ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣਨ ਤੋਂ ਬਾਅਦ ਸਚਿਨ ਪਾਇਲਟ ਨੇ ਆਪਣੀ ਸਿਆਸੀ ਸਰਗਰਮੀ ਤੇਜ਼ ਕਰ ਦਿੱਤੀ ਹੈ। ਮੰਗਲਵਾਰ ਨੂੰ ਪਾਇਲਟ ਨੇ ਪਹਿਲਾਂ ਰਾਹੁਲ ਗਾਂਧੀ ਅਤੇ ਇਸ ਤੋਂ ਬਾਅਦ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਅਹਿਮ ਮੁਲਾਕਾਤ ਕੀਤੀ। ਪੰਜਾਬ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਗਾਂਧੀ ਪਰਿਵਾਰ ਨਾਲ ਪਾਇਲਟ ਦੀਆਂ ਇਹ ਲਗਾਤਾਰ ਮੁਲਾਕਾਤਾਂ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ, ਸੰਗਠਨਾਤਮਕ ਢਾਂਚੇ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਇਨ੍ਹਾਂ ਮੀਟਿੰਗਾਂ ਵਿੱਚ ਵਿਚਾਰ-ਵਟਾਂਦਰਾ ਹੋਇਆ ਹੋ ਸਕਦਾ ਹੈ।
ਪੰਜਾਬ ਕਾਂਗਰਸ ਵਿੱਚ ਖੇਮੇਬਾਜ਼ੀ ਕਿਉਂ?
ਸਚਿਨ ਪਾਇਲਟ ਦੇ ਮੋਢਿਆਂ ‘ਤੇ ਪੰਜਾਬ ਕਾਂਗਰਸ ਨੂੰ ਸਿਰਫ਼ ਚੋਣਾਂ ਲਈ ਤਿਆਰ ਕਰਨ ਦੀ ਜ਼ਿੰਮੇਵਾਰੀ ਨਹੀਂ, ਸਗੋਂ ਪਾਰਟੀ ਅੰਦਰ ਚੱਲ ਰਹੀ ਧੜੇਬੰਦੀ ਨੂੰ ਖਤਮ ਕਰਨ ਦੀ ਵੀ ਵੱਡੀ ਚੁਣੌਤੀ ਹੈ। ਇਸ ਸਮੇਂ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਖੇਮੇਬਾਜ਼ੀ ਦਾ ਸਭ ਤੋਂ ਵੱਡਾ ਕਾਰਨ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੀਡਰਸ਼ਿਪ ਅਤੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਚੱਲ ਰਹੀ ਖਿੱਚਤਾਣ ਮੰਨੀ ਜਾ ਰਹੀ ਹੈ। ਸੂਬਾ ਪ੍ਰਧਾਨ ਦੀ ਕੁਰਸੀ ਤੋਂ ਲੈ ਕੇ ਚੋਣ ਕਮੇਟੀਆਂ ਵਿੱਚ ਅਹੁਦਿਆਂ ਦੀ ਵੰਡ ਅਤੇ ਭਵਿੱਖ ਦੀ ਲੀਡਰਸ਼ਿਪ ਤੱਕ, ਵੱਖ-ਵੱਖ ਸੀਨੀਅਰ ਆਗੂਆਂ ਦੇ ਸਿਆਸੀ ਹਿੱਤ ਆਪਸ ਵਿੱਚ ਟਕਰਾਉਂਦੇ ਨਜ਼ਰ ਆ ਰਹੇ ਹਨ।
ਪੰਜਾਬ ਕਾਂਗਰਸ ਵਿੱਚ ਇਸ ਵੇਲੇ ਸਭ ਤੋਂ ਵੱਧ ਚਰਚਾ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਨਾਲ ਜੁੜੇ ਸਿਆਸੀ ਖੇਮਿਆਂ ਨੂੰ ਲੈ ਕੇ ਹੋ ਰਹੀ ਹੈ। ਹਾਈਕਮਾਂਡ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਬਰਕਰਾਰ ਰੱਖਿਆ ਗਿਆ ਹੈ, ਜਦਕਿ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਇਨ੍ਹਾਂ ਨਿਯੁਕਤੀਆਂ ਤੋਂ ਬਾਅਦ ਪਾਰਟੀ ਅੰਦਰ ਤਾਕਤ ਦੇ ਸੰਤੁਲਨ ਨੂੰ ਲੈ ਕੇ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ।
ਚੰਨੀ ਦੇ ਸਮਰਥਕਾਂ ਵੱਲੋਂ ਉਨ੍ਹਾਂ ਨੂੰ 2027 ਲਈ ਇੱਕ ਮਜ਼ਬੂਤ ਲੀਡਰਸ਼ਿਪ ਚਿਹਰੇ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਪਾਰਟੀ ਦਾ ਦੂਜਾ ਧੜਾ ਇਸ ਮਾਮਲੇ ‘ਤੇ ਆਪਣੀ ਵੱਖਰੀ ਰਾਏ ਰੱਖਦਾ ਹੈ। ਇਸੇ ਕਾਰਨ ਸਵਾਲ ਇਹ ਵੀ ਉੱਠ ਰਹੇ ਹਨ ਕਿ ਆਖ਼ਰ 2027 ਦੀ ਚੋਣ ਤੋਂ ਪਹਿਲਾਂ ਪੰਜਾਬ ਕਾਂਗਰਸ ਦੀ ਅਗਵਾਈ ਕਿਸ ਦੇ ਹੱਥ ਹੋਵੇਗੀ ਅਤੇ ਪਾਰਟੀ ਕਿਸ ਚਿਹਰੇ ਨੂੰ ਅੱਗੇ ਰੱਖੇਗੀ?
