ਖ਼ਾਸ ਗੱਲ ਇਹ ਹੈ ਕਿ ਸਮੈ ਨੇ ਇਹ ਕਾਮਯਾਬੀ ਉਸ ਸਮੇਂ ਹਾਸਲ ਕੀਤੀ ਹੈ, ਜਦੋਂ ‘ਇੰਡੀਆਜ਼ ਗੌਟ ਲੇਟੈਂਟ’ ਨਾਲ ਜੁੜੇ ਵਿਵਾਦ ਤੋਂ ਬਾਅਦ ਉਨ੍ਹਾਂ ਦੇ ਕਰੀਅਰ ਵਿੱਚ ਕਾਫ਼ੀ ਉਤਰਾਅ-ਚੜ੍ਹਾਅ ਆਏ ਸਨ। ਆਲੋਚਨਾ, ਕਾਨੂੰਨੀ ਮੁਸ਼ਕਲਾਂ ਅਤੇ ਸ਼ੋਅ ਬੰਦ ਹੋਣ ਦੇ ਬਾਵਜੂਦ ਸਮੈ ਨੇ ਜ਼ਬਰਦਸਤ ਵਾਪਸੀ ਕੀਤੀ ਹੈ।
ਯੂਟਿਊਬ ਨੇ ਖੁਦ ਕੀਤੀ ਸਮੈ ਰੈਨਾ ਦੀ ਪ੍ਰਾਪਤੀ ਦੀ ਤਾਰੀਫ਼
ਗੂਗਲ ਇੰਡੀਆ ਦੇ ਬਲੌਗ ‘ਤੇ ਯੂਟਿਊਬ ਨੇ ਸਮੈ ਰੈਨਾ ਦੀ ਇਸ ਪ੍ਰਾਪਤੀ ਦਾ ਜ਼ਿਕਰ ਕੀਤਾ ਹੈ। ਪਲੇਟਫਾਰਮ ਨੇ ਉਨ੍ਹਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਮੈ ਨੇ ਆਪਣੇ ਕੰਟੈਂਟ ਰਾਹੀਂ ਇੱਕ ਮਜ਼ਬੂਤ ਭਾਈਚਾਰਾ ਬਣਾਇਆ ਹੈ।ਯੂਟਿਊਬ ਮੁਤਾਬਕ ਗ੍ਰੈਂਡਮਾਸਟਰਾਂ ਨਾਲ ਮਜ਼ੇਦਾਰ ਗੱਲਬਾਤ ਤੋਂ ਲੈ ਕੇ ‘ਇੰਡੀਆਜ਼ ਗੌਟ ਲੇਟੈਂਟ’ ਨੂੰ ਵੱਡਾ ਸ਼ੋਅ ਬਣਾਉਣ ਤੱਕ, ਸਮੈ ਨੇ ਆਪਣੇ ਚੈਨਲ ਨੂੰ ਲੱਖਾਂ ਲੋਕਾਂ ਲਈ ਇੱਕ ਖ਼ਾਸ ਆਨਲਾਈਨ ਮੰਜ਼ਿਲ ਬਣਾਇਆ ਹੈ।
ਸਮੈ ਰੈਨਾ ਦੀ ਇਹ ਪ੍ਰਾਪਤੀ ਭਾਰਤ ਵਿੱਚ ਯੂਟਿਊਬ ਚੈਨਲਾਂ ਦੀ ਪੇਡ ਮੈਂਬਰਸ਼ਿਪ ਦੇ ਵਧਦੇ ਰੁਝਾਨ ਨੂੰ ਵੀ ਦਰਸਾਉਂਦੀ ਹੈ।ਯੂਟਿਊਬ ਵੱਲੋਂ ਸਾਂਝੇ ਕੀਤੇ ਅੰਕੜਿਆਂ ਮੁਤਾਬਕ ਜੂਨ 2026 ਵਿੱਚ ਭਾਰਤ ਵਿੱਚ 12 ਲੱਖ ਤੋਂ ਵੱਧ ਲੋਕਾਂ ਨੇ ਘੱਟੋ-ਘੱਟ ਇੱਕ ਯੂਟਿਊਬ ਚੈਨਲ ਦੀ ਮੈਂਬਰਸ਼ਿਪ ਖਰੀਦੀ ਸੀ। ਇਸ ਤੋਂ ਇਲਾਵਾ ਭਾਰਤੀ ਕੰਟੈਂਟ ਕ੍ਰੀਏਟਰਾਂ ਦੀ ਮੈਂਬਰਸ਼ਿਪ ਤੋਂ ਹੋਣ ਵਾਲੀ ਕਮਾਈ ਵਿੱਚ ਪਿਛਲੇ ਸਾਲ ਦੇ ਮੁਕਾਬਲੇ 25 ਫ਼ੀਸਦੀ ਤੋਂ ਵੱਧ ਵਾਧਾ ਦਰਜ ਕੀਤਾ ਗਿਆ।
