟਮੀ ਦੇ ਦਿਨ ਸੱਚੇ ਮਨ ਅਤੇ ਪੂਰੀ ਸ਼ਰਧਾ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਜਾ ਕਰਨ ਨਾਲ ਜੀਵਨ ਵਿੱਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਆਉਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਵਰਤ ਰੱਖਣ ਅਤੇ ਵਿਧੀਪੂਰਵਕ ਪੂਜਾ ਕਰਨ ਨਾਲ ਭਗਵਾਨ ਕ੍ਰਿਸ਼ਨ ਦਾ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ।ਇਸ ਲਈ ਸ਼ਰਧਾਲੂਆਂ ਨੂੰ ਚਾਹੀਦਾ ਹੈ ਕਿ ਉਹ ਸ਼ੁੱਭ ਮਹੂਰਤ ਤੋਂ ਪਹਿਲਾਂ ਪੂਜਾ ਦੀ ਸਾਰੀ ਤਿਆਰੀ ਪੂਰੀ ਕਰ ਲੈਣ ਅਤੇ ਅੱਧੀ ਰਾਤ ਨੂੰ ਪੂਰੇ ਵਿਧੀ-ਵਿਧਾਨ ਨਾਲ ਲੱਡੂ ਗੋਪਾਲ ਦਾ ਜਨਮ ਉਤਸਵ ਮਨਾਉਣ।
