Punjab Bus Strike : ਪੰਜਾਬ ਵਿੱਚ ਪੀਆਰਟੀਸੀ (PRTC) ਅਤੇ ਪਨਬੱਸ ਦੇ ਕੱਚੇ ਕਰਮਚਾਰੀਆਂ ਦੀ ਹੜਤਾਲ ਕਾਰਨ ਸੋਮਵਾਰ ਨੂੰ ਸਰਕਾਰੀ ਬੱਸ ਸੇਵਾ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਸੂਬੇ ਦੇ ਕਈ ਸ਼ਹਿਰਾਂ ਵਿੱਚ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਟਿਆਲਾ, ਰਾਜਪੁਰਾ ਅਤੇ ਹੋਰ ਇਲਾਕਿਆਂ ਵਿੱਚ ਬੱਸਾਂ ਦੀ ਘਾਟ ਕਾਰਨ ਲੋਕ ਘੰਟਿਆਂ ਤੱਕ ਸਟੈਂਡਾਂ ‘ਤੇ ਖੜ੍ਹੇ ਰਹੇ, ਜਦਕਿ ਕਈ ਬੱਸਾਂ ਵਿੱਚ ਸਮਰੱਥਾ ਤੋਂ ਵੱਧ ਸਵਾਰੀਆਂ ਸਫ਼ਰ ਕਰਦੀਆਂ ਨਜ਼ਰ ਆਈਆਂ।
ਪਟਿਆਲਾ ਨਵੇਂ ਬੱਸ ਸਟੈਂਡ ‘ਤੇ ਨਾਅਰੇਬਾਜ਼ੀ
ਪਟਿਆਲਾ ਦੇ ਨਵੇਂ ਬੱਸ ਸਟੈਂਡ ਵਿਖੇ ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਕਰਮਚਾਰੀਆਂ ਨੇ ਡਿਪੂ ਦੇ ਬਾਹਰ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਪੱਕੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ।
ਕੀ ਹਨ ਕਰਮਚਾਰੀਆਂ ਦੀਆਂ ਮੁੱਖ ਮੰਗਾਂ?
ਹੜਤਾਲ ਬਾਰੇ ਜਾਣਕਾਰੀ ਦਿੰਦਿਆਂ ਕਰਮਚਾਰੀ ਆਗੂ ਸਹਿਜ ਸਿੰਘ ਨੇ ਕਿਹਾ ਕਿ ਸਰਕਾਰ ਨਾਲ ਕਈ ਦੌਰ ਦੀਆਂ ਮੀਟਿੰਗਾਂ ਹੋਈਆਂ, ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ। ਉਨ੍ਹਾਂ ਮੰਗ ਕੀਤੀ ਕਿ ਕੱਚੇ ਕਰਮਚਾਰੀਆਂ ਨੂੰ ਜਲਦ ਪੱਕਾ ਕੀਤਾ ਜਾਵੇ ਅਤੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ।ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਕੋਈ ਫੈਸਲਾ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ‘ਤੇ ਅੰਦੋਲਨ ਕੀਤਾ ਜਾਵੇਗਾ।
ਬੱਸਾਂ ਦੀ ਘਾਟ ਕਾਰਨ ਯਾਤਰੀ ਪਰੇਸ਼ਾਨ
ਹੜਤਾਲ ਦਾ ਸਭ ਤੋਂ ਵੱਧ ਅਸਰ ਆਮ ਯਾਤਰੀਆਂ ‘ਤੇ ਪਿਆ। ਪਟਿਆਲਾ ਦੇ ਨਵੇਂ ਬੱਸ ਸਟੈਂਡ ਅਤੇ ਰਾਜਪੁਰਾ ਦੇ ਗਗਨ ਚੌਂਕ ਤੇ ਮਾਡਰਨ ਬੱਸ ਸਟੈਂਡ ‘ਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਦਫ਼ਤਰਾਂ, ਸਕੂਲਾਂ ਅਤੇ ਹੋਰ ਕੰਮਾਂ ਲਈ ਜਾਣ ਵਾਲੇ ਲੋਕਾਂ ਨੂੰ ਘੰਟਿਆਂ ਤੱਕ ਬੱਸਾਂ ਦੀ ਉਡੀਕ ਕਰਨੀ ਪਈ।ਜੋ ਬੱਸਾਂ ਚੱਲ ਰਹੀਆਂ ਸਨ, ਉਨ੍ਹਾਂ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਭੀੜ ਸੀ। ਕਈ ਯਾਤਰੀ ਦਰਵਾਜ਼ਿਆਂ ਤੋਂ ਲਟਕ ਕੇ ਸਫ਼ਰ ਕਰਨ ਲਈ ਮਜਬੂਰ ਹੋਏ, ਜਦਕਿ ਪਰਿਵਾਰਾਂ ਅਤੇ ਛੋਟੇ ਬੱਚਿਆਂ ਨੂੰ ਗਰਮੀ ