ਅਦਾਲਤ ਨੇ ਦੋਸ਼ੀਆਂ ਨੂੰ ਭਾਰਤੀ ਦੰਡ ਸੰਹਿਤਾ (IPC) ਤਹਿਤ ਅਪਰਾਧਿਕ ਸਾਜ਼ਿਸ਼ ਅਤੇ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਹੈ। ਇਸ ਤੋਂ ਇਲਾਵਾ FCI ਦੇ 14 ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ, 1988 ਤਹਿਤ ਵੀ ਦੋਸ਼ੀ ਠਹਿਰਾਇਆ ਗਿਆ ਹੈ।
ਕੀ ਸੀ ਪੰਜਾਬ ਦਾ ਚੌਲ ਖਰੀਦ ਘੁਟਾਲਾ?
CBI ਦੀ ਜਾਂਚ ਮੁਤਾਬਕ, ਸਾਲ 2004-05 ਦੇ ਖਰੀਫ ਸੀਜ਼ਨ ਦੌਰਾਨ FCI ਦੇ ਅਧਿਕਾਰੀਆਂ ਅਤੇ ਨਿੱਜੀ ਰਾਈਸ ਮਿੱਲਰਾਂ ਵਿਚਕਾਰ ਕਥਿਤ ਤੌਰ ‘ਤੇ ਸਾਜ਼ਿਸ਼ ਰਚੀ ਗਈ ਸੀ। ਇਸ ਤਹਿਤ ਘਟੀਆ ਗੁਣਵੱਤਾ ਵਾਲੇ ਚੌਲਾਂ ਨੂੰ ਗ੍ਰੇਡ-A ਦੇ ਮਿਆਰੀ ਚੌਲ ਦੱਸ ਕੇ ਖਰੀਦਿਆ ਗਿਆ ਸੀ।
ਇਹ ਗੜਬੜ ਸੰਗਰੂਰ ਜ਼ਿਲ੍ਹੇ ਦੇ ਮਲੇਰਕੋਟਲਾ, ਸੁਨਾਮ ਅਤੇ ਟਾਪਾ ਸਥਿਤ FCI ਕੇਂਦਰਾਂ ‘ਤੇ ਹੋਈ ਸੀ। ਦੋਸ਼ ਸੀ ਕਿ ਘਟੀਆ ਗੁਣਵੱਤਾ ਵਾਲੇ ਚੌਲਾਂ ਨੂੰ ਮਿਆਰੀ ਦੱਸ ਕੇ ਸਵੀਕਾਰ ਕਰਨ ਦੇ ਬਦਲੇ ਰਾਈਸ ਮਿੱਲਰਾਂ ਨੂੰ ਗਲਤ ਤਰੀਕੇ ਨਾਲ ਭੁਗਤਾਨ ਕੀਤਾ ਗਿਆ, ਜਿਸ ਕਾਰਨ FCI ਨੂੰ ਵਿੱਤੀ ਨੁਕਸਾਨ ਹੋਇਆ।
2005 ਵਿੱਚ CBI ਦੀ ਜਾਂਚ ਦੌਰਾਨ ਸਾਹਮਣੇ ਆਇਆ ਸੀ ਮਾਮਲਾ
ਸਤੰਬਰ 2005 ਵਿੱਚ CBI ਵੱਲੋਂ ਕੀਤੀ ਗਈ ਸਾਂਝੀ ਅਚਨਚੇਤ ਜਾਂਚ ਦੌਰਾਨ ਇਸ ਘੁਟਾਲੇ ਦਾ ਖੁਲਾਸਾ ਹੋਇਆ ਸੀ। ਜਾਂਚ ਦੌਰਾਨ ਚੌਲਾਂ ਦੇ ਨਮੂਨੇ ਲੈਬਾਰਟਰੀ ਵਿੱਚ ਭੇਜੇ ਗਏ ਸਨ। ਰਿਪੋਰਟ ਵਿੱਚ ਸਾਹਮਣੇ ਆਇਆ ਕਿ ਚੌਲ ਨਿਰਧਾਰਤ ਗੁਣਵੱਤਾ ਮਾਪਦੰਡਾਂ ‘ਤੇ ਖਰੇ ਨਹੀਂ ਉਤਰਦੇ ਸਨ।