ਕਮੇਟੀਆਂ ਦੀ ਵੰਡ ਨੇ ਵੀ ਵਧਾਇਆ ਕਲੇਸ਼
ਪੰਜਾਬ ਕਾਂਗਰਸ ਵਿੱਚ ਅਹੁਦਿਆਂ ਅਤੇ ਕਮੇਟੀਆਂ ਦੀ ਵੰਡ ਵੀ ਅੰਦਰੂਨੀ ਨਾਰਾਜ਼ਗੀ ਦਾ ਇੱਕ ਵੱਡਾ ਕਾਰਨ ਬਣੀ ਹੈ। ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਏ ਜਾਣ ਤੋਂ ਬਾਅਦ ਕਈ ਸੀਨੀਅਰ ਆਗੂਆਂ ਦੀ ਨਾਰਾਜ਼ਗੀ ਸਾਹਮਣੇ ਆਈ।
ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਪਾਰਟੀ ਦੇ ਕੁਝ ਫੈਸਲਿਆਂ ਅਤੇ ਅਹੁਦਿਆਂ ਦੀ ਵੰਡ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ‘ਇੱਕ ਪਰਿਵਾਰ, ਇੱਕ ਟਿਕਟ’ ਵਰਗੇ ਮੁੱਦਿਆਂ ਨੂੰ ਲੈ ਕੇ ਵੀ ਪਾਰਟੀ ਅੰਦਰ ਵੱਖ-ਵੱਖ ਆਗੂਆਂ ਵਿਚਾਲੇ ਮਤਭੇਦ ਸਾਹਮਣੇ ਆਉਂਦੇ ਰਹੇ ਹਨ।ਅਜਿਹੇ ਹਾਲਾਤਾਂ ਵਿੱਚ ਸਚਿਨ ਪਾਇਲਟ ਲਈ ਸਿਰਫ਼ ਵੱਡੇ ਨੇਤਾਵਾਂ ਨੂੰ ਇਕੱਠੇ ਬਿਠਾਉਣਾ ਹੀ ਨਹੀਂ, ਸਗੋਂ ਹਰ ਆਗੂ ਨੂੰ ਪਾਰਟੀ ਵਿੱਚ ਉਸਦੀ ਭੂਮਿਕਾ ਅਤੇ ਮਹੱਤਵ ਦਾ ਭਰੋਸਾ ਦਿਵਾਉਣਾ ਵੀ ਵੱਡੀ ਚੁਣੌਤੀ ਹੋਵੇਗੀ।
ਜ਼ਮੀਨੀ ਪੱਧਰ ਤੱਕ ਪਹੁੰਚੀ ਧੜੇਬੰਦੀ
ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚਤਾਣ ਸਿਰਫ਼ ਦਿੱਲੀ ਜਾਂ ਚੰਡੀਗੜ੍ਹ ਦੀਆਂ ਮੀਟਿੰਗਾਂ ਤੱਕ ਸੀਮਤ ਨਹੀਂ ਰਹੀ। ਪਿਛਲੇ ਸਮੇਂ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਾਰਟੀ ਮੀਟਿੰਗਾਂ ਦੌਰਾਨ ਵੀ ਆਗੂਆਂ ਅਤੇ ਸਮਰਥਕਾਂ ਵਿਚਾਲੇ ਤਕਰਾਰ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ।ਕਈ ਮੌਕਿਆਂ ‘ਤੇ ਇੱਕ ਧੜੇ ਦੇ ਆਗੂਆਂ ਵੱਲੋਂ ਦੂਜੇ ਧੜੇ ਦੇ ਪ੍ਰੋਗਰਾਮਾਂ ਤੋਂ ਦੂਰੀ ਬਣਾਈ ਰੱਖਣ ਨੂੰ ਵੀ ਸਿਆਸੀ ਸੰਕੇਤ ਵਜੋਂ ਦੇਖਿਆ ਗਿਆ। ਹਾਲ ਹੀ ਵਿੱਚ ਚੰਡੀਗੜ੍ਹ ਵਿੱਚ ਰਾਜਾ ਵੜਿੰਗ ਦੀ ਅਗਵਾਈ ਹੇਠ ਹੋਏ ਸੂਬਾ ਪੱਧਰੀ ਪ੍ਰਦਰਸ਼ਨ ਦੌਰਾਨ ਵੀ ਕੁਝ ਸੀਨੀਅਰ ਆਗੂਆਂ ਦੀ ਗੈਰਹਾਜ਼ਰੀ ਨੇ ਪਾਰਟੀ ਅੰਦਰ ਇੱਕਜੁੱਟਤਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ।
