ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਵੱਲੋਂ 6 ਅਕਤੂਬਰ ਤੋਂ ਘਰ-ਘਰ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜਦਕਿ 10 ਨਵੰਬਰ ਤੋਂ ਤਲਵੰਡੀ ਸਾਬੋ ਤੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਬੱਸ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਹ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਮੁਤਾਬਕ ਇਹ ਫੈਸਲੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹਲਕਾ ਇੰਚਾਰਜਾਂ ਅਤੇ ਆਬਜ਼ਰਵਰਾਂ ਨਾਲ ਹੋਈ ਮੀਟਿੰਗ ਵਿੱਚ ਲਏ ਗਏ।
6 ਅਕਤੂਬਰ ਤੋਂ ਸ਼ੁਰੂ ਹੋਵੇਗੀ ਘਰ-ਘਰ ਮੁਹਿੰਮ
ਪਾਰਟੀ ਵੱਲੋਂ 6 ਅਕਤੂਬਰ ਨੂੰ ਅਟਾਰੀ ਤੋਂ ਘਰ-ਘਰ ਪ੍ਰਚਾਰ ਮੁਹਿੰਮ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ। ਇਸ ਮੁਹਿੰਮ ਨੂੰ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਤੱਕ ਲਿਜਾਣ ਦਾ ਟੀਚਾ ਰੱਖਿਆ ਗਿਆ ਹੈ।ਪਾਰਟੀ ਆਗੂਆਂ ਅਨੁਸਾਰ ਇਸ ਦੌਰਾਨ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਸੁਝਾਅ ਅਤੇ ਰਾਇ ਲਈ ਜਾਵੇਗੀ। ਖਾਸ ਤੌਰ ’ਤੇ ਲੋਕਾਂ ਤੋਂ ਪੁੱਛਿਆ ਜਾਵੇਗਾ ਕਿ ਆਉਣ ਵਾਲੇ ਚੋਣ ਮਨੋਰਥ ਪੱਤਰ ਵਿੱਚ ਕਿਹੜੇ ਮੁੱਦਿਆਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।ਪਾਰਟੀ ਮੁਤਾਬਕ ਇਹ ਮੁਹਿੰਮ 25 ਅਕਤੂਬਰ ਤੱਕ ਪੂਰੀ ਕਰਨ ਦਾ ਟੀਚਾ ਹੈ।
1 ਨਵੰਬਰ ਨੂੰ ਜਾਰੀ ਹੋਵੇਗਾ ਚੋਣ ਮਨੋਰਥ ਪੱਤਰ
ਘਰ-ਘਰ ਮੁਹਿੰਮ ਦੌਰਾਨ ਲੋਕਾਂ ਤੋਂ ਮਿਲਣ ਵਾਲੇ ਸੁਝਾਵਾਂ ਦੇ ਆਧਾਰ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣਾ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾਵੇਗਾ।ਪਾਰਟੀ ਨੇ 1 ਨਵੰਬਰ ਨੂੰ ਚੋਣ ਮਨੋਰਥ ਪੱਤਰ ਜਾਰੀ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਮੁਤਾਬਕ ਮਨੋਰਥ ਪੱਤਰ ਕਮੇਟੀ ਵੱਲੋਂ ਪਹਿਲਾਂ ਹੀ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ਼੍ਰੇਣੀਆਂ ਦੇ ਵਿੰਗਾਂ ਤੋਂ ਸੁਝਾਅ ਲਏ ਜਾ ਚੁੱਕੇ ਹਨ।ਇਸ ਤੋਂ ਇਲਾਵਾ ਕਿਸਾਨਾਂ, ਵਪਾਰੀਆਂ, ਨੌਜਵਾਨਾਂ ਅਤੇ ਸਰਕਾਰੀ ਮੁਲਾਜ਼ਮਾਂ ਨਾਲ ਵੀ ਮੀਟਿੰਗਾਂ ਕਰਕੇ ਉਨ੍ਹਾਂ ਦੇ ਮੁੱਦੇ ਜਾਣਨ ਦੀ ਗੱਲ ਕਹੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਬੱਸ ਯਾਤਰਾ 10 ਨਵੰਬਰ ਨੂੰ ਤਲਵੰਡੀ ਸਾਬੋ ਤੋਂ ਸ਼ੁਰੂ ਹੋਵੇਗੀ।ਪਾਰਟੀ ਆਗੂਆਂ ਮੁਤਾਬਕ ਇਸ ਯਾਤਰਾ ਦੌਰਾਨ ਸੁਖਬੀਰ ਬਾਦਲ ਰੋਜ਼ਾਨਾ 2 ਤੋਂ 3 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਨਗੇ। ਪਾਰਟੀ ਨੇ ਇਸਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਜਨ ਸੰਪਰਕ ਪ੍ਰੋਗਰਾਮ ਦਾ ਹਿੱਸਾ ਦੱਸਿਆ ਹੈ।
5 ਅਕਤੂਬਰ ਤੋਂ ਮਹਿਲਾ ਨਸ਼ਾ ਵਿਰੋਧੀ ਮੁਹਿੰਮ
ਇਸਦੇ ਨਾਲ ਹੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ 5 ਅਕਤੂਬਰ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਮਹਿਲਾ ਨਸ਼ਾ ਵਿਰੋਧੀ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।ਪਾਰਟੀ ਮੁਤਾਬਕ ਇਸ ਪੜਾਅ ਦਾ ਨਾਮ ‘ਮਾਵਾਂ ਧੀਆਂ ਦੀ ਲਲਕਾਰ, ਬੰਦ ਕਰੋ ਨਸ਼ਾ ਵਪਾਰ’ ਰੱਖਿਆ ਗਿਆ ਹੈ। ਪਾਰਟੀ ਨੇ ਇਸ ਮੁਹਿੰਮ ਨੂੰ ਸੂਬੇ ਦੇ ਹਰ ਘਰ ਤੱਕ ਪਹੁੰਚਾਉਣ ਦਾ ਟੀਚਾ ਦੱਸਿਆ ਹੈ।
8 ਦਸੰਬਰ ਨੂੰ ਕਿੱਲੀ ਚਾਹਲਾਂ ਵਿੱਚ ਵੱਡੀ ਰੈਲੀ
ਸ਼੍ਰੋਮਣੀ ਅਕਾਲੀ ਦਲ ਵੱਲੋਂ 8 ਦਸੰਬਰ ਨੂੰ ਮੋਗਾ ਦੇ ਪਿੰਡ ਕਿੱਲੀ ਚਾਹਲਾਂ ਵਿੱਚ ਵੱਡੀ ਜਨਤਕ ਰੈਲੀ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।ਇਹ ਰੈਲੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ਮੌਕੇ ਕੀਤੀ ਜਾਵੇਗੀ।
ਸੋਸ਼ਲ ਮੀਡੀਆ ’ਤੇ ਕਥਿਤ ਕੂੜ ਪ੍ਰਚਾਰ ਲਈ 10 ਮੈਂਬਰੀ ਕਮੇਟੀ
