ਜਾਰੀ ਕੀਤੀ ਗਈ ਸੂਚੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਂ ਵੀ ਸ਼ਾਮਲ ਹੈ। ਪਾਰਟੀ ਨੇ ਉਨ੍ਹਾਂ ਨੂੰ ਇੱਕ ਵਾਰ ਫਿਰ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਅਮਨ ਸਿੰਘ ਸ਼ੈਰੀ ਕਲਸੀ ਨੂੰ ਬਟਾਲਾ ਤੋਂ ਟਿਕਟ ਦਿੱਤੀ ਗਈ ਹੈ।
ਭਗਵੰਤ ਮਾਨ ਮੁੜ ਧੂਰੀ ਤੋਂ ਲੜਨਗੇ ਚੋਣ
ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਸੀਟ ਬਦਲੇ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ, ਪਰ ਪਾਰਟੀ ਨੇ ਉਨ੍ਹਾਂ ਨੂੰ ਧੂਰੀ ਤੋਂ ਹੀ ਉਮੀਦਵਾਰ ਐਲਾਨਿਆ ਹੈ।ਜ਼ਿਕਰਯੋਗ ਹੈ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਗਵੰਤ ਮਾਨ ਨੇ ਧੂਰੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਦਲਬੀਰ ਸਿੰਘ ਗੋਲਡੀ ਨੂੰ 58,206 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ।
ਆਮ ਆਦਮੀ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ।
ਸਾਰੇ ਉਮੀਦਵਾਰਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ https://t.co/Jcfn6BDnGN— AAP Punjab (@AAPPunjab) October 31, 2026
ਜੇਲ੍ਹ ‘ਚ ਬੰਦ ਸੰਜੀਵ ਅਰੋੜਾ ਨੂੰ ਵੀ ਮਿਲੀ ਟਿਕਟ
ਪਹਿਲੀ ਸੂਚੀ ਵਿੱਚ ਸੰਜੀਵ ਅਰੋੜਾ ਦਾ ਨਾਮ ਵੀ ਸ਼ਾਮਲ ਹੋਣ ਕਾਰਨ ਸਿਆਸੀ ਚਰਚਾ ਤੇਜ਼ ਹੋ ਗਈ ਹੈ। ਉਹ ਇਸ ਸਮੇਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਗੁਰੂਗ੍ਰਾਮ ਦੀ ਭੋਂਡਸੀ ਜੇਲ੍ਹ ਵਿੱਚ ਬੰਦ ਹਨ।
ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ 9 ਮਈ 2026 ਨੂੰ ਉਨ੍ਹਾਂ ਨੂੰ 100 ਕਰੋੜ ਰੁਪਏ ਤੋਂ ਵੱਧ ਦੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਜਾਂਚ ਏਜੰਸੀ ਦੇ ਦੋਸ਼ਾਂ ਅਨੁਸਾਰ, ਉਨ੍ਹਾਂ ਦੀ ਕੰਪਨੀ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਵੱਲੋਂ ਮੋਬਾਈਲ ਫੋਨਾਂ, ਖ਼ਾਸ ਕਰਕੇ ਆਈਫੋਨਾਂ ਦੀ ਬਰਾਮਦ ਦੇ ਨਾਮ ‘ਤੇ ਕਥਿਤ ਤੌਰ ‘ਤੇ ਜਾਅਲੀ GST ਇਨਵੌਇਸਾਂ ਦੀ ਵਰਤੋਂ ਕੀਤੀ ਗਈ।
ED ਨੇ ਇਨਪੁਟ ਟੈਕਸ ਕ੍ਰੈਡਿਟ ਅਤੇ ਡਿਊਟੀ ਡਰਾਅਬੈਕ ਦੇ ਮਾਮਲੇ ਵਿੱਚ ਵੀ ਗੰਭੀਰ ਦੋਸ਼ ਲਗਾਏ ਹਨ। ਹਾਲਾਂਕਿ ਸੰਜੀਵ ਅਰੋੜਾ ਨੇ ਇਨ੍ਹਾਂ ਦੋਸ਼ਾਂ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੰਦਿਆਂ ਨਕਾਰਿਆ ਹੈ। ਆਮ ਆਦਮੀ ਪਾਰਟੀ ਨੇ ਵੀ ਇਸ ਕਾਰਵਾਈ ਨੂੰ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦੱਸਿਆ ਹੈ।
40 ਉਮੀਦਵਾਰਾਂ ਵਿੱਚ 8 SC ਚਿਹਰੇ ਸ਼ਾਮਲ
ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੀ ਗਈ ਪਹਿਲੀ ਸੂਚੀ ਵਿੱਚ 40 ਉਮੀਦਵਾਰਾਂ ਵਿੱਚੋਂ 8 ਉਮੀਦਵਾਰ ਅਨੁਸੂਚਿਤ ਜਾਤੀ (SC) ਵਰਗ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਬਲਕਾਰ ਸਿੰਘ, ਇਸ਼ਾਂਕ ਕੁਮਾਰ ਚੱਬੇਵਾਲ, ਗੁਰਿੰਦਰ ਸਿੰਘ ਗੈਰੀ ਵੜਿੰਗ, ਮਨਵਿੰਦਰ ਸਿੰਘ ਗਿਆਸਪੁਰਾ, ਮਨਜੀਤ ਸਿੰਘ ਬਿਲਾਸਪੁਰ, ਅਮੋਲਕ ਸਿੰਘ, ਲਾਭ ਸਿੰਘ ਉਗੋਕੇ ਅਤੇ ਕੁਲਵੰਤ ਸਿੰਘ ਦੇ ਨਾਮ ਸ਼ਾਮਲ ਹਨ।
ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਕੇ ਆਮ ਆਦਮੀ ਪਾਰਟੀ ਨੇ ਆਪਣੀ ਚੋਣ ਰਣਨੀਤੀ ਦੇ ਸੰਕੇਤ ਦੇ ਦਿੱਤੇ ਹਨ। ਹੁਣ ਦੇਖਣਾ ਹੋਵੇਗਾ ਕਿ ਪਾਰਟੀ ਦੀ ਅਗਲੀ ਸੂਚੀ ਵਿੱਚ ਕਿਹੜੇ ਹੋਰ ਆਗੂਆਂ ਨੂੰ ਮੌਕਾ ਮਿਲਦਾ ਹੈ ਅਤੇ ਵਿਰੋਧੀ ਪਾਰਟੀਆਂ ਇਸ ਸਿਆਸੀ ਚਾਲ ਦਾ ਕੀ ਜਵਾਬ ਦਿੰਦੀਆਂ ਹਨ।
