ਜਾਣਕਾਰੀ ਅਨੁਸਾਰ, ਚੰਡੀਗੜ੍ਹ ਦੇ PGI ਵਿੱਚ ਸ਼ਨੀਵਾਰ ਨੂੰ ਡਾਕਟਰਾਂ ਦੇ ਵਿਸ਼ੇਸ਼ ਬੋਰਡ ਵੱਲੋਂ ਪਰਵਿੰਦਰ ਸਿੰਘ ਝੋਟਾ ਦਾ ਪੋਸਟਮਾਰਟਮ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੋਸਟਮਾਰਟਮ ਨਹੀਂ ਹੋ ਸਕਿਆ ਸੀ। ਦੱਸਿਆ ਗਿਆ ਸੀ ਕਿ ਮ੍ਰਿਤਕ ਦੇਹ ਲੰਬੇ ਸਮੇਂ ਤੱਕ ਬਹੁਤ ਘੱਟ ਤਾਪਮਾਨ ‘ਤੇ ਫ੍ਰੀਜ਼ਰ ਵਿੱਚ ਰੱਖੇ ਜਾਣ ਕਾਰਨ ਡਾਕਟਰਾਂ ਨੂੰ ਜਾਂਚ ਲਈ ਵਿਸ਼ੇਸ਼ ਪ੍ਰਕਿਰਿਆ ਅਪਣਾਉਣੀ ਪਈ।
ਜੱਦੀ ਖੇਤਾਂ ਵਿੱਚ ਕੀਤਾ ਗਿਆ ਅੰਤਿਮ ਸਸਕਾਰ
ਪਰਿਵਾਰ ਵੱਲੋਂ ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸਸਕਾਰ ਚਕੇਰੀਆ ਰੋਡ ਸਥਿਤ ਉਨ੍ਹਾਂ ਦੇ ਜੱਦੀ ਖੇਤਾਂ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ ਸੀ। PGI ਤੋਂ ਦੇਹ ਮਾਨਸਾ ਪਹੁੰਚਣ ਤੋਂ ਬਾਅਦ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਜੱਦੀ ਘਰ ਲਿਆਂਦੀ ਗਈ, ਜਿੱਥੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਇਲਾਕੇ ਦੇ ਲੋਕਾਂ ਨੇ ਅੰਤਿਮ ਦਰਸ਼ਨ ਕੀਤੇ।ਇਸ ਤੋਂ ਬਾਅਦ ਫੁੱਲਾਂ ਨਾਲ ਸਜਾਈ ਟਰੈਕਟਰ-ਟਰਾਲੀ ਵਿੱਚ ਮ੍ਰਿਤਕ ਦੇਹ ਰੱਖ ਕੇ ਅੰਤਿਮ ਯਾਤਰਾ ਕੱਢੀ ਗਈ। ਇਹ ਯਾਤਰਾ ਚਕੇਰੀਆ ਰੋਡ ਸਥਿਤ ਜੱਦੀ ਖੇਤਾਂ ਤੱਕ ਪਹੁੰਚੀ, ਜਿੱਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ।
ਪਿਤਾ ਭੀਮ ਸਿੰਘ ਨੇ SSP ਦੇ ਤਬਾਦਲੇ ਦੀ ਕੀਤੀ ਸੀ ਮੰਗ
ਦੂਜੇ ਪਾਸੇ, ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਵੱਲੋਂ ਆਪਣੇ ਪੁੱਤਰ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਨੇ ਮੰਗ ਕੀਤੀ ਸੀ ਕਿ ਮਾਨਸਾ ਦੇ SSP ਵੈਭਵ ਚੌਧਰੀ ਦਾ ਤਬਾਦਲਾ ਕੀਤਾ ਜਾਵੇ।ਭੀਮ ਸਿੰਘ ਨੇ ਦੋਸ਼ ਲਗਾਇਆ ਸੀ ਕਿ ਜ਼ਿਲ੍ਹੇ ਵਿੱਚ ਨਸ਼ਿਆਂ ਨੂੰ ਰੋਕਣ ਵਿੱਚ ਪੁਲਿਸ ਦੀ ਨਾਕਾਮੀ ਕਾਰਨ ਉਨ੍ਹਾਂ ਦੇ ਪੁੱਤਰ ਦੀ ਜਾਨ ਗਈ। ਉਨ੍ਹਾਂ ਨੇ SSP ਖ਼ਿਲਾਫ਼ ਵਿਭਾਗੀ ਕਾਰਵਾਈ ਦੀ ਮੰਗ ਵੀ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੱਕ SSP ਦਾ ਤਬਾਦਲਾ ਨਹੀਂ ਹੁੰਦਾ, ਉਹ ਅੰਨ ਦਾ ਇੱਕ ਦਾਣਾ ਵੀ ਨਹੀਂ ਖਾਣਗੇ।
13 ਅਕਤੂਬਰ ਨੂੰ ਮੈਡੀਕਲ ਸਟੋਰ ‘ਤੇ ਮਾਰੀ ਗਈ ਸੀ ਗੋਲੀ
ਜ਼ਿਕਰਯੋਗ ਹੈ ਕਿ 13 ਅਕਤੂਬਰ ਨੂੰ ਪਰਵਿੰਦਰ ਸਿੰਘ ਝੋਟਾ ਦਾ ਮਾਨਸਾ ਵਿੱਚ ਇੱਕ ਮੈਡੀਕਲ ਸਟੋਰ ‘ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਰੋਸ ਦੀ ਲਹਿਰ ਫੈਲ ਗਈ ਸੀ ਅਤੇ ਪਰਿਵਾਰ ਤੇ ਐਕਸ਼ਨ ਕਮੇਟੀ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਸੀ।
ਹੁਣ 26 ਦਿਨਾਂ ਬਾਅਦ ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸਸਕਾਰ ਹੋਣ ਨਾਲ ਉਨ੍ਹਾਂ ਦੀ ਅੰਤਿਮ ਵਿਦਾਈ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਹਾਲਾਂਕਿ, ਪਰਿਵਾਰ ਵੱਲੋਂ ਮਾਮਲੇ ਵਿੱਚ ਇਨਸਾਫ਼ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਜਾਰੀ ਰੱਖੀ ਗਈ ਹੈ।
