Patiala News:ਪਟਿਆਲਾ ਸ਼ਹਿਰ ਦੇ ਦੀਪ ਨਗਰ ਇਲਾਕੇ ਵਿੱਚ ਮੰਗਲਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਇੱਕ ਘਰ ਦੀ ਸੀਵਰੇਜ ਲਾਈਨ ਸਾਫ਼ ਕਰਦੇ ਸਮੇਂ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।
ਮੇਨ ਸੀਵਰੇਜ ਲਾਈਨ ਵਿੱਚ ਉਤਰੇ ਸਨ ਦੋਵੇਂ ਨੌਜਵਾਨ
ਮਿਲੀ ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਬੇਰੁਜ਼ਗਾਰ ਸਨ ਅਤੇ ਪ੍ਰਾਈਵੇਟ ਤੌਰ ‘ਤੇ ਲੋਕਾਂ ਦੇ ਘਰਾਂ ਵਿੱਚ ਸੀਵਰੇਜ ਅਤੇ ਨਾਲੀਆਂ ਦੀ ਸਫ਼ਾਈ ਦਾ ਕੰਮ ਕਰਦੇ ਸਨ। ਮੰਗਲਵਾਰ ਨੂੰ ਇੱਕ ਮਕਾਨ ਦੀ ਮੇਨ ਸੀਵਰੇਜ ਲਾਈਨ ਸਾਫ਼ ਕਰਨ ਲਈ ਜਿਵੇਂ ਹੀ ਉਹ ਅੰਦਰ ਉਤਰੇ, ਉੱਥੇ ਮੌਜੂਦ ਜ਼ਹਿਰੀਲੀ ਗੈਸ ਦੀ ਲਪੇਟ ਵਿੱਚ ਆ ਗਏ। ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਦੀ ਜਾਨ ਨਹੀਂ ਬਚ ਸਕੀ।
ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ
ਹਾਦਸੇ ਦੀ ਖ਼ਬਰ ਮਿਲਦੇ ਹੀ ਪਰਿਵਾਰਕ ਮੈਂਬਰ ਅਤੇ ਇਲਾਕਾ ਵਾਸੀ ਮੌਕੇ ‘ਤੇ ਪਹੁੰਚ ਗਏ। ਦੋਵੇਂ ਨੌਜਵਾਨਾਂ ਦੀ ਅਚਾਨਕ ਮੌਤ ਨਾਲ ਪਰਿਵਾਰਾਂ ਵਿੱਚ ਮਾਤਮ ਛਾ ਗਿਆ ਅਤੇ ਘਰਾਂ ਵਿੱਚ ਰੋਣ-ਪੀਟਣ ਦਾ ਮਾਹੌਲ ਬਣ ਗਿਆ।
ਪ੍ਰਾਈਵੇਟ ਤੌਰ ‘ਤੇ ਲਿਆ ਗਿਆ ਸੀ ਕੰਮ
ਸੂਤਰਾਂ ਅਨੁਸਾਰ, ਭਾਵੇਂ ਨਗਰ ਨਿਗਮ ਕੋਲ ਸੀਵਰੇਜ ਦੀ ਸਫ਼ਾਈ ਲਈ ਠੇਕੇ ‘ਤੇ ਅਤੇ ਪੱਕੇ ਮੁਲਾਜ਼ਮ ਮੌਜੂਦ ਹਨ, ਪਰ ਇਸ ਘਰ ਦੇ ਮਾਲਕ ਵੱਲੋਂ ਪ੍ਰਾਈਵੇਟ ਤੌਰ ‘ਤੇ ਇਨ੍ਹਾਂ ਨੌਜਵਾਨਾਂ ਤੋਂ ਕੰਮ ਕਰਵਾਇਆ ਜਾ ਰਿਹਾ ਸੀ। ਇਸੇ ਦੌਰਾਨ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਸੁਰੱਖਿਆ ਪ੍ਰਬੰਧਾਂ ‘ਤੇ ਉੱਠੇ ਸਵਾਲ
ਇਸ ਘਟਨਾ ਤੋਂ ਬਾਅਦ ਸੀਵਰੇਜ ਦੀ ਸਫ਼ਾਈ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਇੱਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਸੀਵਰੇਜ ਲਾਈਨਾਂ ਵਿੱਚ ਉਤਰਨ ਤੋਂ ਪਹਿਲਾਂ ਸੁਰੱਖਿਆ ਉਪਕਰਨ ਅਤੇ ਜ਼ਹਿਰੀਲੀ ਗੈਸ ਦੀ ਜਾਂਚ ਬਹੁਤ ਜ਼ਰੂਰੀ ਹੁੰਦੀ ਹੈ। ਇਸ ਹਾਦਸੇ ਨੇ ਅਜਿਹੇ ਕੰਮਾਂ ਦੌਰਾਨ ਸੁਰੱਖਿਆ ਨਿਯਮਾਂ ਦੀ ਪਾਲਣਾ ਦੀ ਲੋੜ ਨੂੰ ਇੱਕ ਵਾਰ ਫਿਰ ਉਜਾਗਰ ਕੀਤਾ ਹੈ।