ਗੁਆਂਢੀ ਦੇ ਘਰ ਨੂੰ ਸਮਝਿਆ ਸੀ ਦਿਲਜੀਤ ਦੋਸਾਂਝ ਦਾ ਮਕਾਨ
ਮਿਲੀ ਜਾਣਕਾਰੀ ਮੁਤਾਬਕ, ਇਹ ਘਟਨਾ 7 ਅਕਤੂਬਰ ਦੀ ਹੈ। ਦਿਲਜੀਤ ਦੋਸਾਂਝ ਦੇ ਜੱਦੀ ਪਿੰਡ ਦੋਸਾਂਝ ਕਲਾਂ ਵਿੱਚ ਇੱਕ ਘਰ ਦੀ ਕੰਧ ’ਤੇ ਸਪਰੇਅ ਪੇਂਟ ਨਾਲ ‘ਖਾਲਿਸਤਾਨ ਜ਼ਿੰਦਾਬਾਦ’ ਸਮੇਤ ਕੁਝ ਨਾਅਰੇ ਲਿਖੇ ਗਏ ਸਨ। ਕੰਧ ’ਤੇ ਦਿਲਜੀਤ ਦੋਸਾਂਝ ਦਾ ਨਾਂ ਵੀ ਲਿਖਿਆ ਗਿਆ ਸੀ।ਇਸ ਤੋਂ ਬਾਅਦ ਚਰਚਾ ਫੈਲ ਗਈ ਕਿ ਇਹ ਨਾਅਰੇ ਗਾਇਕ ਦੇ ਆਪਣੇ ਘਰ ’ਤੇ ਲਿਖੇ ਗਏ ਹਨ। ਪਰ ਬਾਅਦ ਵਿੱਚ ਪਤਾ ਲੱਗਿਆ ਕਿ ਜਿਸ ਘਰ ਦੀ ਕੰਧ ’ਤੇ ਨਾਅਰੇ ਲਿਖੇ ਗਏ ਸਨ, ਉਹ ਦਿਲਜੀਤ ਦੋਸਾਂਝ ਦਾ ਨਹੀਂ, ਸਗੋਂ ਉਨ੍ਹਾਂ ਦੇ ਇੱਕ ਗੁਆਂਢੀ ਦਾ ਸੀ।
ਮੋਗਾ ਦੇ ਰਹਿਣ ਵਾਲੇ ਤਿੰਨ ਵਿਅਕਤੀ ਗ੍ਰਿਫ਼ਤਾਰ
ਇਸ ਮਾਮਲੇ ਵਿੱਚ ਪੁਲਿਸ ਨੇ ਲਵਪ੍ਰੀਤ ਸਿੰਘ, ਪ੍ਰਿਤਪਾਲ ਸਿੰਘ ਅਤੇ ਸ਼ਗਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨਾਂ ਨੂੰ 15 ਅਕਤੂਬਰ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ।ਫਿਲੌਰ ਦੇ ਡੀਐੱਸਪੀ ਭਾਰਤ ਮਸੀਹ ਨੇ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ ਹੈ। ਪੁਲਿਸ ਵੱਲੋਂ ਹੁਣ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਇਸ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਮਕਾਨ ਮਾਲਕ ਮੁਖਤਿਆਰ ਨੇ ਦੱਸਿਆ ਸੀ ਕਿ ਸਪਰੇਅ ਪੇਂਟ ਦੀ ਤੇਜ਼ ਬਦਬੂ ਕਾਰਨ ਉਸ ਦੀ ਨੀਂਦ ਖੁੱਲ੍ਹ ਗਈ। ਜਦੋਂ ਉਹ ਘਰ ਤੋਂ ਬਾਹਰ ਆਇਆ ਤਾਂ ਉਸ ਨੇ ਕੁਝ ਮੂੰਹ ਬੰਨ੍ਹੇ ਹੋਏ ਵਿਅਕਤੀਆਂ ਨੂੰ ਦੇਖਿਆ। ਉਸ ਵੱਲੋਂ ਝਿੜਕਣ ’ਤੇ ਉਹ ਮੌਕੇ ਤੋਂ ਫ਼ਰਾਰ ਹੋ ਗਏ।ਮੁਖਤਿਆਰ ਮੁਤਾਬਕ, ਬਾਅਦ ਵਿੱਚ ਉਸ ਨੇ ਕੰਧ ’ਤੇ ਲਿਖੇ ਨਾਅਰੇ ਦੇਖੇ। ਉਸ ਨੇ ਖ਼ਦਸ਼ਾ ਜਤਾਇਆ ਸੀ ਕਿ ਸ਼ਾਇਦ ਉਨ੍ਹਾਂ ਵਿਅਕਤੀਆਂ ਨੇ ਗਲਤੀ ਨਾਲ ਉਸ ਦੇ ਘਰ ਨੂੰ ਦਿਲਜੀਤ ਦੋਸਾਂਝ ਦਾ ਘਰ ਸਮਝ ਲਿਆ ਹੋਵੇ, ਕਿਉਂਕਿ ਗਾਇਕ ਦਾ ਮਕਾਨ ਉਸੇ ਸੜਕ ’ਤੇ ਕੁਝ ਅੱਗੇ ਸਥਿਤ ਹੈ।
ਮਕਾਨ ਮਾਲਕ ਨੂੰ ਹੋਇਆ ਹਜ਼ਾਰਾਂ ਰੁਪਏ ਦਾ ਨੁਕਸਾਨ
ਇਸ ਘਟਨਾ ਕਾਰਨ ਮਕਾਨ ਮਾਲਕ ਦੀ ਕੰਧ ਵੀ ਖ਼ਰਾਬ ਹੋ ਗਈ। ਮੁਖਤਿਆਰ ਨੇ ਦੱਸਿਆ ਸੀ ਕਿ ਉਸ ਨੂੰ ਕੰਧ ਦੀ ਮੁਰੰਮਤ ਕਰਵਾਉਣ ਲਈ ਲਗਭਗ 5,000 ਤੋਂ 7,000 ਰੁਪਏ ਦਾ ਨੁਕਸਾਨ ਹੋਇਆ ਹੈ।ਫਿਲਹਾਲ, ਤਿੰਨ ਵਿਅਕਤੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁੱਛਗਿੱਛ ਤੋਂ ਬਾਅਦ ਹੀ ਘਟਨਾ ਦੇ ਪਿੱਛੇ ਦੇ ਕਾਰਨਾਂ ਅਤੇ ਮੁਲਜ਼ਮਾਂ ਦੀ ਕਥਿਤ ਭੂਮਿਕਾ ਬਾਰੇ ਹੋਰ ਜਾਣਕਾਰੀ ਸਾਹਮਣੇ ਆਵੇਗੀ। ਮੁਲਜ਼ਮਾਂ ਵਿਰੁੱਧ ਲੱਗੇ ਦੋਸ਼ਾਂ ਬਾਰੇ ਅੰਤਿਮ ਫ਼ੈਸਲਾ ਜਾਂਚ ਅਤੇ ਅਦਾਲਤੀ ਕਾਰਵਾਈ ਤੋਂ ਬਾਅਦ ਹੀ ਹੋਵੇਗਾ।
