ਨਵਾਂਸ਼ਹਿਰ: ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਵਿੱਚ 15 ਸਤੰਬਰ 2026 ਨੂੰ ਮੀਟ ਅਤੇ ਆਂਡੇ ਦੀਆਂ ਦੁਕਾਨਾਂ ਸਮੇਤ ਸਾਰੇ ਸਲਾਟਰ ਹਾਊਸ ਬੰਦ ਰਹਿਣਗੇ। ਸੰਵਤਸਰੀ ਤਿਉਹਾਰ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ।
ਜ਼ਿਲ੍ਹਾ ਮੈਜਿਸਟਰੇਟ ਗੁਲਪ੍ਰੀਤ ਸਿੰਘ ਔਲਖ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਹੁਕਮ ਜਾਰੀ ਕੀਤੇ ਹਨ। ਇਹ ਪਾਬੰਦੀ 15 ਸਤੰਬਰ, ਦਿਨ ਮੰਗਲਵਾਰ ਨੂੰ ਪੂਰੇ ਜ਼ਿਲ੍ਹੇ ਵਿੱਚ ਲਾਗੂ ਰਹੇਗੀ।
15 ਸਤੰਬਰ ਨੂੰ ਮੀਟ ਅਤੇ ਆਂਡਿਆਂ ਦੀ ਵਿਕਰੀ ’ਤੇ ਪਾਬੰਦੀ
ਜਾਰੀ ਹੁਕਮਾਂ ਅਨੁਸਾਰ, 15 ਸਤੰਬਰ ਨੂੰ ਨਵਾਂਸ਼ਹਿਰ ਜ਼ਿਲ੍ਹੇ ਦੀ ਹਦੂਦ ਅੰਦਰ ਮੀਟ ਅਤੇ ਆਂਡੇ ਦੀਆਂ ਦੁਕਾਨਾਂ ਬੰਦ ਰੱਖਣੀਆਂ ਹੋਣਗੀਆਂ। ਇਸ ਦੇ ਨਾਲ ਹੀ ਸਾਰੇ ਸਲਾਟਰ ਹਾਊਸ ਵੀ ਬੰਦ ਰਹਿਣਗੇ।ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਫੈਸਲਾ ਜੈਨ ਧਰਮ ਦੇ ਪਵਿੱਤਰ ਤਿਉਹਾਰ ਸੰਵਤਸਰੀ ਦੇ ਮੱਦੇਨਜ਼ਰ ਲਿਆ ਹੈ। ਇਸ ਦਿਨ ਜ਼ਿਲ੍ਹੇ ਵਿੱਚ ਮੀਟ ਅਤੇ ਆਂਡਿਆਂ ਦੀ ਵਿਕਰੀ ਨਹੀਂ ਕੀਤੀ ਜਾ ਸਕੇਗੀ।
ਐਸ.ਐਸ. ਜੈਨ ਸਭਾ ਦੀ ਬੇਨਤੀ ’ਤੇ ਜਾਰੀ ਹੋਏ ਹੁਕਮ
ਇਹ ਹੁਕਮ ਐਸ.ਐਸ. ਜੈਨ ਸਭਾ (ਰਜਿ.), ਨਵਾਂਸ਼ਹਿਰ ਦੀ ਬੇਨਤੀ ’ਤੇ ਜਾਰੀ ਕੀਤੇ ਗਏ ਹਨ। ਸਭਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੰਵਤਸਰੀ ਦੇ ਪਵਿੱਤਰ ਦਿਹਾੜੇ ਨੂੰ ਜੈਨ ਧਰਮ ਦੀਆਂ ਮਾਨਤਾਵਾਂ ਅਨੁਸਾਰ ਮਨਾਉਣ ਲਈ ਮੀਟ ਅਤੇ ਆਂਡਿਆਂ ਦੀ ਵਿਕਰੀ ’ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਗਈ ਸੀ।ਸਭਾ ਨੇ ਇਸ ਦਿਨ ਨੂੰ ‘ਅਹਿੰਸਾ ਦਿਵਸ’ ਵਜੋਂ ਮਨਾਉਣ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਇਹ ਮੰਗ ਰੱਖੀ ਸੀ। ਇਸ ਤੋਂ ਬਾਅਦ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਾਬੰਦੀ ਸਬੰਧੀ ਹੁਕਮ ਜਾਰੀ ਕੀਤੇ ਗਏ।
ਕੀ ਹੈ ਸੰਵਤਸਰੀ ਤਿਉਹਾਰ ਦੀ ਮਹੱਤਤਾ?
ਸੰਵਤਸਰੀ ਜੈਨ ਧਰਮ ਦਾ ਇੱਕ ਮਹੱਤਵਪੂਰਨ ਅਤੇ ਪਵਿੱਤਰ ਤਿਉਹਾਰ ਹੈ। ਇਸ ਦਿਨ ਨੂੰ ਅਹਿੰਸਾ, ਆਤਮ-ਚਿੰਤਨ, ਖਿਮਾ ਅਤੇ ਧਾਰਮਿਕ ਸ਼ਰਧਾ ਨਾਲ ਜੋੜਿਆ ਜਾਂਦਾ ਹੈ।ਇਸੇ ਧਾਰਮਿਕ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਨਵਾਂਸ਼ਹਿਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 15 ਸਤੰਬਰ ਨੂੰ ਮੀਟ ਅਤੇ ਆਂਡਿਆਂ ਦੀਆਂ ਦੁਕਾਨਾਂ ਦੇ ਨਾਲ-ਨਾਲ ਸਾਰੇ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।
