Bollywood News : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜਪਾਲ ਯਾਦਵ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸੈਂਟਰਲ ਬੈਂਕ ਆਫ਼ ਇੰਡੀਆ ਨੇ ਉਨ੍ਹਾਂ ਦੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਸਥਿਤ ਜੱਦੀ ਘਰ ‘ਤੇ ਕਰਜ਼ੇ ਦੀ ਵਸੂਲੀ ਲਈ ਕੁਰਕੀ ਦਾ ਨੋਟਿਸ ਲਗਾਇਆ ਹੈ। ਬੈਂਕ ਮੁਤਾਬਕ ਰਾਜਪਾਲ ਯਾਦਵ ‘ਤੇ ਕਰੀਬ 16.61 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਹੈ।
ਬੈਂਕ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ 34 ਦਿਨਾਂ ਦੇ ਅੰਦਰ ਪੂਰੀ ਬਕਾਇਆ ਰਕਮ ਜਮ੍ਹਾਂ ਨਹੀਂ ਕਰਵਾਈ ਜਾਂਦੀ, ਤਾਂ ਨਿਯਮਾਂ ਅਨੁਸਾਰ ਜਾਇਦਾਦ ਦੀ ਨਿਲਾਮੀ ਕਰ ਦਿੱਤੀ ਜਾਵੇਗੀ।ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਕਰਜ਼ੇ ਦੀ ਅਦਾਇਗੀ ਨਾ ਹੋਣ ਕਾਰਨ ਕੀਤੀ ਗਈ ਹੈ। ਨੋਟਿਸ ਲੱਗਣ ਤੋਂ ਬਾਅਦ ਇਹ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ।
ਹਾਲਾਂਕਿ, ਇਸ ਮਾਮਲੇ ‘ਤੇ ਅਜੇ ਤੱਕ ਨਾ ਤਾਂ ਰਾਜਪਾਲ ਯਾਦਵ ਅਤੇ ਨਾ ਹੀ ਉਨ੍ਹਾਂ ਦੀ ਟੀਮ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਹੈ। ਸਭ ਦੀਆਂ ਨਜ਼ਰਾਂ ਹੁਣ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਅਦਾਕਾਰ ਬੈਂਕ ਦਾ ਕਰਜ਼ਾ ਨਿਰਧਾਰਤ ਸਮੇਂ ਅੰਦਰ ਚੁਕਾਉਂਦੇ ਹਨ ਜਾਂ ਫਿਰ ਬੈਂਕ ਨਿਲਾਮੀ ਦੀ ਕਾਰਵਾਈ ਅੱਗੇ ਵਧਾਉਂਦਾ ਹੈ।