‘ਇੰਡੀਆਜ਼ ਗੌਟ ਲੇਟੈਂਟ’ ਵਿਵਾਦ ਨੇ ਬਦਲ ਦਿੱਤੀ ਸੀ ਸਮੈ ਦੀ ਜ਼ਿੰਦਗੀ
ਸਾਲ 2025 ਵਿੱਚ ‘ਇੰਡੀਆਜ਼ ਗੌਟ ਲੇਟੈਂਟ’ ਨਾਲ ਜੁੜਿਆ ਵਿਵਾਦ ਸਮੈ ਰੈਨਾ ਦੇ ਕਰੀਅਰ ਲਈ ਵੱਡਾ ਝਟਕਾ ਸਾਬਤ ਹੋਇਆ ਸੀ। ਫਰਵਰੀ 2025 ਵਿੱਚ ਸ਼ੋਅ ਦੇ ਇੱਕ ਐਪੀਸੋਡ ਦੌਰਾਨ ਯੂਟਿਊਬਰ ਅਤੇ ਪੋਡਕਾਸਟਰ ਰਣਵੀਰ ਅੱਲ੍ਹਾਬਾਦੀਆ ਵੱਲੋਂ ਕੀਤੇ ਗਏ ਵਿਵਾਦਤ ਮਜ਼ਾਕ ਤੋਂ ਬਾਅਦ ਦੇਸ਼ ਭਰ ਵਿੱਚ ਹੰਗਾਮਾ ਹੋ ਗਿਆ ਸੀ।
ਇਸ ਮਾਮਲੇ ਵਿੱਚ ਸਮੈ ਰੈਨਾ, ਰਣਵੀਰ ਅੱਲ੍ਹਾਬਾਦੀਆ ਅਤੇ ਸ਼ੋਅ ਨਾਲ ਜੁੜੇ ਹੋਰ ਲੋਕਾਂ ਖ਼ਿਲਾਫ਼ ਕਈ ਐੱਫਆਈਆਰ ਦਰਜ ਕੀਤੀਆਂ ਗਈਆਂ ਸਨ। ਬਾਅਦ ਵਿੱਚ ਸ਼ੋਅ ਨਾਲ ਜੁੜੇ ਲੋਕਾਂ ਨੇ ਮੁਆਫ਼ੀ ਵੀ ਮੰਗੀ ਸੀ।ਵਿਵਾਦ ਵਧਣ ਤੋਂ ਬਾਅਦ ਸਮੈ ਨੇ ਆਪਣੇ ਯੂਟਿਊਬ ਚੈਨਲ ਤੋਂ ‘ਇੰਡੀਆਜ਼ ਗੌਟ ਲੇਟੈਂਟ’ ਦੇ ਸਾਰੇ ਐਪੀਸੋਡ ਹਟਾ ਦਿੱਤੇ ਸਨ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਕਰੀਅਰ ਦੇ ਔਖੇ ਦੌਰ ਵਿੱਚੋਂ ਲੰਘਣਾ ਪਿਆ।
‘Still Alive’ ਨਾਲ ਕੀਤੀ ਜ਼ਬਰਦਸਤ ਵਾਪਸੀ
ਵਿਵਾਦ ਤੋਂ ਬਾਅਦ ਸਮੈ ਰੈਨਾ ਨੇ ਹਾਰ ਨਹੀਂ ਮੰਨੀ ਅਤੇ ਆਪਣੇ ਸਟੈਂਡਅੱਪ ਸਪੈਸ਼ਲ ‘Still Alive’ ਨਾਲ ਦਰਸ਼ਕਾਂ ਦੇ ਸਾਹਮਣੇ ਵਾਪਸੀ ਕੀਤੀ। ਇਸ ਤੋਂ ਬਾਅਦ ਸਾਲ 2026 ਵਿੱਚ ਉਨ੍ਹਾਂ ਨੇ ਨੈੱਟਫਲਿਕਸ ਨਾਲ ‘ਇੰਡੀਆਜ਼ ਗੌਟ ਲੇਟੈਂਟ’ ਦਾ ਦੂਜਾ ਸੀਜ਼ਨ ਵੀ ਲਾਂਚ ਕੀਤਾ।ਸ਼ੋਅ ਦੇ ਦੂਜੇ ਸੀਜ਼ਨ ਦੇ ਫਾਈਨਲ ਦੌਰਾਨ ਸਮੈ ਨੇ ਆਪਣੇ ਔਖੇ ਸਮੇਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਵਿਵਾਦ ਤੋਂ ਬਾਅਦ ਉਹ ਕਾਫ਼ੀ ਪਰੇਸ਼ਾਨ ਰਹਿੰਦੇ ਸਨ ਅਤੇ ਸ਼ੋਅ ਦੀ ਵਾਪਸੀ ਨੂੰ ਲੈ ਕੇ ਚੈਟਜੀਪੀਟੀ ਨਾਲ ਵੀ ਗੱਲ ਕਰਦੇ ਸਨ।
