ਪੰਜਾਬ ਦੇ ਨੌਜਵਾਨਾਂ ਲਈ ਵਿਦੇਸ਼ ਜਾਣ ਦਾ ਸੁਪਨਾ ਕਈ ਪਰਿਵਾਰਾਂ ਲਈ ਦਰਦ ਬਣ ਗਿਆ ਹੈ। ਆਸਟ੍ਰੇਲੀਆ ਵਿੱਚ ਰੁਜ਼ਗਾਰ ਅਤੇ ਬਿਹਤਰ ਭਵਿੱਖ ਦਾ ਸੁਪਨਾ ਲੈ ਕੇ ਘਰੋਂ ਨਿਕਲੇ ਪੰਜਾਬ ਅਤੇ ਰਾਜਸਥਾਨ ਦੇ ਕਈ ਨੌਜਵਾਨਾਂ ਦੇ ਤਿਮੋਰ-ਲੇਸਤੇ ਵਿੱਚ ਫਸੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰਾਂ ਨੇ ਟਰੈਵਲ ਏਜੰਟਾਂ ‘ਤੇ ਲੱਖਾਂ ਰੁਪਏ ਲੈ ਕੇ ਧੋਖਾਧੜੀ ਕਰਨ ਅਤੇ ਨੌਜਵਾਨਾਂ ਨੂੰ ਆਸਟ੍ਰੇਲੀਆ ਦੀ ਬਜਾਏ ਤਿਮੋਰ-ਲੇਸਤੇ ਪਹੁੰਚਾਉਣ ਦੇ ਗੰਭੀਰ ਦੋਸ਼ ਲਗਾਏ ਹਨ।
ਪਰਿਵਾਰਾਂ ਮੁਤਾਬਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਨੌਜਵਾਨਾਂ ਸਮੇਤ ਕੁੱਲ 34 ਨੌਜਵਾਨ ਪਿਛਲੇ ਕਰੀਬ 5 ਤੋਂ 6 ਮਹੀਨਿਆਂ ਤੋਂ ਤਿਮੋਰ-ਲੇਸਤੇ ਵਿੱਚ ਫਸੇ ਹੋਏ ਹਨ। ਪਰਿਵਾਰਾਂ ਦਾ ਕਹਿਣਾ ਹੈ ਕਿ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਉਨ੍ਹਾਂ ਨੇ ਘਰ, ਜ਼ਮੀਨ ਅਤੇ ਗਹਿਣੇ ਗਿਰਵੀ ਰੱਖ ਕੇ ਕਰਜ਼ਾ ਚੁੱਕਿਆ, ਪਰ ਹੁਣ ਨਾ ਸਿਰਫ਼ ਪੈਸਾ ਫਸ ਗਿਆ ਹੈ, ਸਗੋਂ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਬਣੀ ਹੋਈ ਹੈ।
ਆਸਟ੍ਰੇਲੀਆ ਭੇਜਣ ਦਾ ਵਾਅਦਾ, ਪਹੁੰਚਾ ਦਿੱਤਾ ਤਿਮੋਰ-ਲੇਸਤੇ
ਪੀੜਤ ਪਰਿਵਾਰਾਂ ਦੇ ਦੋਸ਼ਾਂ ਅਨੁਸਾਰ ਏਜੰਟਾਂ ਨੇ ਨੌਜਵਾਨਾਂ ਨੂੰ ਆਸਟ੍ਰੇਲੀਆ ਭੇਜਣ ਅਤੇ ਉੱਥੇ ਰੁਜ਼ਗਾਰ ਦਿਵਾਉਣ ਦਾ ਭਰੋਸਾ ਦਿੱਤਾ ਸੀ। ਇਸ ਦੇ ਬਦਲੇ ਹਰੇਕ ਪਰਿਵਾਰ ਤੋਂ ਕਥਿਤ ਤੌਰ ‘ਤੇ 5 ਲੱਖ ਤੋਂ 11 ਲੱਖ ਰੁਪਏ ਤੱਕ ਲਏ ਗਏ।ਪਰਿਵਾਰਾਂ ਦਾ ਦਾਅਵਾ ਹੈ ਕਿ ਨੌਜਵਾਨਾਂ ਨੂੰ ਪਹਿਲਾਂ ਭਾਰਤ ਤੋਂ ਇੰਡੋਨੇਸ਼ੀਆ ਦੇ ਬਾਲੀ ਅਤੇ ਫਿਰ ਮਲੇਸ਼ੀਆ ਰਾਹੀਂ ਤਿਮੋਰ-ਲੇਸਤੇ ਪਹੁੰਚਾਇਆ ਗਿਆ। ਉੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਆਸਟ੍ਰੇਲੀਆ ਭੇਜਣ ਦੀ ਬਜਾਏ ਮੁਸ਼ਕਲ ਹਾਲਾਤਾਂ ਵਿੱਚ ਛੱਡ ਦਿੱਤਾ ਗਿਆ।
ਪਾਸਪੋਰਟ ਲੈਣ ਅਤੇ ਬੰਦੀ ਬਣਾ ਕੇ ਰੱਖਣ ਦੇ ਦੋਸ਼
