ਤਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ (TASMAC) ਵੱਲੋਂ ਲਏ ਗਏ ਇਸ ਫੈਸਲੇ ਤਹਿਤ ਭਾਰਤੀ ਬਣੀ ਵਿਦੇਸ਼ੀ ਸ਼ਰਾਬ (IMFL), ਬੀਅਰ ਅਤੇ ਵਾਈਨ ਦੀ ਹਰੇਕ ਬੋਤਲ ‘ਤੇ 10 ਰੁਪਏ ਵਾਧੂ ਦੇਣੇ ਪੈਣਗੇ। ਇਸ ਫੈਸਲੇ ਤੋਂ ਬਾਅਦ ਰਾਜ ਦੇ ਸ਼ਰਾਬ ਦੇ ਪ੍ਰਚੂਨ ਆਊਟਲੈੱਟਾਂ ‘ਤੇ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਣਗੀਆਂ।
ਹਰ ਬੋਤਲ ‘ਤੇ ਲੱਗੇਗਾ 10 ਰੁਪਏ ਦਾ ਵਾਧੂ ਸੈੱਸ
TASMAC ਦੇ ਸਰਕੂਲਰ ਅਨੁਸਾਰ, ਨਵੀਂ ਫੀਸ ਸ਼ਰਾਬ ਦੀ ਖਰੀਦ ਸਮੇਂ ਹੀ ਕੀਮਤ ਵਿੱਚ ਜੋੜ ਦਿੱਤੀ ਜਾਵੇਗੀ। ਇਸ ਸਬੰਧੀ ਸਥਾਨਕ ਨਿਰਮਾਤਾਵਾਂ, ਸਪਲਾਇਰਾਂ ਅਤੇ ਸਪਲਾਈ ਚੇਨ ਨਾਲ ਜੁੜੀਆਂ ਹੋਰ ਧਿਰਾਂ ਨੂੰ ਆਪਣੇ ਕੀਮਤ ਢਾਂਚੇ ਵਿੱਚ ਲੋੜੀਂਦੇ ਬਦਲਾਅ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਵਾਤਾਵਰਣ ਅਤੇ ਸਮਾਜਿਕ ਭਲਾਈ ਦੇ ਕੰਮਾਂ ਲਈ ਹੋਵੇਗੀ ਵਰਤੋਂ
ਅਧਿਕਾਰੀਆਂ ਮੁਤਾਬਕ, ਇਸ ਨਵੇਂ ਸੈੱਸ ਰਾਹੀਂ ਸਰਕਾਰ ਨੂੰ ਵਾਧੂ ਮਾਲੀਆ ਮਿਲਣ ਦੀ ਉਮੀਦ ਹੈ। ਇਸ ਰਕਮ ਦੀ ਵਰਤੋਂ ਵਾਤਾਵਰਣ ਦੀ ਸੁਰੱਖਿਆ ਅਤੇ ਸਮਾਜਿਕ ਭਲਾਈ ਨਾਲ ਜੁੜੇ ਸਰਕਾਰੀ ਕੰਮਾਂ ਲਈ ਕੀਤੀ ਜਾਵੇਗੀ।
ਖਾਲੀ ਬੋਤਲ ਵਾਪਸ ਕਰਨ ‘ਤੇ ਮਿਲਣਗੇ 10 ਰੁਪਏ
ਇਸ ਨਵੇਂ ਨਿਯਮ ਦੀ ਇੱਕ ਖ਼ਾਸ ਗੱਲ ਇਹ ਵੀ ਹੈ ਕਿ ਗਾਹਕ ਆਪਣੀ ਖਾਲੀ ਸ਼ਰਾਬ ਦੀ ਬੋਤਲ ਅਧਿਕਾਰਤ ਵਿਕਰੇਤਾ ਕੋਲ ਵਾਪਸ ਕਰਕੇ 10 ਰੁਪਏ ਵਾਪਸ ਲੈ ਸਕਣਗੇ। ਇਸ ਤਰ੍ਹਾਂ ਬੋਤਲਾਂ ਨੂੰ ਇਕੱਠਾ ਕਰਨ ਅਤੇ ਵਾਤਾਵਰਣ ਨੂੰ ਸਾਫ਼ ਰੱਖਣ ਵਿੱਚ ਮਦਦ ਮਿਲਣ ਦੀ ਉਮੀਦ ਹੈ।
QR ਕੋਡ ਰਾਹੀਂ ਹੋਵੇਗੀ ਕੀਮਤਾਂ ਦੀ ਜਾਂਚ
TASMAC ਨੇ ਨਿਰਮਾਤਾਵਾਂ ਅਤੇ ਥੋਕ ਡਿਪੂਆਂ ਨੂੰ ਬੋਤਲਾਂ ‘ਤੇ QR ਕੋਡ ਰਾਹੀਂ ਕੀਮਤਾਂ ਦੀ ਸਹੀ ਲੇਬਲਿੰਗ ਯਕੀਨੀ ਬਣਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਦੁਕਾਨਾਂ ਦੇ ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਨਿਰਧਾਰਤ ਕੀਮਤ ਤੋਂ ਵੱਧ ਕੋਈ ਵੀ ਗੈਰ-ਅਧਿਕਾਰਤ ਰਕਮ ਨਾ ਵਸੂਲਣ।
ਇਸ ਫੈਸਲੇ ਨਾਲ ਤਮਿਲਨਾਡੂ ਵਿੱਚ ਸ਼ਰਾਬ ਦੀ ਖਰੀਦਦਾਰੀ ਕਰਨ ਵਾਲੇ ਗਾਹਕਾਂ ਦੀ ਜੇਬ ‘ਤੇ ਵਾਧੂ ਬੋਝ ਪਵੇਗਾ, ਹਾਲਾਂਕਿ ਖਾਲੀ ਬੋਤਲ ਵਾਪਸ ਕਰਨ ‘ਤੇ 10 ਰੁਪਏ ਵਾਪਸ ਮਿਲਣ ਦੀ ਸਹੂਲਤ ਵੀ ਦਿੱਤੀ ਗਈ ਹੈ।
