10 ਨਵੰਬਰ ਨੂੰ ਲਾਂਚ ਹੋਵੇਗੀ ‘Belonging: A Journey of Love’
ਸੋਨੀਆ ਗਾਂਧੀ ਦੀ ਪਹਿਲੀ ਕਿਤਾਬ ‘Belonging: A Journey of Love’ 10 ਨਵੰਬਰ ਨੂੰ ਲਾਂਚ ਹੋਣ ਜਾ ਰਹੀ ਹੈ। ਇਸ ਕਿਤਾਬ ਵਿੱਚ ਉਹ ਆਪਣੀ ਜ਼ਿੰਦਗੀ ਦੇ ਨਿੱਜੀ ਤਜਰਬਿਆਂ, ਰਾਜੀਵ ਗਾਂਧੀ ਨਾਲ ਪਹਿਲੀ ਮੁਲਾਕਾਤ ਅਤੇ ਉਨ੍ਹਾਂ ਦੇ ਸਾਂਝੇ ਸਫ਼ਰ ਦੀਆਂ ਯਾਦਾਂ ਨੂੰ ਪਾਠਕਾਂ ਨਾਲ ਸਾਂਝਾ ਕਰਨਗੇ।
ਕਿਤਾਬ ਦੀ ਜਾਣ-ਪਛਾਣ ਕਰਵਾਉਣ ਲਈ ਸਾਂਝੀ ਕੀਤੀ ਗਈ ਲਗਭਗ ਦੋ ਮਿੰਟ ਦੀ ਵੀਡੀਓ ਵਿੱਚ ਸੋਨੀਆ ਗਾਂਧੀ ਆਪਣੀਆਂ ਅਤੇ ਰਾਜੀਵ ਗਾਂਧੀ ਦੀਆਂ ਪੁਰਾਣੀਆਂ ਤਸਵੀਰਾਂ ਦਿਖਾਉਂਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਉਸ ਰੈਸਟੋਰੈਂਟ ਦੀ ਤਸਵੀਰ ਵੀ ਸਾਂਝੀ ਕੀਤੀ, ਜਿੱਥੇ ਦੋਵਾਂ ਦੀ ਪਹਿਲੀ ਮੁਲਾਕਾਤ ਹੋਈ ਸੀ।
ਇਹ ਵੀ ਪੜ੍ਹੋ : ਪਰਵਿੰਦਰ ਝੋਟਾ ਕਤਲ ਮਾਮਲਾ: 25 ਅਕਤੂਬਰ ਨੂੰ ਪੰਜਾਬ ਭਰ ’ਚ ਫੂਕੇ ਜਾਣਗੇ ਝਾੜੂ! ਪਰਿਵਾਰ ਦਾ ਵੱਡਾ ਐਲਾਨ
ਕੈਂਬਰਿਜ ਦੇ ਇੱਕ ਰੈਸਟੋਰੈਂਟ ਵਿੱਚ ਸ਼ੁਰੂ ਹੋਈ ਸੀ ਪ੍ਰੇਮ ਕਹਾਣੀ
ਆਪਣੀ ਪਹਿਲੀ ‘X’ ਪੋਸਟ ਵਿੱਚ ਸੋਨੀਆ ਗਾਂਧੀ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰੇਮ ਕਹਾਣੀ ਕੈਂਬਰਿਜ ਦੇ ਇੱਕ ਛੋਟੇ ਜਿਹੇ ਯੂਨਾਨੀ ਰੈਸਟੋਰੈਂਟ ਤੋਂ ਸ਼ੁਰੂ ਹੋਈ ਸੀ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਉਨ੍ਹਾਂ ਅਤੇ ਰਾਜੀਵ ਗਾਂਧੀ ਨੇ ਪਿਆਰ, ਹਾਸੇ ਅਤੇ ਯਾਦਾਂ ਨਾਲ ਭਰੀ ਇੱਕ ਦੁਨੀਆ ਬਣਾਈ ਸੀ, ਜਿਸ ਨੂੰ ਉਹ ਹੁਣ ਕਿਤਾਬ ਰਾਹੀਂ ਲੋਕਾਂ ਨਾਲ ਸਾਂਝਾ ਕਰਨ ਜਾ ਰਹੇ ਹਨ।ਵੀਡੀਓ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਹ ਰਾਜੀਵ ਗਾਂਧੀ ਨੂੰ ਇੱਕ ਸਾਂਝੇ ਦੋਸਤ ਰਾਹੀਂ ਮਿਲੇ ਸਨ। ਪਹਿਲੀ ਮੁਲਾਕਾਤ ਤੋਂ ਬਾਅਦ ਦੋਵੇਂ ਦੋਸਤ ਬਣ ਗਏ ਅਤੇ ਹੌਲੀ-ਹੌਲੀ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ।
ਰਾਜੀਵ ਗਾਂਧੀ ਦੇ ਸੁਭਾਅ ਨੇ ਕੀਤਾ ਸੀ ਪ੍ਰਭਾਵਿਤ
