ਇਸ ਹੜਤਾਲ ਦਾ ਅਸਰ ਰੋਜ਼ਾਨਾ ਬੱਸਾਂ ਰਾਹੀਂ ਦਫ਼ਤਰਾਂ, ਸਕੂਲਾਂ, ਕਾਲਜਾਂ ਅਤੇ ਹੋਰ ਕੰਮਾਂ ਲਈ ਜਾਣ ਵਾਲੇ ਲੋਕਾਂ ’ਤੇ ਪੈ ਸਕਦਾ ਹੈ। ਅਜਿਹੇ ਵਿੱਚ ਯਾਤਰੀਆਂ ਨੂੰ ਸਫ਼ਰ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਬੱਸ ਸੇਵਾਵਾਂ ਦੀ ਸਥਿਤੀ ਬਾਰੇ ਜਾਣਕਾਰੀ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਕਿਉਂ ਹੜਤਾਲ ਕਰ ਰਹੇ ਹਨ PRTC-PUNBUS ਦੇ ਮੁਲਾਜ਼ਮ?
ਮੁਲਾਜ਼ਮਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, 24 ਸਤੰਬਰ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਹੋਈ ਸੀ। ਮੁਲਾਜ਼ਮਾਂ ਦਾ ਦਾਅਵਾ ਹੈ ਕਿ ਇਸ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਸਨ ਅਤੇ ਇਨ੍ਹਾਂ ਨੂੰ ਲਾਗੂ ਕਰਨ ਦਾ ਲਿਖਤੀ ਭਰੋਸਾ ਵੀ ਦਿੱਤਾ ਗਿਆ ਸੀ।ਹਾਲਾਂਕਿ, ਮੁਲਾਜ਼ਮਾਂ ਦਾ ਕਹਿਣਾ ਹੈ ਕਿ ਮੰਗਾਂ ਮੰਨੇ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਅਮਲੀ ਰੂਪ ਵਿੱਚ ਲਾਗੂ ਨਹੀਂ ਕੀਤਾ ਗਿਆ। ਇਸੇ ਕਾਰਨ ਉਨ੍ਹਾਂ ਨੇ ਸਰਕਾਰ ਵਿਰੁੱਧ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ।
ਮੀਟਿੰਗ ਦੇ ਸੱਦੇ ਨੂੰ ਵੀ ਕੀਤਾ ਇਨਕਾਰ
ਮੁਲਾਜ਼ਮਾਂ ਅਨੁਸਾਰ, ਉਨ੍ਹਾਂ ਨੂੰ ਸਰਕਾਰ ਵੱਲੋਂ ਮੁੜ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ, ਪਰ ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੀਆਂ ਮੰਗਾਂ ਪਹਿਲਾਂ ਹੀ ਮੰਨੀਆਂ ਜਾ ਚੁੱਕੀਆਂ ਹਨ ਤਾਂ ਹੁਣ ਨਵੀਂ ਮੀਟਿੰਗ ਕਰਨ ਦੀ ਬਜਾਏ ਉਨ੍ਹਾਂ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਮੰਗਾਂ ਲਾਗੂ ਨਹੀਂ ਹੁੰਦੀਆਂ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਇਸ ਨਾਲ ਪੰਜਾਬ ਵਿੱਚ ਸਰਕਾਰੀ ਬੱਸ ਆਵਾਜਾਈ ਲੰਬੇ ਸਮੇਂ ਤੱਕ ਪ੍ਰਭਾਵਿਤ ਹੋ ਸਕਦੀ ਹੈ।
1,700 ਦੇ ਕਰੀਬ ਬੱਸਾਂ ਹੋਣਗੀਆਂ ਪ੍ਰਭਾਵਿਤ
ਮੁਲਾਜ਼ਮਾਂ ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ, ਪੰਜਾਬ ਭਰ ਵਿੱਚ PRTC ਅਤੇ PUNBUS ਦੀਆਂ ਲਗਭਗ 1,700 ਬੱਸਾਂ ਦੇ ਸੇਵਾਵਾਂ ਤੋਂ ਬਾਹਰ ਰਹਿਣ ਦੀ ਸੰਭਾਵਨਾ ਹੈ। ਸੰਗਰੂਰ ਜ਼ਿਲ੍ਹੇ ਵਿੱਚ ਹੀ 100 ਤੋਂ ਵੱਧ ਬੱਸਾਂ ਦੇ ਨਾ ਚੱਲਣ ਦੀ ਗੱਲ ਕਹੀ ਗਈ ਹੈ।
ਜੇਕਰ ਹੜਤਾਲ ਲੰਬੀ ਚੱਲਦੀ ਹੈ ਤਾਂ ਰੋਜ਼ਾਨਾ ਯਾਤਰੀਆਂ, ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਹੋਰ ਕੰਮਾਂ ਲਈ ਬੱਸਾਂ ’ਤੇ ਨਿਰਭਰ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਯਾਤਰੀ ਸਫ਼ਰ ਕਰਨ ਤੋਂ ਪਹਿਲਾਂ ਲੈਣ ਜਾਣਕਾਰੀ
PRTC ਅਤੇ PUNBUS ਦੀਆਂ ਬੱਸਾਂ ਬੰਦ ਰਹਿਣ ਦੀ ਸਥਿਤੀ ਵਿੱਚ ਯਾਤਰੀਆਂ ਨੂੰ ਆਪਣੇ ਸਫ਼ਰ ਲਈ ਬਦਲਵੇਂ ਪ੍ਰਬੰਧ ਕਰਨੇ ਪੈ ਸਕਦੇ ਹਨ। ਖ਼ਾਸ ਕਰਕੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਜਾਣ ਵਾਲੇ ਲੋਕਾਂ ਨੂੰ ਬੱਸ ਅੱਡੇ ਜਾਣ ਤੋਂ ਪਹਿਲਾਂ ਸਬੰਧਤ ਡਿਪੂ ਜਾਂ ਅਧਿਕਾਰਤ ਸੂਚਨਾਵਾਂ ਤੋਂ ਸੇਵਾ ਦੀ ਸਥਿਤੀ ਦੀ ਪੁਸ਼ਟੀ ਕਰ ਲੈਣੀ ਚਾਹੀਦੀ ਹੈ।
ਫਿਲਹਾਲ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਮੰਗਾਂ ਲਾਗੂ ਹੋਣ ਤੱਕ ਹੜਤਾਲ ਜਾਰੀ ਰਹੇਗੀ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਅਤੇ ਮੁਲਾਜ਼ਮਾਂ ਵਿਚਾਲੇ ਇਸ ਮਾਮਲੇ ਦਾ ਹੱਲ ਕਦੋਂ ਨਿਕਲਦਾ ਹੈ ਅਤੇ ਬੱਸ ਸੇਵਾਵਾਂ ਕਦੋਂ ਆਮ ਵਾਂਗ ਬਹਾਲ ਹੁੰਦੀਆਂ ਹਨ।
