Punjab Weather Update: ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਲਗਾਤਾਰ ਮੀਂਹ ਕਾਰਨ ਸੂਬੇ ਦੇ ਤਾਪਮਾਨ ਵਿੱਚ 2.6 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਠਾਨਕੋਟ ਵਿੱਚ ਸਾਰੀ ਰਾਤ ਅਤੇ ਚੰਡੀਗੜ੍ਹ ਵਿੱਚ ਸਵੇਰ ਤੋਂ ਭਾਰੀ ਮੀਂਹ ਪਿਆ।
ਮੌਸਮ ਵਿਭਾਗ ਨੇ 22 ਜੁਲਾਈ ਲਈ ਪੰਜਾਬ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। ਅੱਜ ਸੂਬੇ ਦੇ 20 ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਹੈ, ਜਿਨ੍ਹਾਂ ਵਿੱਚੋਂ 11 ਜ਼ਿਲ੍ਹਿਆਂ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਵਿੱਚ ਕਈ ਥਾਵਾਂ ‘ਤੇ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ, ਮੌਨਸੂਨ ਟ੍ਰਫ਼ ਅਤੇ ਹਰਿਆਣਾ ਨੇੜੇ ਬਣੇ ਚੱਕਰਵਾਤੀ ਸਰਕੂਲੇਸ਼ਨ ਕਾਰਨ ਪੰਜਾਬ ਵਿੱਚ ਬਾਰਿਸ਼ ਲਈ ਅਨੁਕੂਲ ਹਾਲਾਤ ਬਣੇ ਹੋਏ ਹਨ।ਨਤੀਜੇ ਵਜੋਂ, ਅਗਲੇ 24 ਘੰਟਿਆਂ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਅਸਮਾਨ ਬੱਦਲਵਾਈ ਰਹੇਗਾ, ਰੁਕ-ਰੁਕ ਕੇ ਬਾਰਿਸ਼ ਹੋਵੇਗੀ।ਮੌਸਮ ਵਿਭਾਗ ਨੇ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਸਾਵਧਾਨ ਰਹਿਣ ਅਤੇ ਲੋੜ ਪੈਣ ‘ਤੇ ਹੀ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਹੈ।