22 ਸਾਲਾ ਨੌਜਵਾਨ ਗ੍ਰਿਫ਼ਤਾਰ
ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਪ੍ਰਭਦੀਪ ਸਿੰਘ ਉਰਫ਼ ਪ੍ਰਭ ਵਜੋਂ ਹੋਈ ਹੈ। ਉਹ ਕਰੀਬ 22 ਸਾਲ ਦਾ ਹੈ ਅਤੇ ਥਾਣਾ ਸਦਰ ਨਕੋਦਰ ਅਧੀਨ ਪੈਂਦੇ ਪਿੰਡ ਅਵਾਣ ਚੁਹਾਰਮੀ ਦਾ ਰਹਿਣ ਵਾਲਾ ਹੈ।ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਪਿੰਡ ਵਾਸੀਆਂ ਦੀ ਚੌਕਸੀ ਨੇ ਅਹਿਮ ਭੂਮਿਕਾ ਨਿਭਾਈ। 26 ਨਵੰਬਰ ਨੂੰ ਪਿੰਡ ਚੱਕ ਵੇਂਡਲ ਦੇ ਲੋਕਾਂ ਨੇ ਮੁਲਜ਼ਮ ਨੂੰ 2 ਕਿਲੋ ਹੈਰੋਇਨ ਅਤੇ ਪਿਸਤੌਲਾਂ ਸਮੇਤ ਕਾਬੂ ਕਰ ਲਿਆ ਸੀ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।ਸੂਚਨਾ ਮਿਲਣ ‘ਤੇ CIA ਸਟਾਫ਼ ਜਲੰਧਰ ਦਿਹਾਤੀ ਦੀ ਟੀਮ ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਹੇਠ ਮੌਕੇ ‘ਤੇ ਪਹੁੰਚੀ ਅਤੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ।
ਅਮਰੀਕਾ ‘ਚ ਬੈਠੇ ਤਸਕਰ ਨਾਲ ਜੁੜੇ ਤਾਰ
ਐੱਸ.ਐੱਸ.ਪੀ. ਅਨੁਸਾਰ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਨਸ਼ੇ ਅਤੇ ਹਥਿਆਰਾਂ ਦੀ ਇਹ ਖੇਪ ਨਵਜੋਤ ਸਿੰਘ ਉਰਫ਼ ਗੈਰੀ ਵੱਲੋਂ ਭੇਜੀ ਗਈ ਸੀ। ਨਵਜੋਤ ਸਿੰਘ ਕਪੂਰਥਲਾ ਦੇ ਕਾਲਾ ਸੰਘਿਆਂ ਨੇੜੇ ਨਵਾਂ ਪਿੰਡ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਅਮਰੀਕਾ ਵਿੱਚ ਰਹਿ ਰਿਹਾ ਹੈ।
ਪੁਲਿਸ ਮੁਤਾਬਕ ਪੂਰੀ ਖੇਪ ਵਿੱਚ 14 ਕਿਲੋ ਹੈਰੋਇਨ ਅਤੇ 6 ਪਿਸਤੌਲ ਸਨ। ਇਨ੍ਹਾਂ ਵਿੱਚੋਂ ਹੁਣ ਤੱਕ 12 ਕਿਲੋ ਹੈਰੋਇਨ ਅਤੇ 4 ਪਿਸਤੌਲ ਬਰਾਮਦ ਕੀਤੇ ਜਾ ਚੁੱਕੇ ਹਨ। ਬਾਕੀ 2 ਕਿਲੋ ਹੈਰੋਇਨ ਅਤੇ 2 ਪਿਸਤੌਲਾਂ ਦੀ ਭਾਲ ਕੀਤੀ ਜਾ ਰਹੀ ਹੈ।
ਬਾਲਣ ਦੇ ਢੇਰ ਹੇਠਾਂ ਲੁਕਾਈ ਸੀ 10 ਕਿਲੋ ਹੈਰੋਇਨ
ਪੁਲਿਸ ਦੀ ਪੁੱਛਗਿੱਛ ਦੌਰਾਨ ਇੱਕ ਹੋਰ ਵੱਡਾ ਖੁਲਾਸਾ ਹੋਇਆ। ਮੁਲਜ਼ਮ ਪੁਲਿਸ ਨੂੰ ਆਪਣੀ ਹਵੇਲੀ ਲੈ ਕੇ ਗਿਆ, ਜਿੱਥੇ ਉਸ ਨੇ ਬਾਲਣ ਦੇ ਢੇਰ ਹੇਠਾਂ 10 ਕਿਲੋ ਹੋਰ ਹੈਰੋਇਨ ਲੁਕਾ ਕੇ ਰੱਖੀ ਹੋਈ ਸੀ।ਪੁਲਿਸ ਨੇ ਡੀਐੱਸਪੀ ਕਰਤਾਰਪੁਰ ਨਰਿੰਦਰ ਸਿੰਘ ਔਜਲਾ ਦੀ ਮੌਜੂਦਗੀ ਵਿੱਚ ਇਹ ਹੈਰੋਇਨ ਬਰਾਮਦ ਕੀਤੀ। ਇਸ ਤਰ੍ਹਾਂ ਪਿੰਡ ਵਾਸੀਆਂ ਵੱਲੋਂ ਫੜੇ ਜਾਣ ਸਮੇਂ ਮਿਲੀ 2 ਕਿਲੋ ਹੈਰੋਇਨ ਸਮੇਤ ਕੁੱਲ 12 ਕਿਲੋ ਹੈਰੋਇਨ ਬਰਾਮਦ ਹੋ ਚੁੱਕੀ ਹੈ।