ਇਸ ਤੋਂ ਬਾਅਦ CBI ਨੇ 7 ਜਨਵਰੀ 2006 ਨੂੰ ਕੇਸ ਦਰਜ ਕੀਤਾ ਸੀ। ਜਾਂਚ ਪੂਰੀ ਹੋਣ ਮਗਰੋਂ 28 ਨਵੰਬਰ 2008 ਨੂੰ ਤਿੰਨ ਵੱਖ-ਵੱਖ ਚਾਰਜਸ਼ੀਟਾਂ ਦਾਇਰ ਕੀਤੀਆਂ ਗਈਆਂ ਸਨ।
ਮਲੇਰਕੋਟਲਾ ਕੇਂਦਰ: 10 ਦੋਸ਼ੀਆਂ ਨੂੰ ਸਜ਼ਾ
ਮਲੇਰਕੋਟਲਾ FCI ਕੇਂਦਰ ਨਾਲ ਸਬੰਧਤ ਮਾਮਲੇ ਵਿੱਚ ਕੁੱਲ 10 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਇਨ੍ਹਾਂ ਵਿੱਚ ਪੰਜ FCI ਅਧਿਕਾਰੀ ਅਤੇ ਪੰਜ ਨਿੱਜੀ ਰਾਈਸ ਮਿੱਲਰ ਸ਼ਾਮਲ ਸਨ।
- FCI ਦੇ ਪੰਜ ਅਧਿਕਾਰੀਆਂ ਨੂੰ ਦੋ-ਦੋ ਸਾਲ ਦੀ ਸਖ਼ਤ ਕੈਦ ਅਤੇ 15-15 ਹਜ਼ਾਰ ਰੁਪਏ ਜੁਰਮਾਨਾ ਸੁਣਾਇਆ ਗਿਆ।
- ਹਰਿਸ਼ ਕੁਮਾਰ, ਰਜਨੀਸ਼ ਕੁਮਾਰ ਅਤੇ ਰਾਕੇਸ਼ ਗੋਇਲ ਨੂੰ ਤਿੰਨ-ਤਿੰਨ ਸਾਲ ਦੀ ਕੈਦ ਅਤੇ 25-25 ਹਜ਼ਾਰ ਰੁਪਏ ਜੁਰਮਾਨਾ ਹੋਇਆ।
- ਰਮੇਸ਼ ਸਿੰਘਲਾ ਅਤੇ ਨਰਿੰਦਰ ਕੁਮਾਰ ਨੂੰ ਦੋ-ਦੋ ਸਾਲ ਦੀ ਕੈਦ ਅਤੇ 20-20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ।
ਸੁਨਾਮ ਕੇਂਦਰ: 6 ਵਿਅਕਤੀ ਦੋਸ਼ੀ ਕਰਾਰ
ਸੁਨਾਮ ਕੇਂਦਰ ਨਾਲ ਜੁੜੇ ਮਾਮਲੇ ਵਿੱਚ ਤਿੰਨ FCI ਅਧਿਕਾਰੀਆਂ ਅਤੇ ਤਿੰਨ ਨਿੱਜੀ ਰਾਈਸ ਮਿੱਲਰਾਂ ਸਮੇਤ ਕੁੱਲ ਛੇ ਵਿਅਕਤੀਆਂ ਨੂੰ ਸਜ਼ਾ ਸੁਣਾਈ ਗਈ।
- FCI ਅਧਿਕਾਰੀ ਆਰ.ਸੀ. ਵਰਮਾ, ਸੋਮ ਪਾਲ ਸਿੰਘ ਅਤੇ ਕੇ.ਐਲ. ਗੁਲਾਟੀ ਨੂੰ ਦੋ-ਦੋ ਸਾਲ ਦੀ ਸਖ਼ਤ ਕੈਦ ਅਤੇ 15-15 ਹਜ਼ਾਰ ਰੁਪਏ ਜੁਰਮਾਨਾ ਹੋਇਆ।
- ਰਾਈਸ ਮਿੱਲਰ ਕੇਵਲ ਕ੍ਰਿਸ਼ਨ ਨੂੰ ਇੱਕ ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ ਸੁਣਾਇਆ ਗਿਆ।
- ਹਰੀ ਰਾਮ ਅਤੇ ਜੀਵਨ ਲਾਲ ਨੂੰ ਦੋ-ਦੋ ਸਾਲ ਦੀ ਕੈਦ ਅਤੇ 20-20 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ।
