ਦਿਵਿਤ ਦੀ ਮ੍ਰਿਤਕ ਦੇਹ ਨੂੰ ਪਹਿਲਾਂ ਉਨ੍ਹਾਂ ਦੇ ਘਰ ਲਿਆਂਦਾ ਗਿਆ, ਜਿਸ ਤੋਂ ਬਾਅਦ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਪਿਤਾ ਦਿਨੇਸ਼ ਔਲਖ ਨੇ ਆਪਣੇ ਪੁੱਤਰ ਦੀ ਚਿਖਾ ਨੂੰ ਅਗਨੀ ਦਿਖਾਈ। ਮਾਹੌਲ ਉਸ ਸਮੇਂ ਬੇਹੱਦ ਭਾਵੁਕ ਹੋ ਗਿਆ, ਜਦੋਂ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਨਮ ਅੱਖਾਂ ਨਾਲ ਦਿਵਿਤ ਨੂੰ ਅੰਤਿਮ ਵਿਦਾਈ ਦਿੱਤੀ।
ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਦਿੱਤਾ ਮੋਢਾ
ਦਿਵਿਤ ਔਲਖ ਦੀ ਅੰਤਿਮ ਵਿਦਾਈ ਵਿੱਚ ਪੰਜਾਬੀ ਸੰਗੀਤ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਸ਼ਾਮਲ ਹੋਈਆਂ। ਗਿੱਪੀ ਗਰੇਵਾਲ, ਬੱਬੂ ਮਾਨ, ਜੈਜ਼ੀ ਬੀ, ਅੰਮ੍ਰਿਤ ਮਾਨ ਅਤੇ ਸਤਿੰਦਰ ਸਰਤਾਜ ਸਮੇਤ ਕਈ ਕਲਾਕਾਰਾਂ ਨੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦਿੱਤਾ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਇਸ ਤੋਂ ਇਲਾਵਾ ਜਲੰਧਰ ਦੇ ਮੇਅਰ ਵਿਨੀਤ ਧੀਰ ਅਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਸਮੇਤ ਕਈ ਸਿਆਸੀ ਅਤੇ ਸਮਾਜਿਕ ਹਸਤੀਆਂ ਵੀ ਅੰਤਿਮ ਸੰਸਕਾਰ ਵਿੱਚ ਪਹੁੰਚੀਆਂ।
ਕਿਵੇਂ ਵਾਪਰਿਆ ਸੀ ਹਾਦਸਾ?
ਦੱਸ ਦੇਈਏ ਕਿ ਦਿਵਿਤ ਔਲਖ ਦੀ ਮੌਤ 1 ਨਵੰਬਰ ਦੀ ਸਵੇਰ ਜਲੰਧਰ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਹੋਈ ਸੀ। ਜਾਣਕਾਰੀ ਅਨੁਸਾਰ ਜਨਮਦਿਨ ਦੇ ਜਸ਼ਨ ਤੋਂ ਬਾਅਦ ਦਿਵਿਤ ਆਪਣੇ ਇੱਕ ਦੋਸਤ ਨਾਲ ਕਾਰ ਵਿੱਚ ਜਾ ਰਹੇ ਸਨ।ਇਸ ਦੌਰਾਨ ਪੁਲਿਸ ਲਾਈਨਜ਼ ਫਲਾਈਓਵਰ ਨੇੜੇ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਖੜ੍ਹੇ ਨਗਰ ਨਿਗਮ ਦੇ ਟਰੈਕਟਰ-ਟਰਾਲੇ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦਿਵਿਤ ਅਤੇ ਉਨ੍ਹਾਂ ਦੇ ਦੋਸਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦਿਵਿਤ ਦੇ ਦੇਹਾਂਤ ਦੀ ਖ਼ਬਰ ਨੇ ਔਲਖ ਪਰਿਵਾਰ ਦੇ ਨਾਲ-ਨਾਲ ਪੂਰੇ ਪੰਜਾਬੀ ਸੰਗੀਤ ਜਗਤ ਨੂੰ ਸਦਮੇ ਵਿੱਚ ਪਾ ਦਿੱਤਾ। ਗਿੱਪੀ ਗਰੇਵਾਲ, ਜੈਜ਼ੀ ਬੀ, ਨੀਰੂ ਬਾਜਵਾ, ਮਿਸ ਪੂਜਾ, ਬਿੰਨੂ ਢਿੱਲੋਂ, ਰਣਜੀਤ ਬਾਵਾ ਅਤੇ ਸੁਨੰਦਾ ਸ਼ਰਮਾ ਸਮੇਤ ਕਈ ਕਲਾਕਾਰਾਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।ਦਿਵਿਤ ਔਲਖ ਦੀ ਬੇਵਕਤੀ ਮੌਤ ਨਾਲ ਪਰਿਵਾਰ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਸੋਗ ਦੀ ਲਹਿਰ ਹੈ। ਅੰਤਿਮ ਸੰਸਕਾਰ ਮੌਕੇ ਪੰਜਾਬੀ ਇੰਡਸਟਰੀ ਦੀਆਂ ਹਸਤੀਆਂ ਦੀ ਮੌਜੂਦਗੀ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਉਨ੍ਹਾਂ ਦੀ ਸਾਂਝ ਨੂੰ ਦਰਸਾਇਆ।
