ਰਾਸ਼ਟਰਮੰਡਲ ਖੇਡਾਂ (CWG) 2026 ਵਿੱਚ ਭਾਰਤ ਦੀ ਨੌਜਵਾਨ ਮੁੱਕੇਬਾਜ਼ ਪ੍ਰਿਆ ਘੰਘਾਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਲਈ ਸੋਨ ਤਗਮਾ ਜਿੱਤ ਲਿਆ। ਸਿਰਫ਼ 20 ਸਾਲ ਦੀ ਉਮਰ ਵਿੱਚ ਆਪਣੀਆਂ ਪਹਿਲੀਆਂ ਰਾਸ਼ਟਰਮੰਡਲ ਖੇਡਾਂ ਖੇਡ ਰਹੀ ਪ੍ਰਿਆ ਨੇ ਮਹਿਲਾ 60 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਕੈਨੇਡਾ ਦੀ ਮੈਰੀ ਬਾਥੋਲ ਅਲ ਅਹਮਦੀਆ ਨੂੰ 4-1 ਦੇ ਸਪਲਿਟ ਫੈਸਲੇ ਨਾਲ ਹਰਾਇਆ। ਇਸ ਜਿੱਤ ਨਾਲ ਪ੍ਰਿਆ ਨੇ ਨਾ ਸਿਰਫ਼ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਖਿਤਾਬ ਜਿੱਤਿਆ, ਸਗੋਂ ਭਾਰਤ ਨੂੰ ਬਾਕਸਿੰਗ ਵਿੱਚ ਚੌਥਾ ਸੋਨ ਤਗਮਾ ਵੀ ਦਿਵਾਇਆ।
ਫਾਈਨਲ ਮੁਕਾਬਲੇ ਦੀ ਸ਼ੁਰੂਆਤ ਤੋਂ ਹੀ ਪ੍ਰਿਆ ਘੰਘਾਸ ਨੇ ਹਮਲਾਵਰ ਖੇਡ ਦਿਖਾਈ। ਹਾਲਾਂਕਿ, ਕੈਨੇਡਾ ਦੀ ਮੁੱਕੇਬਾਜ਼ ਨੇ ਵੀ ਸਟੀਕ ਪੰਚਾਂ ਨਾਲ ਸਖ਼ਤ ਟੱਕਰ ਦਿੱਤੀ। ਇਸ ਦੌਰਾਨ ਆਖਰੀ ਰਾਊਂਡ ਵਿੱਚ ਦੋਵੇਂ ਖਿਡਾਰੀਆਂ ਵਿਚਕਾਰ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ। ਭਾਵੇਂ ਪ੍ਰਿਆ ਆਖਰੀ ਪਲਾਂ ਵਿੱਚ ਕੁਝ ਥੱਕੀ ਹੋਈ ਨਜ਼ਰ ਆਈ, ਫਿਰ ਵੀ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਹਮਲਾਵਰ ਰਵੱਈਆ ਜਾਰੀ ਰੱਖਿਆ ਅਤੇ ਸ਼ਾਨਦਾਰ ਪੰਚਾਂ ਦੇ ਦਮ ‘ਤੇ 4-1 ਦੇ ਸਪਲਿਟ ਫੈਸਲੇ ਨਾਲ ਸੋਨ ਤਗਮਾ ਆਪਣੇ ਨਾਮ ਕਰ ਲਿਆ।
ਉੱਥੇ ਹੀ, ਸ਼ਨੀਵਾਰ ਦਾ ਦਿਨ ਭਾਰਤੀ ਬਾਕਸਿੰਗ ਲਈ ਯਾਦਗਾਰ ਰਿਹਾ। ਪ੍ਰਿਆ ਘੰਘਾਸ ਤੋਂ ਪਹਿਲਾਂ ਜੈਸਮੀਨ ਲਾਂਬੋਰੀਆ,ਪ੍ਰੀਤੀ ਪਵਾਰ ਅਤੇਸਾਕਸ਼ੀ ਚੌਧਰੀ ਨੇ ਵੀ ਆਪਣੇ-ਆਪਣੇ ਵਰਗ ਵਿੱਚ ਸੋਨ ਤਗਮੇ ਜਿੱਤੇ।ਜੈਸਮੀਨ ਲਾਂਬੋਰੀਆ ਨੇ ਨਾਰਦਰਨ ਆਇਰਲੈਂਡ ਦੀ ਮਿਕਾਏਲਾ ਵਾਲਜ਼ ਨੂੰ ਹਰਾਇਆ।ਪ੍ਰੀਤੀ ਪਵਾਰ ਨੇ ਕੈਨੇਡਾ ਦੀ ਸਵਾਨਾ ਡੋਲਮਾਗੋ ਨੂੰ ਮਾਤ ਦਿੱਤੀ। ਸਾਕਸ਼ੀ ਚੌਧਰੀ ਨੇ ਇੰਗਲੈਂਡ ਦੀ ਰੂਬੀ ਵਾਈਟ ਨੂੰ ਹਰਾਇਆ ਅਤੇ ਪ੍ਰਿਆ ਘੰਘਾਸ ਨੇ ਕੈਨੇਡਾ ਦੀ ਮੈਰੀ ਬਾਥੋਲ ਅਲ ਅਹਮਦੀਆ ਨੂੰ 4-1 ਨਾਲ ਹਰਾਇਆ।
ਪ੍ਰਿਆ ਘੰਘਾਸ ਦੇ ਸੋਨ ਤਗਮੇ ਨਾਲ ਰਾਸ਼ਟਰਮੰਡਲ ਖੇਡਾਂ 2026 ਵਿੱਚ ਭਾਰਤ ਦੇ ਕੁੱਲ 33 ਤਗਮੇ ਹੋ ਗਏ ਹਨ। ਇਨ੍ਹਾਂ ਵਿੱਚ 10 ਸੋਨ ਤਗਮੇ ਸ਼ਾਮਲ ਹਨ। ਇਸ ਪ੍ਰਦਰਸ਼ਨ ਨਾਲ ਭਾਰਤ ਨੇ ਤਗਮਾ ਸੂਚੀ ਵਿੱਚ ਪੰਜਵਾਂ ਸਥਾਨ ਹਾਸਲ ਕਰ ਲਿਆ ਹੈ।ਪ੍ਰਿਆ ਘੰਘਾਸ ਦੀ ਇਹ ਜਿੱਤ ਭਾਰਤੀ ਬਾਕਸਿੰਗ ਲਈ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ। ਨੌਜਵਾਨ ਮੁੱਕੇਬਾਜ਼ ਨੇ ਆਪਣੇ ਪਹਿਲੇ ਹੀ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਭਵਿੱਖ ਲਈ ਵੱਡੀਆਂ ਉਮੀਦਾਂ ਜਗਾਈਆਂ ਹਨ।