ਫਾਜ਼ਿਲਕਾ, ਖੰਨਾ, ਜਗਰਾਓਂ, ਰਾਜਪੁਰਾ ਅਤੇ ਸਮਾਣਾ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਕਾਰਨ ਮੰਡੀਆਂ ਅਤੇ ਖੇਤਾਂ ਵਿੱਚ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਕਿਸਾਨਾਂ ਨੇ ਖਰੀਦ ਪ੍ਰਬੰਧਾਂ ’ਤੇ ਸਵਾਲ ਚੁੱਕਦਿਆਂ ਸਰਕਾਰ ਤੋਂ ਫ਼ਸਲ ਦੀ ਸੁਰੱਖਿਆ ਅਤੇ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਖੁੱਲ੍ਹੇ ਆਸਮਾਨ ਹੇਠ ਭਿੱਜ ਰਿਹਾ ਕਿਸਾਨਾਂ ਦਾ ਝੋਨਾ
ਪੰਜਾਬ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਮੀਂਹ ਕਾਰਨ ਫ਼ਸਲ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀਆਂ ਵਿੱਚ ਫ਼ਸਲ ਨੂੰ ਮੀਂਹ ਤੋਂ ਬਚਾਉਣ ਲਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਗਏ। ਕਈ ਥਾਵਾਂ ’ਤੇ ਝੋਨੇ ਦੀਆਂ ਬੋਰੀਆਂ ਖੁੱਲ੍ਹੇ ਵਿੱਚ ਪਈਆਂ ਹਨ, ਜਦਕਿ ਤੇਜ਼ ਬਾਰਿਸ਼ ਕਾਰਨ ਫ਼ਸਲ ਦੇ ਖ਼ਰਾਬ ਹੋਣ ਦਾ ਖ਼ਦਸ਼ਾ ਵਧ ਗਿਆ ਹੈ।
ਫਾਜ਼ਿਲਕਾ ਮੰਡੀ ‘ਚ ਵਿਗੜੇ ਹਾਲਾਤ, ਕਿਸਾਨਾਂ ਨੇ ਕੀਤਾ ਹਾਈਵੇਅ ਜਾਮ
ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਮੀਂਹ ਤੋਂ ਬਾਅਦ ਹਾਲਾਤ ਖ਼ਰਾਬ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਮੰਡੀ ਵਿੱਚ ਝੋਨੇ ਦੀਆਂ ਬੋਰੀਆਂ ਨਾਲ ਭਰੀਆਂ ਟਰੈਕਟਰ-ਟਰਾਲੀਆਂ ਦੀ ਭੀੜ ਲੱਗੀ ਹੋਈ ਹੈ ਅਤੇ ਖਰੀਦ ਪ੍ਰਬੰਧ ਪ੍ਰਭਾਵਿਤ ਹੋਏ ਹਨ।ਮੰਡੀ ਵਿੱਚ ਮਾੜੇ ਪ੍ਰਬੰਧਾਂ ਦੇ ਵਿਰੋਧ ਵਿੱਚ ਕਿਸਾਨਾਂ ਅਤੇ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਇਕੱਠੇ ਹੋ ਕੇ ਹਾਈਵੇਅ ਜਾਮ ਕੀਤਾ ਗਿਆ। ਕਿਸਾਨਾਂ ਨੇ ਦੋਸ਼ ਲਾਇਆ ਕਿ ਮੀਂਹ ਕਾਰਨ ਉਨ੍ਹਾਂ ਦੀ ਫ਼ਸਲ ਦਾ ਵੱਡੇ ਪੱਧਰ ’ਤੇ ਨੁਕਸਾਨ ਹੋ ਰਿਹਾ ਹੈ, ਪਰ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਲੋੜੀਂਦੇ ਕਦਮ ਨਹੀਂ ਚੁੱਕੇ ਗਏ।
ਖੰਨਾ ਮੰਡੀ ‘ਚ ਵੀ ਫ਼ਸਲ ਦੀ ਸੁਰੱਖਿਆ ’ਤੇ ਸਵਾਲ
ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀਆਂ ਵਿੱਚੋਂ ਇੱਕ ਖੰਨਾ ਮੰਡੀ ਵਿੱਚ ਵੀ ਮੀਂਹ ਕਾਰਨ ਪ੍ਰਬੰਧਾਂ ਦੀ ਘਾਟ ਸਾਹਮਣੇ ਆਉਣ ਦੀਆਂ ਰਿਪੋਰਟਾਂ ਹਨ। ਇੱਥੇ ਖੁੱਲ੍ਹੇ ਆਸਮਾਨ ਹੇਠ ਪਈਆਂ ਝੋਨੇ ਦੀਆਂ ਬੋਰੀਆਂ ਮੀਂਹ ਵਿੱਚ ਭਿੱਜਦੀਆਂ ਦਿਖਾਈ ਦਿੱਤੀਆਂ।