ਨਵੀਂ ਦਿੱਲੀ: ਅਗਸਤ ਮਹੀਨੇ ਦੀ ਸ਼ੁਰੂਆਤ ਆਮ ਲੋਕਾਂ ਅਤੇ ਕਾਰੋਬਾਰੀਆਂ ਲਈ ਰਾਹਤ ਭਰੀ ਖ਼ਬਰ ਨਾਲ ਹੋਈ ਹੈ। ਕਮਰਸ਼ੀਅਲ LPG ਸਿਲੰਡਰ ਸਸਤਾ ਹੋ ਗਿਆ ਹੈ। ਸਰਕਾਰ ਨੇ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ ਕੀਤੀ ਹੈ। ਲਗਾਤਾਰ ਦੂਜੇ ਮਹੀਨੇ ਕਮਰਸ਼ੀਅਲ LPG ਸਿਲੰਡਰ ਸਸਤਾ ਹੋਇਆ ਹੈ। ਹਾਲਾਂਕਿ 14.2 ਕਿਲੋਗ੍ਰਾਮ ਵਾਲੇ ਘਰੇਲੂ LPG ਸਿਲੰਡਰ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।
ਦਿੱਲੀ ਸਮੇਤ ਕਈ ਸ਼ਹਿਰਾਂ ਵਿੱਚ ਕੀਮਤਾਂ ਘਟੀਆਂ
ਨਵੀਆਂ ਕੀਮਤਾਂ ਮੁਤਾਬਕ ਦਿੱਲੀ ਵਿੱਚ 19 ਕਿਲੋਗ੍ਰਾਮ ਕਮਰਸ਼ੀਅਲ LPG ਸਿਲੰਡਰ ਦੀ ਕੀਮਤ ਵਿੱਚ 202 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਇਹ 2,728 ਰੁਪਏ ਵਿੱਚ ਮਿਲੇਗਾ, ਜਦਕਿ ਪਹਿਲਾਂ ਇਸ ਦੀ ਕੀਮਤ 2,930 ਰੁਪਏ ਸੀ। ਉਥੇ ਹੀ ਕੋਲਕਾਤਾ ਵਿੱਚ ਇਸ ਦੀ ਕੀਮਤ 209 ਰੁਪਏ ਘਟਾ ਦਿੱਤੀ ਗਈ ਹੈ। ਹੁਣ ਉੱਥੇ ਕਮਰਸ਼ੀਅਲ ਸਿਲੰਡਰ 2,872.50 ਰੁਪਏ ਵਿੱਚ ਮਿਲੇਗਾ।ਇਸ ਤੋਂ ਇਲਾਵਾ ਪਟਨਾ ਵਿੱਚ 19 ਕਿਲੋਗ੍ਰਾਮ ਕਮਰਸ਼ੀਅਲ ਸਿਲੰਡਰ ਦੀ ਕੀਮਤ 209 ਰੁਪਏ ਘਟ ਕੇ 3,018 ਰੁਪਏ ਰਹਿ ਗਈ ਹੈ। ਇਸੇ ਤਰ੍ਹਾਂ ਲਖਨਊ ਵਿੱਚ ਇਹ ਸਿਲੰਡਰ ਹੁਣ 2,860.50 ਰੁਪਏ ਵਿੱਚ ਉਪਲਬਧ ਹੋਵੇਗਾ। ਪਹਿਲਾਂ ਇਸ ਦੀ ਕੀਮਤ 3,052.50 ਰੁਪਏ ਸੀ।
ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਸਭ ਤੋਂ ਵੱਧ ਫਾਇਦਾ ਹੋਟਲ, ਰੈਸਟੋਰੈਂਟ, ਢਾਬੇ, ਚਾਹ ਦੀਆਂ ਦੁਕਾਨਾਂ ਅਤੇ ਹੋਰ ਖਾਣ-ਪੀਣ ਨਾਲ ਜੁੜੇ ਕਾਰੋਬਾਰਾਂ ਨੂੰ ਮਿਲੇਗਾ। ਇਹ ਕਾਰੋਬਾਰ ਰੋਜ਼ਾਨਾ ਕਮਰਸ਼ੀਅਲ ਸਿਲੰਡਰ ਦੀ ਵਰਤੋਂ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਸੰਚਾਲਨ ਖਰਚ ਵਿੱਚ ਕਮੀ ਆਵੇਗੀ।
14.2 ਕਿਲੋਗ੍ਰਾਮ ਵਾਲੇ ਘਰੇਲੂ LPG ਸਿਲੰਡਰ ਦੀ ਕੀਮਤ ਪਹਿਲਾਂ ਵਾਂਗ ਹੀ ਬਰਕਰਾਰ ਰੱਖੀ ਗਈ ਹੈ। ਦਿੱਲੀ ਵਿੱਚ ਇਹ 942 ਰੁਪਏ , ਕੋਲਕਾਤਾ ਵਿੱਚ 968 ਰੁਪਏ , ਮੁੰਬਈ ਵਿੱਚ 941.50 ਰੁਪਏ ਅਤੇ ਚੇਨਈ ਵਿੱਚ 957.50 ਰੁਪਏ ਵਿੱਚ ਉਪਲਬਧ ਰਹੇਗਾ। ਉਮੀਦ ਹੈ ਕਿ ਘਰੇਲੂ LPG ਸਿਲੰਡਰ ਦੀ ਕੀਮਤ ਵਿੱਚ ਵੀ ਕਟੌਤੀ ਹੋਵੇਂ।
ਫਿਲਹਾਲ,ਸਰਕਾਰ ਦੇ ਇਸ ਫੈਸਲੇ ਨਾਲ ਵਪਾਰਕ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਨੂੰ ਤੁਰੰਤ ਰਾਹਤ ਮਿਲੇਗੀ, ਜਦਕਿ ਘਰੇਲੂ ਉਪਭੋਗਤਾਵਾਂ ਲਈ ਕੀਮਤਾਂ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ।