ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਨੀਟੂ ਸ਼ਟਰਾਂ ਵਾਲਾ ਨੇ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਉਮੀਦਵਾਰਾਂ ਨੂੰ ਚੋਣ ਲੜਨ ਲਈ ਟਿਕਟਾਂ ਬਿਲਕੁਲ ਮੁਫ਼ਤ ਦਿੱਤੀਆਂ ਜਾਣਗੀਆਂ। ਟਿਕਟਾਂ ਦੇ ਬਦਲੇ ਕਿਸੇ ਵੀ ਉਮੀਦਵਾਰ ਤੋਂ ਇੱਕ ਰੁਪਿਆ ਵੀ ਨਹੀਂ ਲਿਆ ਜਾਵੇਗਾ।
ਨੀਟੂ ਨੇ ਕਿਹਾ ਕਿ ਉਮੀਦਵਾਰਾਂ ਨੂੰ ਸਿਰਫ਼ ਆਪਣੇ ਹਲਕੇ ਵਿੱਚ ਜਾ ਕੇ ਲੋਕਾਂ ਦਾ ਸਮਰਥਨ ਹਾਸਲ ਕਰਨਾ ਪਵੇਗਾ। ਪਾਰਟੀ ਦੀ ਪੂਰੀ ਟੀਮ ਉਨ੍ਹਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰੇਗੀ। ਇਸ ਟੀਮ ਵਿੱਚ ਨੀਟੂ ਸ਼ਟਰਾਂ ਵਾਲਾ, ਚਿੰਕੂ ਸ਼ੀਸ਼ਾ, ਰਣਜੀਤ ਕੌਰ ਅਤੇ ਜ਼ਿੰਦਾ ਹੰਸ ਸਮੇਤ ਹੋਰ ਸਾਥੀ ਸ਼ਾਮਲ ਹੋਣਗੇ।
ਫ਼ਿਲਮ ‘ਪ੍ਰਧਾਨ ਮੰਤਰੀ’ ਨੂੰ ਲੈ ਕੇ ਵੀ ਕੀਤਾ ਖੁਲਾਸਾ
ਇਸ ਦੌਰਾਨ ਨੀਟੂ ਸ਼ਟਰਾਂ ਵਾਲਾ ਨੇ ਆਪਣੀ ਆਉਣ ਵਾਲੀ ਫ਼ਿਲਮ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਫ਼ਿਲਮ ‘ਪ੍ਰਧਾਨ ਮੰਤਰੀ’ ਜਲਦ ਆਉਣ ਵਾਲੀ ਹੈ, ਜਿਸ ਵਿੱਚ ਉਹ ਖ਼ੁਦ ਪ੍ਰਧਾਨ ਮੰਤਰੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਲੈ ਕੇ ਉਨ੍ਹਾਂ ਨੂੰ ਕਾਫ਼ੀ ਮਾਣ ਮਹਿਸੂਸ ਹੋ ਰਿਹਾ ਹੈ।
ਸਿਆਸੀ ਆਗੂਆਂ ਦੇ ਕਾਫ਼ਲਿਆਂ ‘ਤੇ ਸਾਧਿਆ ਨਿਸ਼ਾਨਾ
ਨੀਟੂ ਸ਼ਟਰਾਂ ਵਾਲਾ ਨੇ ਮੌਜੂਦਾ ਸਿਆਸੀ ਆਗੂਆਂ ਦੇ ਵੱਡੇ ਕਾਫ਼ਲਿਆਂ, ਸੁਰੱਖਿਆ ਪ੍ਰਬੰਧਾਂ ਅਤੇ ਸਰਕਾਰੀ ਖ਼ਰਚਿਆਂ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪੰਜਾਬ ਆਰਥਿਕ ਤੌਰ ‘ਤੇ ਕਮਜ਼ੋਰ ਨਹੀਂ ਹੈ, ਸਗੋਂ ਆਗੂਆਂ ਵੱਲੋਂ ਕੀਤੇ ਜਾਂਦੇ ਬੇਲੋੜੇ ਖ਼ਰਚੇ ਚਿੰਤਾ ਦਾ ਵਿਸ਼ਾ ਹਨ।ਉਨ੍ਹਾਂ ਸਵਾਲ ਕੀਤਾ ਕਿ ਜੇਕਰ ਆਗੂਆਂ ਨੇ ਜਨਤਾ ਲਈ ਚੰਗਾ ਕੰਮ ਕੀਤਾ ਹੈ ਅਤੇ ਆਪਣੇ ਵਾਅਦੇ ਪੂਰੇ ਕੀਤੇ ਹਨ ਤਾਂ ਉਨ੍ਹਾਂ ਨੂੰ ਇੰਨੀ ਸੁਰੱਖਿਆ ਦੀ ਲੋੜ ਕਿਉਂ ਪੈਂਦੀ ਹੈ?
ਅਖੀਰ ਵਿੱਚ ਨੀਟੂ ਸ਼ਟਰਾਂ ਵਾਲਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਵਾਇਤੀ ਸਿਆਸੀ ਪਾਰਟੀਆਂ ਨੂੰ ਕਈ ਵਾਰ ਮੌਕਾ ਦੇ ਚੁੱਕੇ ਹਨ। ਹੁਣ ਇੱਕ ਵਾਰ ਉਨ੍ਹਾਂ ਦੀ ਪਾਰਟੀ ਨੂੰ ਵੀ ਅਜ਼ਮਾ ਕੇ ਦੇਖਣ।ਹੁਣ ਦੇਖਣਾ ਹੋਵੇਗਾ ਕਿ ‘ਚੁੰਮੇ ਵਾਲੀ ਭਾਬੀ’ ਦੀ ਇਹ ਸਿਆਸੀ ਐਂਟਰੀ ਅਤੇ ਨੀਟੂ ਸ਼ਟਰਾਂ ਵਾਲੇ ਦੇ ਚੋਣਾਂ ਸਬੰਧੀ ਐਲਾਨ ਪੰਜਾਬ ਦੀ ਸਿਆਸਤ ਵਿੱਚ ਕਿੰਨੀ ਚਰਚਾ ਬਟੋਰਦੇ ਹਨ।

