ਮਿਲੀ ਜਾਣਕਾਰੀ ਮੁਤਾਬਕ, ਇਹ ਅੱਗ ਸ਼ਨੀਵਾਰ ਸਵੇਰੇ ਕਰੀਬ 6:30 ਵਜੇ ਟੁਪਟੁਪ ਰੈਸਟੋ ਐਂਡ ਰਿਜ਼ੋਰਟ ਵਿੱਚ ਲੱਗੀ। ਫਾਇਰ ਵਿਭਾਗ ਦੇ ਬੁਲਾਰੇ ਤਲਹਾ ਬਿਨ ਜਾਸਿਮ ਨੇ ਦੁਪਹਿਰ ਕਰੀਬ 1:30 ਵਜੇ ਮੌਤਾਂ ਦੀ ਪੁਸ਼ਟੀ ਕੀਤੀ।
ਬਾਂਸ ਅਤੇ ਲੱਕੜ ਨਾਲ ਬਣਿਆ ਸੀ ਤਿੰਨ ਮੰਜ਼ਿਲਾ ਰਿਜ਼ੋਰਟ
ਜਾਣਕਾਰੀ ਅਨੁਸਾਰ, ਤਿੰਨ ਮੰਜ਼ਿਲਾ ਰਿਜ਼ੋਰਟ ਦਾ ਵੱਡਾ ਹਿੱਸਾ ਬਾਂਸ ਅਤੇ ਲੱਕੜ ਨਾਲ ਬਣਿਆ ਹੋਇਆ ਸੀ। ਇਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਪੂਰੀ ਇਮਾਰਤ ਸੜ ਕੇ ਸੁਆਹ ਹੋ ਗਈ।ਕਾਕਸ ਬਾਜ਼ਾਰ ਫਾਇਰ ਵਿਭਾਗ ਦੇ ਡਿਪਟੀ ਅਸਿਸਟੈਂਟ ਡਾਇਰੈਕਟਰ ਸਈਦ ਮੁਹੰਮਦ ਮੋਰਸ਼ੇਦ ਹੁਸੈਨ ਮੁਤਾਬਕ, ਅੱਗ ਨੇ ਇਮਾਰਤ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਹ ਰਿਜ਼ੋਰਟ ਤੱਟਵਰਤੀ ਸ਼ਹਿਰ ਦੇ ਪ੍ਰਵੇਸ਼ ਦੁਆਰ ਦੇ ਨੇੜੇ, ਕੋਲਾਟੋਲੀ ਤੋਂ ਲਗਭਗ 29 ਕਿਲੋਮੀਟਰ ਦੂਰ ਸਥਿਤ ਹੈ।
ਅੱਗ ਲੱਗਣ ਸਮੇਂ ਰਿਜ਼ੋਰਟ ‘ਚ ਮੌਜੂਦ ਸਨ ਕਰੀਬ 30 ਲੋਕ
ਰਿਪੋਰਟਾਂ ਮੁਤਾਬਕ, ਅੱਗ ਲੱਗਣ ਸਮੇਂ ਰਿਜ਼ੋਰਟ ਵਿੱਚ ਲਗਭਗ 30 ਲੋਕ ਮੌਜੂਦ ਸਨ। ਇਨ੍ਹਾਂ ਵਿੱਚੋਂ ਚਾਰ ਤੋਂ ਪੰਜ ਲੋਕ ਕਿਸੇ ਤਰ੍ਹਾਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ, ਜਦਕਿ ਬਾਕੀ ਲੋਕਾਂ ਬਾਰੇ ਸ਼ੁਰੂਆਤੀ ਜਾਣਕਾਰੀ ਸਪੱਸ਼ਟ ਨਹੀਂ ਸੀ।
ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਕਈ ਮੈਂਬਰਾਂ ਦੀ ਮੌਤ ਹੋਣ ਦੀ ਵੀ ਖ਼ਬਰ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਮ੍ਰਿਤਕਾਂ ਵਿੱਚ ਇਸਰਤ ਜਹਾਂ ਮਲੀਹਾ (30), ਮਿਲਿਤਾ ਮਹਿਜਬੀਨ ਅਲਵੀ (23), ਲੈਲਾ ਜਹਾਂ ਨਬੀਲਾ (27), ਨਫੀਸਤਾ ਮੀਮ (27), ਫਰੀਹਾ ਕਬੀਰ (33) ਅਤੇ ਪੰਜ ਸਾਲਾ ਫੈਜ਼ਾਨ ਅਹਿਮਦ ਦੇ ਨਾਮ ਸ਼ਾਮਲ ਹਨ।