ਇਸ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਤਿੰਨ ਹੋਰ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚ ਅਮਰੀਕਾ ਰਹਿੰਦਾ ਨਵਜੋਤ ਸਿੰਘ ਉਰਫ਼ ਗੈਰੀ, ਮਨਜੋਤਵੀਰ ਸਿੰਘ ਉਰਫ਼ ਕਾਲਾ ਅਤੇ ਸੌਰਵ ਸ਼ਾਮਲ ਹਨ।ਪੁਲਿਸ ਵੱਲੋਂ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਡਿਊਲ ਨਾਲ ਜੁੜੇ ਹੋਰ ਅਹਿਮ ਖੁਲਾਸੇ ਹੋ ਸਕਦੇ ਹਨ।
ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਮੁਲਜ਼ਮ
ਐੱਸ.ਐੱਸ.ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਪ੍ਰਭਦੀਪ ਸਿੰਘ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਸ ਤੋਂ ਬਾਕੀ ਰਹਿੰਦੀ 2 ਕਿਲੋ ਹੈਰੋਇਨ ਅਤੇ 2 ਪਿਸਤੌਲਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।ਪੁਲਿਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਨਸ਼ੇ ਦੇ ਕਾਰੋਬਾਰ ਰਾਹੀਂ ਬਣਾਈ ਗਈ ਜਾਇਦਾਦ ਦੀ ਪਛਾਣ ਕਰਕੇ ਉਸ ਨੂੰ ਕਾਨੂੰਨ ਅਨੁਸਾਰ ਜ਼ਬਤ ਕੀਤਾ ਜਾਵੇਗਾ।
ਇਸ ਸਬੰਧੀ ਥਾਣਾ ਸਦਰ ਨਕੋਦਰ ਵਿੱਚ 26 ਨਵੰਬਰ 2026 ਨੂੰ NDPS ਐਕਟ ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਜਲੰਧਰ ਕਮਿਸ਼ਨਰੇਟ ਦੇ ਥਾਣਾ ਸਦਰ ਵਿੱਚ ਆਰਮਜ਼ ਐਕਟ ਤਹਿਤ ਮਾਮਲਾ ਦਰਜ ਹੋ ਚੁੱਕਾ ਹੈ।
ਐੱਸ.ਐੱਸ.ਪੀ. ਹਰਕਮਲ ਪ੍ਰੀਤ ਸਿੰਘ ਖੱਖ ਨੇ ਪਿੰਡ ਵਾਸੀਆਂ ਦੀ ਹਿੰਮਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਲੋਕਾਂ ਦੇ ਸਹਿਯੋਗ ਨਾਲ ਹੀ ਜਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਚੌਕਸੀ ਕਾਰਨ ਨਸ਼ੇ ਦੀ ਵੱਡੀ ਖੇਪ ਫੜਨ ਵਿੱਚ ਸਫ਼ਲਤਾ ਮਿਲੀ ਹੈ।
