ਕਰਵਾਚੌਥ ਵਰਤ ਕਥਾ: ਸੱਤ ਭਰਾਵਾਂ ਦੀ ਇਕਲੌਤੀ ਭੈਣ ਸੀ ਵੀਰਾਵਤੀ
ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਸਾਹੂਕਾਰ ਦੇ ਸੱਤ ਪੁੱਤਰ ਅਤੇ ਇੱਕ ਧੀ ਸੀ, ਜਿਸ ਦਾ ਨਾਮ ਵੀਰਾਵਤੀ ਸੀ। ਸੱਤ ਭਰਾਵਾਂ ਦੀ ਇਕਲੌਤੀ ਭੈਣ ਹੋਣ ਕਰਕੇ ਉਹ ਸਾਰਿਆਂ ਦੀ ਬਹੁਤ ਲਾਡਲੀ ਸੀ।ਇੱਕ ਵਾਰ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਨੂੰ ਵੀਰਾਵਤੀ ਨੇ ਆਪਣੀ ਮਾਂ ਅਤੇ ਭਰਾਵਾਂ ਦੀਆਂ ਪਤਨੀਆਂ ਨਾਲ ਕਰਵਾਚੌਥ ਦਾ ਵਰਤ ਰੱਖਿਆ। ਸਾਰਾ ਦਿਨ ਭੁੱਖੇ-ਪਿਆਸੇ ਰਹਿਣ ਕਾਰਨ ਸ਼ਾਮ ਤੱਕ ਉਸ ਦੀ ਹਾਲਤ ਕਮਜ਼ੋਰ ਹੋਣ ਲੱਗੀ।
ਰਾਤ ਨੂੰ ਜਦੋਂ ਉਸ ਦੇ ਭਰਾ ਭੋਜਨ ਕਰਨ ਬੈਠੇ, ਤਾਂ ਉਨ੍ਹਾਂ ਨੇ ਵੀਰਾਵਤੀ ਨੂੰ ਵੀ ਖਾਣਾ ਖਾਣ ਲਈ ਕਿਹਾ। ਪਰ ਉਸ ਨੇ ਦੱਸਿਆ ਕਿ ਉਹ ਚੰਦਰਮਾ ਦੇ ਦਰਸ਼ਨ ਕਰਨ ਅਤੇ ਅਰਘ ਦੇਣ ਤੋਂ ਬਾਅਦ ਹੀ ਵਰਤ ਖੋਲ੍ਹੇਗੀ।
ਭਰਾਵਾਂ ਨੇ ਚੰਦਰਮਾ ਨਿਕਲਣ ਦਾ ਪਾਇਆ ਭੁਲੇਖਾ
ਆਪਣੀ ਭੈਣ ਨੂੰ ਭੁੱਖ ਨਾਲ ਤੜਫਦਾ ਦੇਖ ਕੇ ਭਰਾਵਾਂ ਨੇ ਇੱਕ ਤਰਕੀਬ ਸੋਚੀ। ਉਨ੍ਹਾਂ ਨੇ ਇੱਕ ਉੱਚੀ ਥਾਂ ’ਤੇ ਅੱਗ ਜਗਾ ਕੇ ਅਜਿਹਾ ਭੁਲੇਖਾ ਪੈਦਾ ਕੀਤਾ, ਜਿਵੇਂ ਚੰਦਰਮਾ ਨਿਕਲ ਆਇਆ ਹੋਵੇ। ਇਸ ਤੋਂ ਬਾਅਦ ਉਨ੍ਹਾਂ ਨੇ ਵੀਰਾਵਤੀ ਨੂੰ ਕਿਹਾ ਕਿ ਚੰਦਰਮਾ ਦੇ ਦਰਸ਼ਨ ਹੋ ਗਏ ਹਨ ਅਤੇ ਹੁਣ ਉਹ ਆਪਣਾ ਵਰਤ ਖੋਲ੍ਹ ਸਕਦੀ ਹੈ।
ਵੀਰਾਵਤੀ ਦੀਆਂ ਭਾਬੀਆਂ ਨੇ ਉਸ ਨੂੰ ਸਮਝਾਇਆ ਕਿ ਹਾਲੇ ਚੰਦਰਮਾ ਨਹੀਂ ਚੜ੍ਹਿਆ, ਸਗੋਂ ਉਸ ਦੇ ਭਰਾ ਉਸ ਨੂੰ ਵਰਤ ਖੁਲ੍ਹਵਾਉਣ ਲਈ ਭੁਲੇਖਾ ਦੇ ਰਹੇ ਹਨ। ਪਰ ਵੀਰਾਵਤੀ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ ਅਤੇ ਨਕਲੀ ਚੰਦਰਮਾ ਨੂੰ ਅਰਘ ਦੇ ਕੇ ਭੋਜਨ ਕਰਨਾ ਸ਼ੁਰੂ ਕਰ ਦਿੱਤਾ।
ਵਰਤ ਖੋਲ੍ਹਦੇ ਹੀ ਮਿਲੀ ਪਤੀ ਦੀ ਬਿਮਾਰੀ ਦੀ ਖ਼ਬਰ