ਪੀੜਤ ਪਰਿਵਾਰਾਂ ਨੇ ਦੋਸ਼ ਲਗਾਇਆ ਹੈ ਕਿ ਤਿਮੋਰ-ਲੇਸਤੇ ਪਹੁੰਚਣ ਤੋਂ ਬਾਅਦ ਨੌਜਵਾਨਾਂ ਦੇ ਪਾਸਪੋਰਟ ਲੈ ਲਏ ਗਏ ਅਤੇ ਉਨ੍ਹਾਂ ਨੂੰ ਕਥਿਤ ਤੌਰ ‘ਤੇ ਆਪਣੀ ਮਰਜ਼ੀ ਦੇ ਵਿਰੁੱਧ ਰੱਖਿਆ ਗਿਆ।ਪਰਿਵਾਰਾਂ ਵੱਲੋਂ ਇਹ ਵੀ ਗੰਭੀਰ ਦੋਸ਼ ਲਗਾਏ ਗਏ ਹਨ ਕਿ ਨੌਜਵਾਨਾਂ ਨੂੰ ਡਰਾਇਆ-ਧਮਕਾਇਆ ਗਿਆ, ਉਨ੍ਹਾਂ ਤੋਂ ਮਰਜ਼ੀ ਦੇ ਉਲਟ ਕੰਮ ਕਰਵਾਇਆ ਗਿਆ ਅਤੇ ਕਥਿਤ ਤੌਰ ‘ਤੇ ਉਨ੍ਹਾਂ ਨੂੰ ਮਿਹਨਤ ਦੀ ਪੂਰੀ ਕਮਾਈ ਵੀ ਨਹੀਂ ਦਿੱਤੀ ਗਈ। ਖਾਣ-ਪੀਣ ਦੀਆਂ ਲੋੜੀਂਦੀਆਂ ਸਹੂਲਤਾਂ ਨਾ ਮਿਲਣ ਦੇ ਵੀ ਦੋਸ਼ ਸਾਹਮਣੇ ਆਏ ਹਨ।ਹਾਲਾਂਕਿ, ਨੌਜਵਾਨਾਂ ਵੱਲੋਂ ਵਿਰੋਧ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਾਸਪੋਰਟ ਵਾਪਸ ਮਿਲਣ ਦੀ ਗੱਲ ਵੀ ਸਾਹਮਣੇ ਆਈ ਹੈ। ਮਾਮਲੇ ਸਬੰਧੀ ਸਥਾਨਕ ਪੁਲਿਸ ਵੱਲੋਂ ਵਿਜੈ ਨਾਮਕ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਏ ਜਾਣ ਦਾ ਦਾਅਵਾ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਕੁਝ ਨੌਜਵਾਨ ਆਪਣੇ ਯਤਨਾਂ ਅਤੇ ਖੁਦ ਦੇ ਖਰਚੇ ‘ਤੇ ਭਾਰਤ ਵਾਪਸ ਆ ਚੁੱਕੇ ਹਨ, ਜਦਕਿ ਹੋਰ ਨੌਜਵਾਨਾਂ ਦੇ ਤਿਮੋਰ-ਲੇਸਤੇ ਵਿੱਚ ਫਸੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਦੀ ਸੁਰੱਖਿਅਤ ਵਾਪਸੀ ਲਈ ਲਗਾਤਾਰ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਕੋਲ ਗੁਹਾਰ ਲਾ ਰਹੇ ਹਨ।
ਪੰਜਾਬ ਦੇ ਕਈ ਜ਼ਿਲ੍ਹਿਆਂ ਨਾਲ ਸਬੰਧਤ ਹਨ ਨੌਜਵਾਨ
ਫਸੇ ਹੋਏ ਨੌਜਵਾਨਾਂ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਨੌਜਵਾਨ ਸ਼ਾਮਲ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚ ਮੋਗਾ, ਜਲੰਧਰ, ਫਿਰੋਜ਼ਪੁਰ, ਲੁਧਿਆਣਾ, ਫਾਜ਼ਿਲਕਾ, ਤਰਨਤਾਰਨ, ਕਪੂਰਥਲਾ, ਪਟਿਆਲਾ ਅਤੇ ਜਲਾਲਾਬਾਦ ਨਾਲ ਸਬੰਧਤ ਨੌਜਵਾਨਾਂ ਦੇ ਨਾਮ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਇੱਕ ਨੌਜਵਾਨ ਰਾਜਸਥਾਨ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।ਇਸ ਮਾਮਲੇ ਨੇ ਇੱਕ ਵਾਰ ਫਿਰ ਵਿਦੇਸ਼ ਭੇਜਣ ਦੇ ਨਾਮ ‘ਤੇ ਹੋ ਰਹੀ ਕਥਿਤ ਠੱਗੀ ਦੇ ਖ਼ਤਰੇ ਨੂੰ ਉਜਾਗਰ ਕੀਤਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਪੁਲਿਸ ਨੇ MP ਹਰਸਿਮਰਤ ਕੌਰ ਬਾਦਲ ਨੂੰ ਹਿਰਾਸਤ ’ਚ ਲਿਆ, ਕੁਝ ਸਮੇਂ ਬਾਅਦ ਕੀਤਾ ਰਿਹਾਅ
