‘ਮੇਰੇ ਲਈ ਮੇਰਾ ਪੰਜਾਬ ਸਭ ਤੋਂ ਪਹਿਲਾਂ’
ਬਲਕੌਰ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਲੋਕਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਨੂੰ ਦੇਖਦਿਆਂ ਇਹ ਫੈਸਲਾ ਲੈਣਾ ਜ਼ਰੂਰੀ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਲਈ ਆਪਣਾ ਹਲਕਾ ਅਤੇ ਪੰਜਾਬ ਸਭ ਤੋਂ ਪਹਿਲਾਂ ਹਨ।
ਉਨ੍ਹਾਂ ਨੇ ਕੈਲਗਰੀ ਅਤੇ ਅਮਰੀਕਾ ਵਿੱਚ ਬੈਠੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਇਸ ਵਾਰ ਉਨ੍ਹਾਂ ਵਿਚਕਾਰ ਨਹੀਂ ਪਹੁੰਚ ਸਕਣਗੇ। ਹਾਲਾਂਕਿ, ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਜਲਦ ਹੀ ਨਵੇਂ ਉਤਸ਼ਾਹ ਅਤੇ ਹੋਰ ਬਿਹਤਰ ਪੇਸ਼ਕਾਰੀ ਨਾਲ ਵਾਪਸੀ ਕਰਨਗੇ।
ਕੈਲਗਰੀ ਵਿੱਚ ਹੋਣਾ ਸੀ ਸ਼ੋਅ, ਤਿਆਰੀਆਂ ਸਨ ਮੁਕੰਮਲ
ਜਾਣਕਾਰੀ ਮੁਤਾਬਕ, ਕੈਲਗਰੀ ਵਿੱਚ ਹੋਣ ਵਾਲਾ ਸ਼ੋਅ ਅਗਲੇ ਦਿਨ ਲਈ ਤੈਅ ਸੀ ਅਤੇ ਇਸ ਦੀਆਂ ਤਿਆਰੀਆਂ ਵੀ ਲਗਭਗ ਮੁਕੰਮਲ ਹੋ ਚੁੱਕੀਆਂ ਸਨ। ਪਰ ਪੰਜਾਬ ਦੇ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਮਰੀਕਾ ਵਿੱਚ ਹੋਣ ਵਾਲੇ ਬਾਕੀ ਸ਼ੋਅ ਵੀ ਫਿਲਹਾਲ ਨਹੀਂ ਹੋਣਗੇ।
ਦੂਜੇ ਪਾਸੇ, ਟੋਰਾਂਟੋ ਅਤੇ ਵੈਨਕੂਵਰ ਵਿੱਚ ਹੋ ਚੁੱਕੇ ਸ਼ੋਅਜ਼ ਲਈ ਬਲਕੌਰ ਸਿੰਘ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਉੱਥੇ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਵੱਲੋਂ ਭਰਵਾਂ ਪਿਆਰ ਦਿੱਤਾ ਗਿਆ ਅਤੇ ਸ਼ੋਅ ਹਾਊਸਫੁੱਲ ਰਹੇ।
ਪਰਵਿੰਦਰ ਝੋਟਾ ਦੀ ਮੌਤ ਤੋਂ ਬਾਅਦ ਪੰਜਾਬ ‘ਚ ਰੋਸ
ਜ਼ਿਕਰਯੋਗ ਹੈ ਕਿ 13 ਅਕਤੂਬਰ ਨੂੰ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਨਾਲ ਜੁੜੀ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਰੋਸ ਪ੍ਰਦਰਸ਼ਨ ਜਾਰੀ ਹਨ। ਇਸ ਮਾਮਲੇ ਨੂੰ ਲੈ ਕੇ ਲੋਕਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਕਈ ਪੰਜਾਬੀ ਕਲਾਕਾਰ ਵੀ ਪਰਵਿੰਦਰ ਝੋਟਾ ਦੇ ਪਰਿਵਾਰ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਇਨਸਾਫ਼ ਮਿਲਣ ਤੱਕ ਪਰਿਵਾਰ ਦਾ ਸਾਥ ਦੇਣ ਦੀ ਗੱਲ ਕਹਿ ਰਹੇ ਹਨ।
ਬਲਕੌਰ ਸਿੰਘ ਸਿੱਧੂ ਦਾ ਇਹ ਫੈਸਲਾ ਵੀ ਪੰਜਾਬ ਦੇ ਮੌਜੂਦਾ ਹਾਲਾਤ ਨਾਲ ਜੁੜਿਆ ਹੋਇਆ ਹੈ। ਉਹ ਮਾਨਸਾ ਦੇ ਨੇੜਲੇ ਪਿੰਡ ਮੂਸਾ ਦੇ ਰਹਿਣ ਵਾਲੇ ਹਨ ਅਤੇ ਇਲਾਕੇ ਨਾਲ ਉਨ੍ਹਾਂ ਦਾ ਡੂੰਘਾ ਸਬੰਧ ਹੈ। ਇਸ ਸਮੇਂ ਉਨ੍ਹਾਂ ਵੱਲੋਂ ਟੂਰ ਮੁਲਤਵੀ ਕਰਨ ਦੇ ਫੈਸਲੇ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਹੁਣ ਬਾਕੀ ਸ਼ੋਅਜ਼ ਦੀਆਂ ਨਵੀਆਂ ਤਰੀਕਾਂ ਦਾ ਇੰਤਜ਼ਾਰ ਰਹੇਗਾ।
