ਪਾਰਕਿੰਗ ‘ਚ ਕਾਰ ‘ਤੇ ਚਲਾਈਆਂ ਗੋਲੀਆਂ
ਜਾਣਕਾਰੀ ਅਨੁਸਾਰ, ਇਹ ਘਟਨਾ ਸੋਮਵਾਰ ਰਾਤ ਕਰੀਬ 10:38 ਵਜੇ ਸਰੀ ਦੇ 124 ਸਟਰੀਟ ਅਤੇ 88 ਐਵੇਨਿਊ ਨੇੜੇ ਸਥਿਤ ਵਾਲਮਾਰਟ ਸਟੋਰ ਦੀ ਪਾਰਕਿੰਗ ਵਿੱਚ ਵਾਪਰੀ।ਦੱਸਿਆ ਜਾ ਰਿਹਾ ਹੈ ਕਿ 23 ਸਾਲਾ ਪੰਜਾਬੀ ਨੌਜਵਾਨ ਅਤੇ 24 ਸਾਲਾ ਕੁੜੀ ਇੱਕ ਲਾਲ ਸਪੋਰਟਸ ਕਾਰ ਵਿੱਚ ਬੈਠੇ ਹੋਏ ਸਨ। ਇਸੇ ਦੌਰਾਨ ਹਮਲਾਵਰਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਈ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਦੀ ਆਵਾਜ਼ ਸੁਣ ਕੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ।ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਤੁਰੰਤ ਮੌਕੇ ‘ਤੇ ਪਹੁੰਚੀਆਂ। ਜ਼ਖ਼ਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਗੰਭੀਰ ਸੱਟਾਂ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਡੈਲਟਾ ਇਲਾਕੇ ਦੇ ਰਹਿਣ ਵਾਲੇ ਸਨ ਦੋਵੇਂ ਮ੍ਰਿਤਕ
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਮ੍ਰਿਤਕ ਡੈਲਟਾ ਖੇਤਰ ਦੇ ਰਹਿਣ ਵਾਲੇ ਸਨ। ਪੁਲਿਸ ਨੇ ਨੌਜਵਾਨ ਦੀ ਪਛਾਣ ਕਰ ਲਈ ਹੈ ਅਤੇ ਉਸਦੇ ਪਰਿਵਾਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਹਾਲਾਂਕਿ, ਕੁੜੀ ਦੀ ਪਛਾਣ ਕਰਨ ਦੀ ਪ੍ਰਕਿਰਿਆ ਅਜੇ ਜਾਰੀ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ, ਮ੍ਰਿਤਕ ਨੌਜਵਾਨ ਤਿੰਨ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ। ਉਸਦਾ ਇੱਕ ਛੋਟਾ ਭਰਾ ਅਤੇ ਇੱਕ ਭੈਣ ਹੈ। ਪਰਿਵਾਰ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਕਾਰ ਵਿੱਚ ਉਸਦੇ ਨਾਲ ਬੈਠੀ ਕੁੜੀ ਉਸਦੀ ਪ੍ਰੇਮਿਕਾ ਸੀ।
ਜਾਣਕਾਰੀ ਮੁਤਾਬਕ, ਮ੍ਰਿਤਕ ਨੌਜਵਾਨ ਪਹਿਲਾਂ ਵੀ ਹਥਿਆਰਾਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਪੁਲਿਸ ਦੇ ਧਿਆਨ ਵਿੱਚ ਆਇਆ ਸੀ। ਹਾਲਾਂਕਿ, ਇਸ ਪੁਰਾਣੇ ਮਾਮਲੇ ਅਤੇ ਮੌਜੂਦਾ ਕਤਲ ਵਿਚਕਾਰ ਕੋਈ ਸਬੰਧ ਹੋਣ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।
ਗੋਲੀਬਾਰੀ ਤੋਂ 15 ਮਿੰਟ ਬਾਅਦ ਸੜਦੀ ਮਿਲੀ ਚਿੱਟੀ ਕਾਰ
ਇਸ ਕਤਲ ਕਾਂਡ ਵਿੱਚ ਇੱਕ ਹੋਰ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਅਨੁਸਾਰ, ਗੋਲੀਬਾਰੀ ਦੀ ਘਟਨਾ ਤੋਂ ਕਰੀਬ 15 ਮਿੰਟ ਬਾਅਦ ਪ੍ਰਿੰਸੈਸ ਡਰਾਈਵ ਦੇ 9700 ਬਲਾਕ ਵਿੱਚ ਇੱਕ ਚਿੱਟੀ ਸੇਡਾਨ ਕਾਰ ਸੜਦੀ ਹੋਈ ਮਿਲੀ।ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਹਮਲਾਵਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਬੂਤ ਨਸ਼ਟ ਕਰਨ ਲਈ ਆਪਣੀ ਕਾਰ ਨੂੰ ਅੱਗ ਲਗਾਈ ਹੋ ਸਕਦੀ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਸੜੀ ਹੋਈ ਕਾਰ ਦਾ ਇਸ ਦੋਹਰੇ ਕਤਲ ਨਾਲ ਕੋਈ ਸਬੰਧ ਹੈ।
ਪੁਲਿਸ ਨੇ ਲੋਕਾਂ ਤੋਂ ਮੰਗੀ ਮਦਦ
ਇਸ ਮਾਮਲੇ ਦੀ ਜਾਂਚ ਕਰ ਰਹੀ IHIT ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਨਾਲ ਸਬੰਧਤ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਸਾਂਝੀ ਕਰੇ।ਪੁਲਿਸ ਨੇ ਖਾਸ ਤੌਰ ‘ਤੇ ਘਟਨਾ ਸਮੇਂ ਇਲਾਕੇ ਵਿੱਚ ਮੌਜੂਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ, ਦੁਕਾਨਾਂ ਜਾਂ ਵਾਹਨਾਂ ਦੀ CCTV ਅਤੇ ਡੈਸ਼ਕੈਮ ਫੁਟੇਜ ਜਾਂਚ ਟੀਮ ਨੂੰ ਮੁਹੱਈਆ ਕਰਵਾਉਣ।
ਪੁਲਿਸ ਦਾ ਮੰਨਣਾ ਹੈ ਕਿ ਅਜਿਹੀ ਫੁਟੇਜ ਰਾਹੀਂ ਸ਼ੱਕੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਤੱਕ ਪਹੁੰਚਣ ਵਿੱਚ ਮਦਦ ਮਿਲ ਸਕਦੀ ਹੈ। ਫਿਲਹਾਲ ਦੋਹਰੇ ਕਤਲ ਦੇ ਪਿੱਛੇ ਦਾ ਕਾਰਨ ਅਤੇ ਹਮਲਾਵਰਾਂ ਦੀ ਪਛਾਣ ਸਾਹਮਣੇ ਨਹੀਂ ਆਈ ਹੈ। ਪੁਲਿਸ ਵੱਲੋਂ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