ਰਿਪੋਰਟਾਂ ਅਨੁਸਾਰ, ਪਰਿਵਾਰ ਦੇ ਇੱਕ ਮੈਂਬਰ ਆਸ਼ੀਕੁਲ ਇਸਲਾਮ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ, ਪਰ ਉਸ ਦੀ ਪਤਨੀ ਅਤੇ ਪਰਿਵਾਰ ਦੇ ਪੰਜ ਹੋਰ ਮੈਂਬਰਾਂ ਦੀ ਮੌਤ ਹੋ ਗਈ। ਇਸ ਹਾਦਸੇ ਨੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ।
ਜ਼ਖਮੀਆਂ ਨੂੰ ਹਸਪਤਾਲ ‘ਚ ਕਰਵਾਇਆ ਗਿਆ ਦਾਖ਼ਲ
ਅੱਗ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਕਾਕਸ ਬਾਜ਼ਾਰ ਸਦਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ਦੇ ਰੈਜ਼ੀਡੈਂਟ ਮੈਡੀਕਲ ਅਫ਼ਸਰ ਸਬੁਕਤਾਗੀਨ ਮਹਿਮੂਦ ਸੋਹੇਲ ਮੁਤਾਬਕ, ਪੰਜ ਜ਼ਖਮੀਆਂ ਦੇ ਸਰੀਰ ਦਾ ਲਗਭਗ ਪੰਜ ਫ਼ੀਸਦੀ ਹਿੱਸਾ ਸੜਿਆ ਸੀ ਅਤੇ ਉਨ੍ਹਾਂ ਨੂੰ ਇਲਾਜ ਲਈ ਦਾਖ਼ਲ ਕੀਤਾ ਗਿਆ।ਇੱਕ ਹੋਰ ਵਿਅਕਤੀ ਡਿੱਗਣ ਕਾਰਨ ਜ਼ਖਮੀ ਹੋਇਆ ਸੀ। ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਕਾਕਸ ਬਾਜ਼ਾਰ ਦੇ ਡਿਪਟੀ ਕਮਿਸ਼ਨਰ ਏ. ਮੰਨਨ ਮੁਤਾਬਕ, ਘਟਨਾ ਤੋਂ ਬਾਅਦ ਛੇ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਮ੍ਰਿਤਕਾਂ ਦੀ ਪਛਾਣ ਦੀ ਪੁਸ਼ਟੀ ਅਤੇ ਲਾਸ਼ਾਂ ਪਰਿਵਾਰਾਂ ਨੂੰ ਸੌਂਪਣ ਦੀ ਪ੍ਰਕਿਰਿਆ ਲਈ ਡੀਐਨਏ ਨਮੂਨੇ ਲੈਣ ਦੀ ਗੱਲ ਵੀ ਸਾਹਮਣੇ ਆਈ ਹੈ।
ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ
ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਕੁਝ ਲੋਕਾਂ ਨੇ ਖ਼ਦਸ਼ਾ ਜਤਾਇਆ ਕਿ ਅੱਗ ਰਿਜ਼ੋਰਟ ਦੀ ਰਸੋਈ ਵਿੱਚੋਂ ਸ਼ੁਰੂ ਹੋਈ ਹੋ ਸਕਦੀ ਹੈ, ਪਰ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਗਈ।ਪ੍ਰਸ਼ਾਸਨ ਅਤੇ ਫਾਇਰ ਵਿਭਾਗ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅੱਗ ਲੱਗਣ ਦੇ ਕਾਰਨਾਂ ਅਤੇ ਹਾਦਸੇ ਨਾਲ ਜੁੜੇ ਹੋਰ ਤੱਥਾਂ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਆਵੇਗੀ।