ਟਾਪਾ ਕੇਂਦਰ: 14 ਦੋਸ਼ੀਆਂ ਨੂੰ ਸਜ਼ਾ
ਟਾਪਾ FCI ਕੇਂਦਰ ਨਾਲ ਸਬੰਧਤ ਮਾਮਲੇ ਵਿੱਚ ਛੇ FCI ਅਧਿਕਾਰੀਆਂ ਅਤੇ ਅੱਠ ਨਿੱਜੀ ਵਿਅਕਤੀਆਂ ਸਮੇਤ ਕੁੱਲ 14 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ।
- FCI ਦੇ ਸਾਰੇ ਛੇ ਅਧਿਕਾਰੀਆਂ ਨੂੰ ਦੋ-ਦੋ ਸਾਲ ਦੀ ਸਖ਼ਤ ਕੈਦ ਅਤੇ 15-15 ਹਜ਼ਾਰ ਰੁਪਏ ਜੁਰਮਾਨਾ ਸੁਣਾਇਆ ਗਿਆ।
- ਬੁੱਧ ਰਾਮ, ਪ੍ਰਦੀਪ ਸ਼ਰਮਾ ਅਤੇ ਭੂਸ਼ਣ ਕੁਮਾਰ ਨੂੰ ਤਿੰਨ-ਤਿੰਨ ਸਾਲ ਦੀ ਕੈਦ ਅਤੇ 20-20 ਹਜ਼ਾਰ ਰੁਪਏ ਜੁਰਮਾਨਾ ਹੋਇਆ।
- ਵਿਨੋਦ ਕੁਮਾਰ, ਭਰਤ ਭੂਸ਼ਣ, ਅਸ਼ੋਕ ਕੁਮਾਰ, ਸੁਰਿੰਦਰ ਕੁਮਾਰ ਅਤੇ ਰਮੇਸ਼ ਕੁਮਾਰ ਨੂੰ ਦੋ-ਦੋ ਸਾਲ ਦੀ ਕੈਦ ਅਤੇ 20-20 ਹਜ਼ਾਰ ਰੁਪਏ ਜੁਰਮਾਨਾ ਸੁਣਾਇਆ ਗਿਆ।
20 ਸਾਲ ਪੁਰਾਣੇ ਮਾਮਲੇ ਵਿੱਚ 30 ਦੋਸ਼ੀਆਂ ਨੂੰ ਸਜ਼ਾ
ਇਸ ਤਰ੍ਹਾਂ ਮਲੇਰਕੋਟਲਾ, ਸੁਨਾਮ ਅਤੇ ਟਾਪਾ ਦੇ ਤਿੰਨ FCI ਕੇਂਦਰਾਂ ਨਾਲ ਜੁੜੇ ਪੰਜਾਬ ਦੇ ਚੌਲ ਖਰੀਦ ਘੁਟਾਲੇ ਵਿੱਚ CBI ਦੀ ਵਿਸ਼ੇਸ਼ ਅਦਾਲਤ ਨੇ ਕੁੱਲ 30 ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ। ਇਨ੍ਹਾਂ ਵਿੱਚ FCI ਦੇ 14 ਅਧਿਕਾਰੀ ਅਤੇ 16 ਨਿੱਜੀ ਰਾਈਸ ਮਿੱਲਰ ਸ਼ਾਮਲ ਹਨ।
ਦੋਸ਼ੀਆਂ ਨੂੰ ਉਨ੍ਹਾਂ ਦੀ ਭੂਮਿਕਾ ਅਤੇ ਸਬੰਧਤ ਮਾਮਲੇ ਦੇ ਆਧਾਰ ‘ਤੇ ਇੱਕ ਤੋਂ ਤਿੰਨ ਸਾਲ ਤੱਕ ਦੀ ਕੈਦ ਅਤੇ ਜੁਰਮਾਨਾ ਕੀਤਾ ਗਿਆ ਹੈ। ਇਸ ਫੈਸਲੇ ਨਾਲ ਕਰੀਬ ਦੋ ਦਹਾਕੇ ਪੁਰਾਣੇ ਚੌਲ ਖਰੀਦ ਘੁਟਾਲੇ ਦੇ ਮਾਮਲੇ ਵਿੱਚ ਅਹਿਮ ਕਾਨੂੰਨੀ ਕਾਰਵਾਈ ਪੂਰੀ ਹੋਈ ਹੈ।
