ਮੋਗਾ: ਕੋਟ ਈਸੇ ਖਾਂ ਦੀ SHO ਸੁਨੀਤਾ ਰਾਣੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਾਹਮਣੇ ਆਈ ਇੱਕ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਚਰਚਾ ਛੇੜ ਦਿੱਤੀ ਹੈ। ਰਿਸ਼ਵਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੀ ਗਈ SHO ਵੀਡੀਓ ਵਿੱਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੀ ਨਜ਼ਰ ਆ ਰਹੀ ਹੈ। ਖ਼ਾਸ ਗੱਲ ਇਹ ਰਹੀ ਕਿ ਗੰਭੀਰ ਦੋਸ਼ਾਂ ਅਤੇ ਗ੍ਰਿਫ਼ਤਾਰੀ ਦੇ ਬਾਵਜੂਦ ਉਸ ਦੇ ਚਿਹਰੇ ’ਤੇ ਮੁਸਕਾਨ ਨਜ਼ਰ ਆਈ।
ਜਾਣਕਾਰੀ ਮੁਤਾਬਕ ਵਿਜੀਲੈਂਸ ਬਿਊਰੋ ਨੇ ਕੋਟ ਈਸੇ ਖਾਂ ਦੀ SHO ਸੁਨੀਤਾ ਰਾਣੀ ਅਤੇ ਉਸ ਦੇ ਗੰਨਮੈਨ ਗੁਰਅਵਤਾਰ ਸਿੰਘ ਨੂੰ ਕਥਿਤ ਤੌਰ ’ਤੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ।ਵਿਜੀਲੈਂਸ ਵੱਲੋਂ ਦੋਵਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਮਾਮਲੇ ਵਿੱਚ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ।
ਪੱਤਰਕਾਰਾਂ ਦੇ ਸਵਾਲਾਂ ’ਤੇ SHO ਦਾ ਬੇਬਾਕ ਜਵਾਬ
ਗ੍ਰਿਫ਼ਤਾਰੀ ਤੋਂ ਬਾਅਦ ਸਾਹਮਣੇ ਆਈ ਵੀਡੀਓ ਵਿੱਚ ਪੱਤਰਕਾਰਾਂ ਨੇ ਜਦੋਂ ਸੁਨੀਤਾ ਰਾਣੀ ਤੋਂ ਸਥਿਤੀ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ “ਸਭ ਕੁਝ ਠੀਕ ਹੈ, ਸਭ ਕੁਝ ਠੀਕ ਹੈ।”ਇਸ ਤੋਂ ਬਾਅਦ ਜਦੋਂ ਰਿਸ਼ਵਤ ਦੇ ਦੋਸ਼ਾਂ ਬਾਰੇ ਸਵਾਲ ਕੀਤਾ ਗਿਆ ਤਾਂ ਉਸ ਨੇ ਮੁਸਕਰਾਉਂਦੇ ਹੋਏ ਕਿਹਾ ਕਿ “ਦੇਖੋ, ਜੇਲ੍ਹ ਦਾ ਨਵਾਂ ਮੋਡੀਊਲ ਸ਼ੁਰੂ ਹੋਇਆ ਹੈ, ਦੇਖਦੇ ਹਾਂ ਅੱਗੇ ਕੀ ਹੁੰਦਾ ਹੈ।”ਉਸ ਦੇ ਇਸ ਜਵਾਬ ਨੇ ਉੱਥੇ ਮੌਜੂਦ ਪੱਤਰਕਾਰਾਂ ਦਾ ਵੀ ਧਿਆਨ ਖਿੱਚਿਆ।
‘ਇਨਸਾਨ ਨੂੰ ਬੋਲਡ ਰਹਿਣਾ ਚਾਹੀਦਾ’
ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਇੰਨੀ ਮੁਸ਼ਕਲ ਸਥਿਤੀ ਵਿੱਚ ਵੀ ਉਹ ਮੁਸਕਰਾਹਟ ਕਿਵੇਂ ਬਰਕਰਾਰ ਰੱਖ ਰਹੀ ਹੈ ਤਾਂ SHO ਸੁਨੀਤਾ ਰਾਣੀ ਨੇ ਕਿਹਾ ਕਿ ਇਨਸਾਨ ਨੂੰ ਬੋਲਡ ਰਹਿਣਾ ਚਾਹੀਦਾ ਹੈ।ਉਸ ਨੇ ਕਿਹਾ ਕਿ “ਉਤਰਾਅ-ਚੜ੍ਹਾਅ ਚਲਦੇ ਰਹਿੰਦੇ ਹਨ, ਕੋਈ ਗੱਲ ਨਹੀਂ। ਚੰਗੇ ਦੀ ਉਮੀਦ ਰੱਖੋ।”ਉਸ ਦੇ ਇਸ ਬੇਬਾਕ ਅੰਦਾਜ਼ ਦੀ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਚਰਚਾ
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਕੁਝ ਲੋਕ SHO ਦੇ ਰਵੱਈਏ ’ਤੇ ਸਵਾਲ ਚੁੱਕ ਰਹੇ ਹਨ, ਜਦਕਿ ਕੁਝ ਲੋਕ ਇਸ ਮਾਮਲੇ ਨੂੰ ਪੁਲਿਸ ਵਿਭਾਗ ਅਤੇ ਭ੍ਰਿਸ਼ਟਾਚਾਰ ਨਾਲ ਜੁੜੇ ਵੱਡੇ ਸਵਾਲਾਂ ਦੇ ਰੂਪ ਵਿੱਚ ਦੇਖ ਰਹੇ ਹਨ।ਹਾਲਾਂਕਿ, ਸੋਸ਼ਲ ਮੀਡੀਆ ’ਤੇ ਹੋ ਰਹੀ ਚਰਚਾ ਤੋਂ ਵੱਖ ਮਾਮਲੇ ਵਿੱਚ ਲੱਗੇ ਦੋਸ਼ਾਂ ਦੀ ਅੰਤਿਮ ਸੱਚਾਈ ਜਾਂ ਕਾਨੂੰਨੀ ਜ਼ਿੰਮੇਵਾਰੀ ਦਾ ਫੈਸਲਾ ਜਾਂਚ ਅਤੇ ਅਦਾਲਤੀ ਕਾਰਵਾਈ ਤੋਂ ਹੀ ਹੋਵੇਗਾ।
ਵਿਜੀਲੈਂਸ ਦੀ ਕਾਰਵਾਈ ਜਾਰੀ
ਫਿਲਹਾਲ ਵਿਜੀਲੈਂਸ ਬਿਊਰੋ ਵੱਲੋਂ SHO ਸੁਨੀਤਾ ਰਾਣੀ ਅਤੇ ਗੰਨਮੈਨ ਗੁਰਅਵਤਾਰ ਸਿੰਘ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਜਾਂਚ ਦੌਰਾਨ ਹੋਣ ਵਾਲੇ ਖੁਲਾਸਿਆਂ ਅਤੇ ਅਦਾਲਤ ਵਿੱਚ ਮਾਮਲੇ ਦੀ ਅਗਲੀ ਕਾਰਵਾਈ ’ਤੇ ਨਜ਼ਰ ਰਹੇਗੀ।