ਸੰਤ ਸੀਚੇਵਾਲ ਤੱਕ ਪਹੁੰਚੇ ਪੀੜਤ ਪਰਿਵਾਰ
ਆਪਣੇ ਬੱਚਿਆਂ ਦੀ ਵਾਪਸੀ ਦੀ ਉਮੀਦ ਵਿੱਚ ਪੀੜਤ ਪਰਿਵਾਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਵੀ ਪਹੁੰਚੇ ਹਨ। ਪਰਿਵਾਰਾਂ ਵੱਲੋਂ ਵੀਡੀਓ ਕਾਲ ਰਾਹੀਂ ਆਪਣੀ ਪੀੜਾ ਸਾਂਝੀ ਕੀਤੀ ਗਈ ਅਤੇ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਮਦਦ ਦੀ ਅਪੀਲ ਕੀਤੀ ਗਈ।ਜਾਣਕਾਰੀ ਮੁਤਾਬਕ ਇਸ ਮਾਮਲੇ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਕੇ ਨੌਜਵਾਨਾਂ ਦੀ ਵਾਪਸੀ ਲਈ ਕਾਰਵਾਈ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਿਦੇਸ਼ ਜਾਣ ਦਾ ਸੁਪਨਾ ਕਦੋਂ ਬਣੇਗਾ ਸੁਰੱਖਿਅਤ?
ਇਸ ਪੂਰੇ ਮਾਮਲੇ ਨੇ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਵਧਦੀ ਰੁਚੀ ਅਤੇ ਏਜੰਟਾਂ ਦੇ ਜਾਲ ਨਾਲ ਜੁੜੇ ਖ਼ਤਰਿਆਂ ‘ਤੇ ਇੱਕ ਵਾਰ ਫਿਰ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।ਬਿਹਤਰ ਰੁਜ਼ਗਾਰ ਅਤੇ ਭਵਿੱਖ ਦੀ ਉਮੀਦ ਵਿੱਚ ਕਈ ਪਰਿਵਾਰ ਆਪਣੀ ਜ਼ਿੰਦਗੀ ਭਰ ਦੀ ਜਮ੍ਹਾਂ ਪੂੰਜੀ ਦਾਅ ‘ਤੇ ਲਗਾ ਦਿੰਦੇ ਹਨ। ਪਰ ਜਦੋਂ ਇਹ ਸੁਪਨਾ ਕਥਿਤ ਧੋਖਾਧੜੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਪੂਰਾ ਪਰਿਵਾਰ ਆਰਥਿਕ ਅਤੇ ਮਾਨਸਿਕ ਤੌਰ ‘ਤੇ ਪ੍ਰਭਾਵਿਤ ਹੁੰਦਾ ਹੈ।
ਹੁਣ ਤਿਮੋਰ-ਲੇਸਤੇ ਵਿੱਚ ਫਸੇ ਦੱਸੇ ਜਾ ਰਹੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੀ ਸੁਰੱਖਿਅਤ ਘਰ ਵਾਪਸੀ ਦੀ ਉਡੀਕ ਹੈ। ਪਰਿਵਾਰਾਂ ਦੀ ਸਭ ਤੋਂ ਵੱਡੀ ਮੰਗ ਹੈ ਕਿ ਮਾਮਲੇ ਦੀ ਜਾਂਚ ਕਰਕੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਵਿਦੇਸ਼ ਵਿੱਚ ਫਸੇ ਨੌਜਵਾਨਾਂ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਲਿਆਂਦਾ ਜਾਵੇ।