ਭੁਪੇਸ਼ ਬਘੇਲ ਤੋਂ ਬਾਅਦ ਹੁਣ ਪਾਇਲਟ ਦੀ ਪ੍ਰੀਖਿਆ
ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਨੂੰ ਸ਼ਾਂਤ ਕਰਨ ਲਈ ਹਾਈਕਮਾਂਡ ਪਹਿਲਾਂ ਵੀ ਕੋਸ਼ਿਸ਼ਾਂ ਕਰ ਚੁੱਕੀ ਹੈ। ਪੰਜਾਬ ਦੇ ਇੰਚਾਰਜ ਵਜੋਂ ਭੁਪੇਸ਼ ਬਘੇਲ ਦੇ ਕਾਰਜਕਾਲ ਦੌਰਾਨ ਵੀ ਵੱਖ-ਵੱਖ ਧੜਿਆਂ ਵਿਚਾਲੇ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਪਾਰਟੀ ਅੰਦਰ ਚੱਲ ਰਹੀ ਖਿੱਚਤਾਣ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕੀ।ਹੁਣ ਹਾਈਕਮਾਂਡ ਨੇ ਪੰਜਾਬ ਦੀ ਜ਼ਿੰਮੇਵਾਰੀ ਸਚਿਨ ਪਾਇਲਟ ਨੂੰ ਸੌਂਪੀ ਹੈ। ਇਸ ਲਈ ਪਾਇਲਟ ਦੀ ਨਿਯੁਕਤੀ ਨੂੰ ਸਿਰਫ਼ ਇੱਕ ਆਮ ਸੰਗਠਨਾਤਮਕ ਬਦਲਾਅ ਵਜੋਂ ਨਹੀਂ, ਸਗੋਂ ਪੰਜਾਬ ਕਾਂਗਰਸ ਨੂੰ ਨਵੀਂ ਦਿਸ਼ਾ ਅਤੇ ਇੱਕਜੁੱਟਤਾ ਦੇਣ ਦੀ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਰਾਜਾ ਵੜਿੰਗ ਨਾਲ ਮੁਲਾਕਾਤ, ਹੋਰ ਆਗੂ ਵੀ ਮਿਲੇ
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਮਵਾਰ ਨੂੰ ਦਿੱਲੀ ਵਿੱਚ ਸਚਿਨ ਪਾਇਲਟ ਨਾਲ ਮੁਲਾਕਾਤ ਕੀਤੀ ਸੀ। ਪੰਜਾਬ ਦਾ ਇੰਚਾਰਜ ਬਣਨ ਤੋਂ ਬਾਅਦ ਦੋਵਾਂ ਆਗੂਆਂ ਦੀ ਇਹ ਪਹਿਲੀ ਮੁਲਾਕਾਤ ਸੀ।ਇਸ ਤੋਂ ਇਲਾਵਾ ਕੁਲਬੀਰ ਸਿੰਘ ਜੀਰਾ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਪਾਇਲਟ ਨਾਲ ਮੁਲਾਕਾਤ ਕੀਤੀ। ਇਨ੍ਹਾਂ ਮੁਲਾਕਾਤਾਂ ਨੂੰ ਇਸ ਗੱਲ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ ਕਿ ਸਚਿਨ ਪਾਇਲਟ ਨੇ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਸਿੱਧਾ ਸੰਪਰਕ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਜਲਦ ਪੰਜਾਬ ਦੌਰੇ ‘ਤੇ ਆ ਸਕਦੇ ਹਨ ਪਾਇਲਟ
