NCR ਵਾਲੇ ਜ਼ਿਲ੍ਹਿਆਂ ਵਿੱਚ ਸਾਲ ਭਰ ਪਟਾਕਿਆਂ ‘ਤੇ ਬੈਨ
ਹਰਿਆਣਾ ਸਰਕਾਰ ਦੇ ਹੁਕਮਾਂ ਅਨੁਸਾਰ ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਸ਼ਾਮਲ ਜ਼ਿਲ੍ਹਿਆਂ ਵਿੱਚ ਪਟਾਕਿਆਂ ਦੇ ਨਿਰਮਾਣ, ਸਟੋਰੇਜ, ਵਿਕਰੀ ਅਤੇ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਇੱਥੇ ਲੋਕ ਸਾਲ ਦੇ ਕਿਸੇ ਵੀ ਸਮੇਂ ਪਟਾਕੇ ਨਹੀਂ ਚਲਾ ਸਕਣਗੇ।
ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜਨਤਕ ਨੋਟਿਸ ਮੁਤਾਬਕ, ਇਹ ਪਾਬੰਦੀ ਸੁਪਰੀਮ ਕੋਰਟ ਦੇ 17 ਜਨਵਰੀ 2025 ਦੇ ਨਿਰਦੇਸ਼ਾਂ ਤੋਂ ਬਾਅਦ ਲਾਗੂ ਕੀਤੀ ਗਈ ਸੀ। ਇਸ ਤੋਂ ਬਾਅਦ 28 ਫਰਵਰੀ 2025 ਨੂੰ ਵਾਤਾਵਰਣ ਸੁਰੱਖਿਆ ਐਕਟ ਤਹਿਤ ਸਰਕਾਰ ਨੇ ਹੁਕਮ ਜਾਰੀ ਕੀਤੇ ਸਨ।
ਗੈਰ-NCR ਜ਼ਿਲ੍ਹਿਆਂ ਵਿੱਚ ਸਿਰਫ਼ ਹਰੇ ਪਟਾਕਿਆਂ ਦੀ ਇਜਾਜ਼ਤ
ਸਰਕਾਰ ਨੇ ਗੈਰ-NCR ਜ਼ਿਲ੍ਹਿਆਂ ਲਈ ਵੀ ਸਖ਼ਤ ਨਿਯਮ ਬਣਾਏ ਹਨ। ਇਨ੍ਹਾਂ ਇਲਾਕਿਆਂ ਵਿੱਚ ਲੜੀਆਂ ਅਤੇ ਆਮ ਪਟਾਕਿਆਂ ਦੇ ਨਿਰਮਾਣ, ਵਿਕਰੀ ਅਤੇ ਵਰਤੋਂ ‘ਤੇ ਪਾਬੰਦੀ ਰਹੇਗੀ। ਦੀਵਾਲੀ ਅਤੇ ਗੁਰੂਪਰਬ ਵਰਗੇ ਤਿਉਹਾਰਾਂ ‘ਤੇ ਸਿਰਫ਼ ਪ੍ਰਵਾਨਿਤ ਹਰੇ ਪਟਾਕੇ ਹੀ ਚਲਾਏ ਜਾ ਸਕਣਗੇ।
ਦੀਵਾਲੀ ‘ਤੇ ਰਾਤ 8 ਤੋਂ 10 ਵਜੇ ਤੱਕ ਹੀ ਚਲਾ ਸਕੋਗੇ ਪਟਾਕੇ
ਹਰਿਆਣਾ ਸਰਕਾਰ ਵੱਲੋਂ ਪਟਾਕੇ ਚਲਾਉਣ ਲਈ ਸਮਾਂ ਵੀ ਨਿਰਧਾਰਤ ਕੀਤਾ ਗਿਆ ਹੈ। ਦੀਵਾਲੀ ਅਤੇ ਗੁਰੂਪਰਬ ਮੌਕੇ ਰਾਤ 8 ਵਜੇ ਤੋਂ 10 ਵਜੇ ਤੱਕ ਹੀ ਹਰੇ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ।ਇਸੇ ਤਰ੍ਹਾਂ ਕ੍ਰਿਸਮਸ ਅਤੇ ਨਵੇਂ ਸਾਲ ਦੀ ਸ਼ਾਮ ਨੂੰ ਰਾਤ 11:55 ਵਜੇ ਤੋਂ ਅਗਲੇ ਦਿਨ 12:30 ਵਜੇ ਤੱਕ ਹੀ ਹਰੇ ਪਟਾਕੇ ਚਲਾਏ ਜਾ ਸਕਣਗੇ।
ਪਟਾਕਿਆਂ ਵਿੱਚ ਬੇਰੀਅਮ ਲੂਣ ਦੀ ਵਰਤੋਂ ‘ਤੇ ਵੀ ਪਾਬੰਦੀ
ਸਰਕਾਰ ਨੇ ਪਟਾਕਿਆਂ ਵਿੱਚ ਬੇਰੀਅਮ ਲੂਣ ਦੀ ਵਰਤੋਂ ‘ਤੇ ਵੀ ਪੂਰੀ ਤਰ੍ਹਾਂ ਰੋਕ ਲਗਾਈ ਹੈ। ਇਸ ਦਾ ਮਕਸਦ ਹਵਾ ਵਿੱਚ ਫੈਲਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨਾ ਅਤੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਕਰਨਾ ਹੈ।
ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲੋਕਾਂ ਨੂੰ ਕੀਤੀ ਅਪੀਲ
ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਯੋਗੇਸ਼ ਕੁਮਾਰ ਨੇ ਆਮ ਲੋਕਾਂ ਅਤੇ ਪਟਾਕਿਆਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਸਰਕਾਰ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਸਰਕਾਰ ਦੇ ਇਨ੍ਹਾਂ ਨਵੇਂ ਨਿਯਮਾਂ ਤੋਂ ਬਾਅਦ ਹਰਿਆਣਾ ਦੇ ਲੋਕਾਂ ਲਈ ਇਸ ਵਾਰ ਦੀਵਾਲੀ ‘ਤੇ ਪਟਾਕੇ ਚਲਾਉਣ ਨੂੰ ਲੈ ਕੇ ਕਈ ਪਾਬੰਦੀਆਂ ਰਹਿਣਗੀਆਂ। ਖ਼ਾਸ ਕਰਕੇ NCR ਖੇਤਰ ਵਿੱਚ ਲੋਕਾਂ ਨੂੰ ਪਟਾਕਿਆਂ ਤੋਂ ਬਿਨਾਂ ਹੀ ਦੀਵਾਲੀ ਮਨਾਉਣੀ ਪਵੇਗੀ, ਜਦਕਿ ਗੈਰ-NCR ਇਲਾਕਿਆਂ ਵਿੱਚ ਨਿਰਧਾਰਤ ਸਮੇਂ ਦੌਰਾਨ ਸਿਰਫ਼ ਹਰੇ ਪਟਾਕੇ ਚਲਾਉਣ ਦੀ ਛੋਟ ਹੋਵੇਗੀ।