ਰਾਜੀਵ ਗਾਂਧੀ ਨੂੰ ਯਾਦ ਕਰਦਿਆਂ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਬਹੁਤ ਹੀ ਕੋਮਲ ਸੁਭਾਅ ਵਾਲਾ ਵਿਅਕਤੀ ਦੱਸਿਆ। ਉਨ੍ਹਾਂ ਮੁਤਾਬਕ, ਰਾਜੀਵ ਗਾਂਧੀ ਦੀ ਸ਼ਖ਼ਸੀਅਤ ਵਿੱਚ ਇੱਕ ਖ਼ਾਸ ਨਰਮੀ ਸੀ, ਜਿਸ ਨੇ ਉਨ੍ਹਾਂ ਨੂੰ ਡੂੰਘਾ ਪ੍ਰਭਾਵਿਤ ਕੀਤਾ।ਸੋਨੀਆ ਗਾਂਧੀ ਨੇ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਰਾਜੀਵ ਗਾਂਧੀ ਨੂੰ ਮਿਲੇ ਸਨ, ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਹ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨਾਲ ਉਹ ਆਪਣੀ ਜ਼ਿੰਦਗੀ ਬਿਤਾਉਣਾ ਚਾਹੁਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੋਵਾਂ ਵਿਚਾਲੇ ਇੱਕ-ਦੂਜੇ ਲਈ ਖਿੱਚ ਅਤੇ ਭਾਵਨਾਵਾਂ ਸਨ।
ਇਤਾਲਵੀ ਖਾਣੇ ਦੀ ਭਾਲ ਨੇ ਪਹੁੰਚਾਇਆ ‘ਵਰਸਿਟੀ ਰੈਸਟੋਰੈਂਟ’
ਵੀਡੀਓ ਵਿੱਚ ਸੋਨੀਆ ਗਾਂਧੀ ਨੇ ਕੈਂਬਰਿਜ ਦੇ ਦਿਨਾਂ ਦੀ ਇੱਕ ਦਿਲਚਸਪ ਯਾਦ ਵੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਇੰਗਲੈਂਡ ਵਿੱਚ ਅੱਜ ਵਾਂਗ ਬਹੁਤ ਸਾਰੇ ਰੈਸਟੋਰੈਂਟ ਨਹੀਂ ਸਨ ਅਤੇ ਉਹ ਅਕਸਰ ਅਜਿਹੀ ਜਗ੍ਹਾ ਦੀ ਭਾਲ ਕਰਦੇ ਸਨ, ਜਿੱਥੇ ਉਨ੍ਹਾਂ ਨੂੰ ਆਪਣਾ ਮਨਪਸੰਦ ਇਤਾਲਵੀ ਭੋਜਨ ਮਿਲ ਸਕੇ।
ਇਸੇ ਦੌਰਾਨ ਉਨ੍ਹਾਂ ਨੂੰ ‘ਵਰਸਿਟੀ ਰੈਸਟੋਰੈਂਟ’ ਬਾਰੇ ਪਤਾ ਲੱਗਾ। ਇਹ ਇੱਕ ਯੂਨਾਨੀ ਰੈਸਟੋਰੈਂਟ ਸੀ, ਜਿੱਥੇ ਕਈ ਯੂਰਪੀ ਅਤੇ ਭਾਰਤੀ ਵਿਦਿਆਰਥੀ ਖਾਣਾ ਖਾਣ ਆਉਂਦੇ ਸਨ। ਸੋਨੀਆ ਗਾਂਧੀ ਮੁਤਾਬਕ, ਇਸੇ ਜਗ੍ਹਾ ’ਤੇ ਉਨ੍ਹਾਂ ਦੀ ਰਾਜੀਵ ਗਾਂਧੀ ਨਾਲ ਪਹਿਲੀ ਮੁਲਾਕਾਤ ਹੋਈ ਸੀ।
ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਪੁਰਾਣੀਆਂ ਯਾਦਾਂ
ਸੋਨੀਆ ਗਾਂਧੀ ਦੀ ਇਸ ਵੀਡੀਓ ਵਿੱਚ ਰਾਜੀਵ ਗਾਂਧੀ ਨਾਲ ਜੁੜੀਆਂ ਪੁਰਾਣੀਆਂ ਤਸਵੀਰਾਂ ਅਤੇ ਯਾਦਾਂ ਨੂੰ ਖ਼ਾਸ ਥਾਂ ਦਿੱਤੀ ਗਈ ਹੈ। ਆਪਣੀ ਕਿਤਾਬ ਰਾਹੀਂ ਉਹ ਆਪਣੀ ਨਿੱਜੀ ਜ਼ਿੰਦਗੀ ਦੇ ਉਸ ਹਿੱਸੇ ਨੂੰ ਪਾਠਕਾਂ ਤੱਕ ਪਹੁੰਚਾਉਣ ਜਾ ਰਹੇ ਹਨ, ਜਿਸ ਬਾਰੇ ਲੋਕਾਂ ਨੂੰ ਹੁਣ ਤੱਕ ਸੀਮਤ ਜਾਣਕਾਰੀ ਮਿਲੀ ਹੈ।