ਕਥਾ ਅਨੁਸਾਰ, ਜਿਵੇਂ ਹੀ ਵੀਰਾਵਤੀ ਨੇ ਭੋਜਨ ਕਰਨਾ ਸ਼ੁਰੂ ਕੀਤਾ, ਉਸ ਨਾਲ ਅਸ਼ੁਭ ਘਟਨਾਵਾਂ ਵਾਪਰਨ ਲੱਗੀਆਂ। ਪਹਿਲੀ ਬੁਰਕੀ ਵਿੱਚ ਵਾਲ ਨਿਕਲਿਆ, ਦੂਜੀ ਬੁਰਕੀ ਖਾਂਦਿਆਂ ਉਸ ਨੂੰ ਛਿੱਕ ਆ ਗਈ ਅਤੇ ਤੀਜੀ ਬੁਰਕੀ ਵੇਲੇ ਉਸ ਨੂੰ ਆਪਣੇ ਪਤੀ ਦੀ ਗੰਭੀਰ ਬਿਮਾਰੀ ਦਾ ਸੁਨੇਹਾ ਮਿਲਿਆ।ਇਹ ਖ਼ਬਰ ਸੁਣ ਕੇ ਵੀਰਾਵਤੀ ਤੁਰੰਤ ਆਪਣੇ ਸਹੁਰੇ ਘਰ ਪਹੁੰਚੀ। ਉੱਥੇ ਉਸ ਨੇ ਆਪਣੇ ਪਤੀ ਨੂੰ ਮ੍ਰਿਤਕ ਹਾਲਤ ਵਿੱਚ ਦੇਖਿਆ ਅਤੇ ਉਹ ਦੁੱਖ ਨਾਲ ਰੋਣ ਲੱਗ ਪਈ।
ਕਰਵਾ ਮਾਤਾ ਦੇ ਆਸ਼ੀਰਵਾਦ ਨਾਲ ਪਤੀ ਨੂੰ ਮਿਲਿਆ ਜੀਵਨਦਾਨ
ਧਾਰਮਿਕ ਕਥਾ ਮੁਤਾਬਕ, ਇਸ ਸਮੇਂ ਦੇਵੀ ਇੰਦਰਾਣੀ ਪ੍ਰਗਟ ਹੋਈ ਅਤੇ ਉਨ੍ਹਾਂ ਨੇ ਵੀਰਾਵਤੀ ਨੂੰ ਦੱਸਿਆ ਕਿ ਉਸ ਨੇ ਗ਼ਲਤ ਸਮੇਂ ਵਰਤ ਤੋੜਿਆ ਸੀ। ਦੇਵੀ ਨੇ ਉਸ ਨੂੰ ਅਗਲੇ ਸਾਲ ਪੂਰੀ ਸ਼ਰਧਾ ਅਤੇ ਵਿਧੀ-ਵਿਧਾਨ ਨਾਲ ਕਰਵਾਚੌਥ ਦਾ ਵਰਤ ਰੱਖਣ ਦੀ ਸਲਾਹ ਦਿੱਤੀ।
ਵੀਰਾਵਤੀ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਉਸ ਨੇ ਭਗਵਾਨ ਗਣੇਸ਼ ਅਤੇ ਕਰਵਾ ਮਾਤਾ ਅੱਗੇ ਪ੍ਰਾਰਥਨਾ ਕੀਤੀ ਅਤੇ ਪੂਰੀ ਸ਼ਰਧਾ ਨਾਲ ਵਰਤ ਰੱਖਣ ਦਾ ਸੰਕਲਪ ਲਿਆ।ਕਥਾ ਅਨੁਸਾਰ, ਅਗਲੇ ਸਾਲ ਕਰਵਾਚੌਥ ਮੌਕੇ ਵੀਰਾਵਤੀ ਨੇ ਪੂਰੀ ਵਿਧੀ ਨਾਲ ਪੂਜਾ ਕੀਤੀ। ਉਸ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਕਰਵਾ ਮਾਤਾ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਅਤੇ ਉਸ ਦੇ ਪਤੀ ਨੂੰ ਮੁੜ ਜੀਵਨ ਪ੍ਰਾਪਤ ਹੋਇਆ।
ਕਰਵਾਚੌਥ ’ਤੇ ਕਥਾ ਪੜ੍ਹਨ ਦਾ ਕੀ ਹੈ ਮਹੱਤਵ?
ਕਰਵਾਚੌਥ ਦੀ ਇਹ ਪ੍ਰਸਿੱਧ ਵਰਤ ਕਥਾ ਸ਼ਰਧਾ, ਵਿਸ਼ਵਾਸ ਅਤੇ ਧੀਰਜ ਦਾ ਸੰਦੇਸ਼ ਦਿੰਦੀ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਦਿਨ ਔਰਤਾਂ ਪੂਜਾ ਕਰਨ ਤੋਂ ਬਾਅਦ ਵਰਤ ਕਥਾ ਪੜ੍ਹਦੀਆਂ ਜਾਂ ਸੁਣਦੀਆਂ ਹਨ ਅਤੇ ਆਪਣੇ ਪਤੀ ਦੀ ਲੰਬੀ ਉਮਰ ਤੇ ਵਿਆਹੁਤਾ ਜੀਵਨ ਵਿੱਚ ਸੁਖ-ਸ਼ਾਂਤੀ ਦੀ ਕਾਮਨਾ ਕਰਦੀਆਂ ਹਨ।