ਮੌਕੇ ’ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਫ਼ਸਲ ਨੂੰ ਮੀਂਹ ਤੋਂ ਬਚਾਉਣ ਲਈ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ। ਕਿਸਾਨਾਂ ਮੁਤਾਬਕ, ਉਨ੍ਹਾਂ ਨੇ ਆਪਣੇ ਪੱਧਰ ’ਤੇ ਤਰਪਾਲਾਂ ਦਾ ਪ੍ਰਬੰਧ ਕਰਕੇ ਝੋਨੇ ਨੂੰ ਢਕਣ ਦੀ ਕੋਸ਼ਿਸ਼ ਕੀਤੀ, ਪਰ ਲਗਾਤਾਰ ਮੀਂਹ ਕਾਰਨ ਫ਼ਸਲ ਨੂੰ ਪੂਰੀ ਤਰ੍ਹਾਂ ਬਚਾਉਣਾ ਮੁਸ਼ਕਲ ਹੋ ਗਿਆ।ਕਿਸਾਨਾਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਸੰਕਟ ਦੀ ਇਸ ਘੜੀ ਵਿੱਚ ਅਧਿਕਾਰੀਆਂ ਦੀ ਮੌਜੂਦਗੀ ਅਤੇ ਪ੍ਰਬੰਧਾਂ ਦੀ ਘਾਟ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਰਹੀ ਹੈ।
ਜਗਰਾਓਂ ਮੰਡੀ ‘ਚ ਵੀ ਖੁੱਲ੍ਹੇ ‘ਚ ਪਈਆਂ ਝੋਨੇ ਦੀਆਂ ਬੋਰੀਆਂ
ਏਸ਼ੀਆ ਦੀਆਂ ਪ੍ਰਮੁੱਖ ਅਨਾਜ ਮੰਡੀਆਂ ਵਿੱਚ ਸ਼ੁਮਾਰ ਜਗਰਾਓਂ ਦੀ ਦਾਣਾ ਮੰਡੀ ਵਿੱਚ ਵੀ ਝੋਨੇ ਦੀ ਖਰੀਦ ਅਤੇ ਫ਼ਸਲ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਇੱਥੇ ਖੁੱਲ੍ਹੇ ਆਸਮਾਨ ਹੇਠ ਪਈਆਂ ਝੋਨੇ ਦੀਆਂ ਬੋਰੀਆਂ ਨੂੰ ਮੀਂਹ ਤੋਂ ਬਚਾਉਣਾ ਕਿਸਾਨਾਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਰਾਜਪੁਰਾ ਮੰਡੀ ‘ਚ ਪਾਣੀ ਕਾਰਨ ਫ਼ਸਲ ਖ਼ਰਾਬ ਹੋਣ ਦਾ ਖ਼ਦਸ਼ਾ
ਰਾਜਪੁਰਾ ਦੀ ਅਨਾਜ ਮੰਡੀ ਵਿੱਚ ਵੀ ਝੋਨੇ ਦੀ ਫ਼ਸਲ ਮੀਂਹ ਦੇ ਪਾਣੀ ਵਿੱਚ ਭਿੱਜਣ ਦੀਆਂ ਖ਼ਬਰਾਂ ਹਨ। ਕਿਸਾਨਾਂ ਮੁਤਾਬਕ, ਮੰਡੀ ਵਿੱਚ ਪਾਣੀ ਦੀ ਨਿਕਾਸੀ ਅਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਮੁਸ਼ਕਲਾਂ ਵਧੀਆਂ ਹਨ। ਸ਼ੈੱਡ ਹੇਠਾਂ ਪਾਈਪਾਂ ਦੇ ਟੁੱਟੇ ਹੋਣ ਕਾਰਨ ਵੀ ਮੀਂਹ ਦਾ ਪਾਣੀ ਝੋਨੇ ਤੱਕ ਪਹੁੰਚਣ ਦੀ ਸ਼ਿਕਾਇਤ ਕੀਤੀ ਗਈ ਹੈ।
ਸਮਾਣਾ ‘ਚ ਖੇਤਾਂ ਤੋਂ ਮੰਡੀਆਂ ਤੱਕ ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ
ਸਮਾਣਾ ਇਲਾਕੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਖੇਤਾਂ ਵਿੱਚ ਪੱਕ ਕੇ ਤਿਆਰ ਖੜ੍ਹੀ ਝੋਨੇ ਦੀ ਫ਼ਸਲ ਜ਼ਮੀਨ ’ਤੇ ਵਿਛ ਗਈ ਹੈ। ਕਈ ਥਾਵਾਂ ’ਤੇ ਖੇਤਾਂ ਵਿੱਚ ਪਾਣੀ ਭਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।ਦੂਜੇ ਪਾਸੇ, ਮੰਡੀ ਵਿੱਚ ਆਪਣੀ ਫ਼ਸਲ ਵੇਚਣ ਲਈ ਪਹੁੰਚੇ ਕਿਸਾਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੁੱਲ੍ਹੇ ਵਿੱਚ ਪਈ ਫ਼ਸਲ ’ਤੇ ਮੀਂਹ ਦਾ ਪਾਣੀ ਪੈਣ ਕਾਰਨ ਕਿਸਾਨਾਂ ਨੂੰ ਇਸ ਦੇ ਖ਼ਰਾਬ ਹੋਣ ਦਾ ਡਰ ਸਤਾ ਰਿਹਾ ਹੈ।
ਕਿਸਾਨਾਂ ਨੇ ਸਰਕਾਰ ਤੋਂ ਮੰਗਿਆ ਮੁਆਵਜ਼ਾ