ਸੂਤਰਾਂ ਮੁਤਾਬਕ ਸਚਿਨ ਪਾਇਲਟ ਜਲਦ ਹੀ ਪੰਜਾਬ ਦਾ ਦੌਰਾ ਕਰ ਸਕਦੇ ਹਨ। ਇਸ ਦੌਰਾਨ ਉਹ ਸੂਬੇ ਦੇ ਸੀਨੀਅਰ ਨੇਤਾਵਾਂ, ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਪਾਰਟੀ ਅਹੁਦੇਦਾਰਾਂ ਨਾਲ ਵੱਖ-ਵੱਖ ਮੀਟਿੰਗਾਂ ਕਰ ਸਕਦੇ ਹਨ।ਪੰਜਾਬ ਦੌਰੇ ਦੌਰਾਨ ਪਾਇਲਟ ਲਈ ਸਭ ਤੋਂ ਵੱਡਾ ਕੰਮ ਪਾਰਟੀ ਦੀ ਜ਼ਮੀਨੀ ਹਕੀਕਤ ਨੂੰ ਸਮਝਣਾ ਹੋਵੇਗਾ। ਉਨ੍ਹਾਂ ਨੂੰ ਇਹ ਜਾਣਨਾ ਹੋਵੇਗਾ ਕਿ ਕਿਹੜੇ ਆਗੂ ਨਾਰਾਜ਼ ਹਨ, ਸੰਗਠਨ ਦੇ ਕਿਹੜੇ ਪੱਧਰ ‘ਤੇ ਤਾਲਮੇਲ ਦੀ ਕਮੀ ਹੈ ਅਤੇ 2027 ਤੋਂ ਪਹਿਲਾਂ ਪਾਰਟੀ ਨੂੰ ਇੱਕ ਮਜ਼ਬੂਤ ਇਕਾਈ ਵਜੋਂ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ।ਰਾਹੁਲ ਗਾਂਧੀ ਦੇ ਪ੍ਰਸਤਾਵਿਤ ਪੰਜਾਬ ਦੌਰੇ ਤੋਂ ਪਹਿਲਾਂ ਸਚਿਨ ਪਾਇਲਟ ਦੀ ਪੰਜਾਬ ਫੇਰੀ ਨੂੰ ਵੀ ਸਿਆਸੀ ਤੌਰ ‘ਤੇ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਕੀ ਸਚਿਨ ਪਾਇਲਟ ਬਣਨਗੇ ਪੰਜਾਬ ਕਾਂਗਰਸ ਦੇ ‘ਸੰਕਟ ਮੋਚਕ’?
ਸਚਿਨ ਪਾਇਲਟ ਖੁਦ ਵੀ ਸਿਆਸੀ ਖਿੱਚਤਾਣ ਅਤੇ ਸੰਗਠਨਾਤਮਕ ਸੰਘਰਸ਼ ਦਾ ਤਜਰਬਾ ਰੱਖਦੇ ਹਨ। ਰਾਜਸਥਾਨ ਦੀ ਸਿਆਸਤ ਵਿੱਚ ਉਹ ਖੁਦ ਲੀਡਰਸ਼ਿਪ ਦੀ ਖਿੱਚਤਾਣ ਅਤੇ ਪਾਰਟੀ ਅੰਦਰ ਪੈਦਾ ਹੋਏ ਵਿਵਾਦਾਂ ਨੂੰ ਨੇੜਿਓਂ ਦੇਖ ਚੁੱਕੇ ਹਨ। ਹੁਣ ਪੰਜਾਬ ਵਿੱਚ ਉਨ੍ਹਾਂ ਦੇ ਸਾਹਮਣੇ ਵੱਖ-ਵੱਖ ਤਾਕਤਵਰ ਆਗੂਆਂ ਅਤੇ ਧੜਿਆਂ ਵਿਚਾਲੇ ਸੰਤੁਲਨ ਬਣਾਉਣ ਦੀ ਚੁਣੌਤੀ ਹੈ।ਸਵਾਲ ਹੁਣ ਇਹ ਹੈ ਕਿ ਕੀ ਪਾਇਲਟ ਸਾਰੇ ਸੀਨੀਅਰ ਨੇਤਾਵਾਂ ਨੂੰ ਇੱਕ ਮੇਜ਼ ‘ਤੇ ਲਿਆ ਕੇ 2027 ਲਈ ਸਾਂਝਾ ਰੋਡਮੈਪ ਤਿਆਰ ਕਰ ਸਕਣਗੇ? ਕੀ ਉਹ ਲੀਡਰਸ਼ਿਪ ਦੀ ਦੌੜ ਅਤੇ ਅਹੁਦਿਆਂ ਨੂੰ ਲੈ ਕੇ ਚੱਲ ਰਹੀ ਨਾਰਾਜ਼ਗੀ ਨੂੰ ਘੱਟ ਕਰ ਸਕਣਗੇ?