ਡਾ. ਦਲਜੀਤ ਸਿੰਘ ਚੀਮਾ ਨੇ ਇਹ ਵੀ ਦੱਸਿਆ ਕਿ ਪਾਰਟੀ ਅਤੇ ਇਸਦੇ ਆਗੂਆਂ ਖ਼ਿਲਾਫ਼ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਕੀਤੇ ਜਾਂਦੇ ਕਥਿਤ ਕੂੜ ਪ੍ਰਚਾਰ ਨਾਲ ਨਜਿੱਠਣ ਲਈ 10 ਮੈਂਬਰੀ ਵਕੀਲਾਂ ਦੀ ਕਮੇਟੀ ਬਣਾਈ ਗਈ ਹੈ।ਉਨ੍ਹਾਂ ਮੁਤਾਬਕ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੂੰ ਇਸ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਕਮੇਟੀ ਵੱਲੋਂ ਪਾਰਟੀ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨਾਲ ਸਲਾਹ-ਮਸ਼ਵਰਾ ਕਰਕੇ ਅਗਲੇ ਫੈਸਲੇ ਲਏ ਜਾਣਗੇ।
ਕਣਕ ਦੇ MSP ’ਚ ₹25 ਵਾਧੇ ’ਤੇ ਭੂੰਦੜ ਦੀ ਪ੍ਰਤੀਕਿਰਿਆ
ਪ੍ਰੈਸ ਕਾਨਫਰੰਸ ਦੌਰਾਨ ਬਲਵਿੰਦਰ ਸਿੰਘ ਭੂੰਦੜ ਨੇ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਵਿੱਚ 25 ਰੁਪਏ ਦੇ ਵਾਧੇ ਨਾਲ MSP ₹2,610 ਪ੍ਰਤੀ ਕੁਇੰਟਲ ਕੀਤੇ ਜਾਣ ’ਤੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ।ਭੂੰਦੜ ਨੇ ਕਿਹਾ ਕਿ ਉਨ੍ਹਾਂ ਦੇ ਮੁਤਾਬਕ ਇਹ ਕੀਮਤ ਕਿਸਾਨਾਂ ਦੀ ਲਾਗਤ ਦੇ ਅਨੁਕੂਲ ਨਹੀਂ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਇਸ ਫੈਸਲੇ ’ਤੇ ਮੁੜ ਵਿਚਾਰ ਕਰਨ ਅਤੇ MSP ਦੀ ਸਮੀਖਿਆ ਕਰਨ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਖੇਤੀਬਾੜੀ ਖੇਤਰ ਨਾਲ ਜੁੜੀਆਂ ਚੁਣੌਤੀਆਂ ਨੂੰ ਦੇਖਦੇ ਹੋਏ ਕਿਸਾਨਾਂ ਦੇ ਮੁੱਦਿਆਂ ’ਤੇ ਵਧੇਰੇ ਧਿਆਨ ਦੇਣ ਦੀ ਲੋੜ ਹੈ।
ਕੀ ਹਨ ਅਕਾਲੀ ਦਲ ਦੇ ਐਲਾਨ?
- 5 ਅਕਤੂਬਰ: ‘ਮਾਵਾਂ ਧੀਆਂ ਦੀ ਲਲਕਾਰ, ਬੰਦ ਕਰੋ ਨਸ਼ਾ ਵਪਾਰ’ ਮੁਹਿੰਮ ਦਾ ਦੂਜਾ ਪੜਾਅ
- 6 ਅਕਤੂਬਰ: ਅਟਾਰੀ ਤੋਂ ਘਰ-ਘਰ ਪ੍ਰਚਾਰ ਮੁਹਿੰਮ
- 25 ਅਕਤੂਬਰ: ਘਰ-ਘਰ ਮੁਹਿੰਮ ਪੂਰੀ ਕਰਨ ਦਾ ਟੀਚਾ
- 1 ਨਵੰਬਰ: ਚੋਣ ਮਨੋਰਥ ਪੱਤਰ ਜਾਰੀ ਕਰਨ ਦਾ ਐਲਾਨ
- 10 ਨਵੰਬਰ: ਤਲਵੰਡੀ ਸਾਬੋ ਤੋਂ ਸੁਖਬੀਰ ਬਾਦਲ ਦੀ ਬੱਸ ਯਾਤਰਾ
- 8 ਦਸੰਬਰ: ਕਿੱਲੀ ਚਾਹਲਾਂ ਵਿੱਚ ਵੱਡੀ ਜਨਤਕ ਰੈਲੀ