ਮੀਂਹ ਕਾਰਨ ਹੋਏ ਨੁਕਸਾਨ ਤੋਂ ਪਰੇਸ਼ਾਨ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਖਰੀਦ ਪ੍ਰਬੰਧਾਂ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਫ਼ਸਲ ਤਿਆਰ ਕਰਨ ਲਈ ਮਹੀਨਿਆਂ ਤੱਕ ਮਿਹਨਤ, ਪੈਸਾ ਅਤੇ ਸਮਾਂ ਲਗਾਇਆ ਜਾਂਦਾ ਹੈ, ਪਰ ਮੰਡੀ ਵਿੱਚ ਪਹੁੰਚਣ ਤੋਂ ਬਾਅਦ ਫ਼ਸਲ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਨਹੀਂ ਮਿਲ ਰਹੇ।
ਕਿਸਾਨਾਂ ਮੁਤਾਬਕ, ਕੁਝ ਥਾਵਾਂ ’ਤੇ ਖੁੱਲ੍ਹੇ ਵਿੱਚ ਪਈ ਫ਼ਸਲ ਭਿੱਜ ਰਹੀ ਹੈ, ਜਦਕਿ ਸ਼ੈੱਡਾਂ ਹੇਠ ਵੀ ਪਾਣੀ ਆਉਣ ਕਾਰਨ ਝੋਨੇ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਪਾਣੀ ਦੀ ਨਿਕਾਸੀ, ਫ਼ਸਲ ਨੂੰ ਢਕਣ ਅਤੇ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਕਦਮ ਚੁੱਕੇ। ਇਸ ਦੇ ਨਾਲ ਹੀ ਨੁਕਸਾਨ ਦਾ ਜਾਇਜ਼ਾ ਲੈ ਕੇ ਪ੍ਰਭਾਵਿਤ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।
ਪੰਜਾਬ ਸਰਕਾਰ ਦਾ ਦਾਅਵਾ: 20 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ
ਇੱਕ ਪਾਸੇ ਮੰਡੀਆਂ ਵਿੱਚ ਕਿਸਾਨ ਪ੍ਰਬੰਧਾਂ ਦੀ ਘਾਟ ਦੀਆਂ ਸ਼ਿਕਾਇਤਾਂ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਸਬੰਧੀ ਅੰਕੜੇ ਪੇਸ਼ ਕੀਤੇ ਗਏ ਹਨ।ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸ੍ਰੀ ਮੁਕਤਸਰ ਸਾਹਿਬ ਦੀ ਅਨਾਜ ਮੰਡੀ ਦੇ ਦੌਰੇ ਦੌਰਾਨ ਦੱਸਿਆ ਕਿ ਸੀਜ਼ਨ ਵਿੱਚ ਹੁਣ ਤੱਕ ਸੂਬੇ ਦੀਆਂ ਮੰਡੀਆਂ ਵਿੱਚ ਲਗਭਗ 21 ਲੱਖ ਮੀਟ੍ਰਿਕ ਟਨ ਝੋਨਾ ਪਹੁੰਚਿਆ ਹੈ, ਜਿਸ ਵਿੱਚੋਂ ਕਰੀਬ 20 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਮੁਤਾਬਕ, ਕਿਸਾਨਾਂ ਨੂੰ ਹੁਣ ਤੱਕ 3,111 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।ਹਾਲਾਂਕਿ, ਮੰਡੀਆਂ ਵਿੱਚ ਮੀਂਹ ਕਾਰਨ ਪੈਦਾ ਹੋਏ ਹਾਲਾਤਾਂ ਨੇ ਫ਼ਸਲ ਦੀ ਸੁਰੱਖਿਆ ਅਤੇ ਖਰੀਦ ਪ੍ਰਬੰਧਾਂ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।
ਵਿਰੋਧੀਆਂ ਨੇ ‘ਆਪ’ ਸਰਕਾਰ ਨੂੰ ਘੇਰਿਆ
ਬਿਕਰਮ ਸਿੰਘ ਮਜੀਠੀਆ ਨੇ ਚੁੱਕੇ ਸਵਾਲ
ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਝੋਨੇ ਦੀ ਖਰੀਦ ਅਤੇ ਮੰਡੀਆਂ ਦੇ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ।ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਕਿਸਾਨ ਸਰਕਾਰ ਤੋਂ ਪੁੱਛ ਰਹੇ ਹਨ ਕਿ ਕੀ ਉਨ੍ਹਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਦੀ ਫ਼ਸਲ ਮੀਂਹ ਵਿੱਚ ਭਿੱਜ ਰਹੀ ਹੈ ਅਤੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੇਵਲ ਸਿੰਘ ਢਿੱਲੋਂ ਨੇ ਫ਼ਸਲ ਬਚਾਉਣ ਦੀ ਕੀਤੀ ਮੰਗ
ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੇ ਵੀ ਫਾਜ਼ਿਲਕਾ ਅਨਾਜ ਮੰਡੀ ਵਿੱਚ ਪਾਣੀ ਭਰਨ ਦੀਆਂ ਰਿਪੋਰਟਾਂ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਫ਼ਸਲ ਨੂੰ ਬਚਾਉਣ ਲਈ ਤੁਰੰਤ ਕਦਮ ਚੁੱਕੇ ਜਾਣ।ਉਨ੍ਹਾਂ ਕਿਹਾ ਕਿ ਝੋਨੇ ਦੀ ਕਟਾਈ ਦੇ ਸੀਜ਼ਨ ਦੌਰਾਨ ਮੀਂਹ ਤੋਂ ਬਾਅਦ ਮੰਡੀਆਂ ਵਿੱਚ ਪੈਦਾ ਹੋਏ ਹਾਲਾਤਾਂ ਨੇ ਸਰਕਾਰ ਦੇ ਖਰੀਦ ਅਤੇ ਫ਼ਸਲ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕੀਤੇ ਹਨ।
ਸੁਨੀਲ ਜਾਖੜ ਨੇ ਵੀ ਸਰਕਾਰ ’ਤੇ ਸਾਧਿਆ ਨਿਸ਼ਾਨਾ
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਮੀਂਹ ਕਾਰਨ ਕਿਸਾਨਾਂ ਦੀ ਫ਼ਸਲ ਨੂੰ ਹੋਏ ਨੁਕਸਾਨ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ।ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ ਲਈ ਕੇਂਦਰ ਸਰਕਾਰ ਵੱਲੋਂ ਰਕਮ ਭੇਜੀ ਗਈ ਹੈ, ਜਦਕਿ ਮੰਡੀਆਂ ਵਿੱਚ ਪ੍ਰਬੰਧ ਕਰਨਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਮੁਤਾਬਕ, ਮੀਂਹ ਨੇ ਕਿਸਾਨਾਂ ਦੀ ਫ਼ਸਲ ਦੇ ਨਾਲ-ਨਾਲ ਉਨ੍ਹਾਂ ਦੀਆਂ ਉਮੀਦਾਂ ਨੂੰ ਵੀ ਝਟਕਾ ਦਿੱਤਾ ਹੈ।
ਹੁਣ ਕਿਸਾਨਾਂ ਨੂੰ ਸਰਕਾਰ ਤੋਂ ਕੀ ਉਮੀਦ?
ਪੰਜਾਬ ਦੀਆਂ ਮੰਡੀਆਂ ਵਿੱਚ ਮੀਂਹ ਕਾਰਨ ਪੈਦਾ ਹੋਏ ਹਾਲਾਤਾਂ ਨੇ ਝੋਨੇ ਦੀ ਖਰੀਦ ਅਤੇ ਫ਼ਸਲ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਕਿਸਾਨਾਂ ਦੀ ਮੰਗ ਹੈ ਕਿ ਮੰਡੀਆਂ ਵਿੱਚ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ, ਫ਼ਸਲ ਨੂੰ ਢਕਣ ਲਈ ਲੋੜੀਂਦੀ ਸਹੂਲਤ ਦਿੱਤੀ ਜਾਵੇ ਅਤੇ ਖਰੀਦ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ।
ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਸ਼ਿਕਾਇਤਾਂ ’ਤੇ ਕਿੰਨੀ ਜਲਦੀ ਕਾਰਵਾਈ ਕਰਦੀ ਹੈ ਅਤੇ ਮੀਂਹ ਕਾਰਨ ਪ੍ਰਭਾਵਿਤ ਹੋਈ ਫ਼ਸਲ ਨੂੰ ਬਚਾਉਣ ਲਈ ਕੀ ਕਦਮ ਚੁੱਕੇ ਜਾਂਦੇ ਹਨ।
