ਰੋਨਾਲਡੋ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕਰਕੇ ਆਪਣੇ ਸੰਨਿਆਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹੁਣ ਪੁਰਤਗਾਲ ਦੀ ਰਾਸ਼ਟਰੀ ਟੀਮ ਦੀ ਨੰਬਰ 7 ਜਰਸੀ ਅਗਲੀ ਪੀੜ੍ਹੀ ਦੇ ਖਿਡਾਰੀਆਂ ਨੂੰ ਸੌਂਪਣ ਦਾ ਸਮਾਂ ਆ ਗਿਆ ਹੈ। ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਪੁਰਤਗਾਲ ਹਮੇਸ਼ਾ ਉਨ੍ਹਾਂ ਦੇ ਦਿਲ ਵਿੱਚ ਰਹੇਗਾ।
2003 ਵਿੱਚ ਸ਼ੁਰੂ ਹੋਇਆ ਸੀ ਰੋਨਾਲਡੋ ਦਾ ਸਫ਼ਰ
ਕ੍ਰਿਸਟੀਆਨੋ ਰੋਨਾਲਡੋ ਨੇ ਅਗਸਤ 2003 ਵਿੱਚ ਕਜ਼ਾਕਿਸਤਾਨ ਖ਼ਿਲਾਫ਼ ਮੈਚ ਨਾਲ ਪੁਰਤਗਾਲ ਦੀ ਰਾਸ਼ਟਰੀ ਟੀਮ ਲਈ ਆਪਣਾ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਫੁੱਟਬਾਲ ਦੀ ਦੁਨੀਆ ਵਿੱਚ ਕਈ ਵੱਡੇ ਰਿਕਾਰਡ ਆਪਣੇ ਨਾਮ ਕੀਤੇ।23 ਸਾਲਾਂ ਦੇ ਕਰੀਅਰ ਦੌਰਾਨ ਰੋਨਾਲਡੋ ਨੇ ਪੁਰਤਗਾਲ ਲਈ 234 ਮੈਚ ਖੇਡੇ ਅਤੇ 146 ਗੋਲ ਕੀਤੇ। ਉਹ ਪੁਰਸ਼ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਸਭ ਤੋਂ ਵੱਧ ਮੈਚ ਖੇਡਣ ਅਤੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਹਨ।
6 ਵਿਸ਼ਵ ਕੱਪ ਖੇਡਣ ਵਾਲੇ ਪਹਿਲੇ ਖਿਡਾਰੀ ਬਣੇ
ਰੋਨਾਲਡੋ ਦੇ ਕਰੀਅਰ ਦੀ ਇੱਕ ਵੱਡੀ ਪ੍ਰਾਪਤੀ ਇਹ ਰਹੀ ਕਿ ਉਨ੍ਹਾਂ ਨੇ ਛੇ ਫੀਫਾ ਵਿਸ਼ਵ ਕੱਪ ਟੂਰਨਾਮੈਂਟਾਂ ਵਿੱਚ ਪੁਰਤਗਾਲ ਦੀ ਨੁਮਾਇੰਦਗੀ ਕੀਤੀ। ਉਹ ਛੇ ਵੱਖ-ਵੱਖ ਵਿਸ਼ਵ ਕੱਪਾਂ ਵਿੱਚ ਗੋਲ ਕਰਨ ਵਾਲੇ ਦੁਨੀਆ ਦੇ ਪਹਿਲੇ ਪੁਰਸ਼ ਫੁੱਟਬਾਲਰ ਵੀ ਬਣੇ।ਉਨ੍ਹਾਂ ਨੇ 2006 ਤੋਂ 2026 ਤੱਕ ਵਿਸ਼ਵ ਕੱਪ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਛੇ ਵਾਰ ਯੂਰਪੀਅਨ ਚੈਂਪੀਅਨਸ਼ਿਪ ਵਿੱਚ ਵੀ ਆਪਣੀ ਟੀਮ ਦੀ ਨੁਮਾਇੰਦਗੀ ਕੀਤੀ।
ਪੁਰਤਗਾਲ ਨੂੰ ਦਿਵਾਇਆ ਯੂਰੋ 2016 ਦਾ ਖਿਤਾਬ
ਰੋਨਾਲਡੋ ਦੀ ਕਪਤਾਨੀ ਹੇਠ ਪੁਰਤਗਾਲ ਨੇ 2016 ਵਿੱਚ ਪਹਿਲੀ ਵਾਰ ਯੂਰਪੀਅਨ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਟੀਮ ਨੇ 2019 ਅਤੇ 2025 ਵਿੱਚ UEFA Nations League ਦਾ ਖਿਤਾਬ ਵੀ ਆਪਣੇ ਨਾਮ ਕੀਤਾ।ਰੋਨਾਲਡੋ ਨੇ ਆਪਣੇ ਕਰੀਅਰ ਵਿੱਚ ਕਈ ਵੱਡੇ ਟੂਰਨਾਮੈਂਟਾਂ ਵਿੱਚ ਟੀਮ ਦੀ ਅਗਵਾਈ ਕੀਤੀ ਅਤੇ ਪੁਰਤਗਾਲ ਨੂੰ ਵਿਸ਼ਵ ਫੁੱਟਬਾਲ ਵਿੱਚ ਨਵੀਂ ਪਛਾਣ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਰੋਨਾਲਡੋ ਦਾ ਇਹ ਐਲਾਨ ਪੁਰਤਗਾਲੀ ਟੀਮ ਦੇ ਕੋਚ ਜੋਰਜ ਜੀਸਸ ਨਾਲ ਹੋਏ ਮਤਭੇਦਾਂ ਤੋਂ ਬਾਅਦ ਆਇਆ ਹੈ। ਪਿਛਲੇ ਸਮੇਂ ਦੌਰਾਨ ਖੇਡਣ ਦੇ ਮੌਕੇ ਅਤੇ ਟੀਮ ਪ੍ਰਬੰਧਨ ਨੂੰ ਲੈ ਕੇ ਦੋਵਾਂ ਵਿਚਾਲੇ ਵਿਵਾਦ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਇਸ ਤੋਂ ਬਾਅਦ ਰੋਨਾਲਡੋ ਨੇ ਟੀਮ ਦਾ ਕੈਂਪ ਵੀ ਛੱਡ ਦਿੱਤਾ ਸੀ ਅਤੇ ਫੁੱਟਬਾਲ ਫੈਡਰੇਸ਼ਨ ਵੱਲੋਂ ਉਨ੍ਹਾਂ ‘ਤੇ 30 ਦਿਨਾਂ ਦੀ ਪਾਬੰਦੀ ਲਗਾਈ ਗਈ ਸੀ।
ਅਲ ਨਸਰ ਲਈ ਖੇਡਣਾ ਜਾਰੀ ਰੱਖਣਗੇ ਰੋਨਾਲਡੋ
ਪੁਰਤਗਾਲ ਦੀ ਰਾਸ਼ਟਰੀ ਟੀਮ ਤੋਂ ਸੰਨਿਆਸ ਲੈਣ ਦੇ ਬਾਵਜੂਦ ਰੋਨਾਲਡੋ ਦਾ ਕਲੱਬ ਕਰੀਅਰ ਜਾਰੀ ਰਹੇਗਾ। ਉਹ ਸਾਊਦੀ ਅਰਬ ਦੇ ਕਲੱਬ ਅਲ ਨਸਰ ਵੱਲੋਂ ਖੇਡਦੇ ਰਹਿਣਗੇ।ਇਸ ਤਰ੍ਹਾਂ 23 ਸਾਲਾਂ ਦਾ ਅੰਤਰਰਾਸ਼ਟਰੀ ਸਫ਼ਰ 234 ਮੈਚਾਂ ਅਤੇ 146 ਗੋਲਾਂ ਨਾਲ ਖ਼ਤਮ ਹੋ ਗਿਆ ਹੈ। ਹੁਣ ਪੁਰਤਗਾਲ ਦੇ ਪ੍ਰਸ਼ੰਸਕਾਂ ਨੂੰ ਮੈਦਾਨ ‘ਤੇ ਨੰਬਰ 7 ਦੀ ਜਰਸੀ ਵਿੱਚ ਆਪਣੇ ਇਸ ਮਹਾਨ ਖਿਡਾਰੀ ਦੀ ਕਮੀ ਜ਼ਰੂਰ ਮਹਿਸੂਸ ਹੋਵੇਗੀ।