ਸਮੈ ਰੈਨਾ ਨੇ ChatGPT ਨੂੰ ਪੁੱਛਿਆ ਸੀ ਇਹ ਸਵਾਲ
ਸਮੈ ਨੇ ਆਪਣੇ ਤਜਰਬੇ ਬਾਰੇ ਦੱਸਦਿਆਂ ਕਿਹਾ ਕਿ ਜਦੋਂ ਉਹ ਕੈਨੇਡਾ ਵਿੱਚ ਸਨ ਤਾਂ ਡਿਪਰੈਸ਼ਨ ਵਿੱਚੋਂ ਲੰਘ ਰਹੇ ਸਨ। ਉਸ ਸਮੇਂ ਉਹ ਚੈਟਜੀਪੀਟੀ ਨੂੰ ਪੁੱਛਦੇ ਸਨ ਕਿ ਆਖ਼ਰ ਸਮੈ ਰੈਨਾ ਆਪਣਾ ਸ਼ੋਅ ਕਦੋਂ ਵਾਪਸ ਲਿਆਏਗਾ।ਉਨ੍ਹਾਂ ਮੁਤਾਬਕ ਚੈਟਜੀਪੀਟੀ ਵੱਲੋਂ ਜਵਾਬ ਮਿਲਦਾ ਸੀ ਕਿ ਫਿਲਹਾਲ ਕੁਝ ਵੀ ਕਹਿਣਾ ਮੁਸ਼ਕਲ ਹੈ। ਇਸ ‘ਤੇ ਉਹ ਮੁੜ ਲਿਖਦੇ ਸਨ, ‘ਪਲੀਜ਼ ਹਾਂ ਕਹਿ ਦੋ।’ਸਮੈ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਨੂੰ ਖ਼ੁਦ ਵੀ ਅੰਦਾਜ਼ਾ ਨਹੀਂ ਸੀ ਕਿ ਸ਼ੋਅ ਇਸ ਤਰ੍ਹਾਂ ਵਾਪਸ ਆਵੇਗਾ।
ਯੂਟਿਊਬ ‘ਤੇ 1.24 ਕਰੋੜ ਤੋਂ ਵੱਧ ਸਬਸਕ੍ਰਾਈਬਰ
ਸਮੈ ਰੈਨਾ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਯੂਟਿਊਬ ਚੈਨਲ ‘ਤੇ ਇਸ ਸਮੇਂ 1.24 ਕਰੋੜ ਤੋਂ ਵੱਧ ਸਬਸਕ੍ਰਾਈਬਰ ਹਨ। ਵਿਵਾਦਾਂ ਤੋਂ ਬਾਅਦ ਮੁੜ ਦਰਸ਼ਕਾਂ ਦਾ ਭਰੋਸਾ ਜਿੱਤਣਾ ਅਤੇ ਨਵੀਂ ਪ੍ਰਾਪਤੀ ਹਾਸਲ ਕਰਨਾ ਉਨ੍ਹਾਂ ਲਈ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ।
ਸਮੈ ਰੈਨਾ ਦੀ ਇਹ ਵਾਪਸੀ ਦਿਖਾਉਂਦੀ ਹੈ ਕਿ ਮੁਸ਼ਕਲ ਦੌਰ ਤੋਂ ਬਾਅਦ ਵੀ ਨਵੇਂ ਸਿਰੇ ਤੋਂ ਸ਼ੁਰੂਆਤ ਕੀਤੀ ਜਾ ਸਕਦੀ ਹੈ। ਹੁਣ ਉਨ੍ਹਾਂ ਦੀ ਇਸ ਨਵੀਂ ਪ੍ਰਾਪਤੀ ਨੇ ਇੱਕ ਵਾਰ ਫਿਰ ਉਨ੍ਹਾਂ ਨੂੰ ਡਿਜੀਟਲ ਦੁਨੀਆ ਦੀਆਂ ਸੁਰਖੀਆਂ ਵਿੱਚ ਲਿਆ ਦਿੱਤਾ ਹੈ।
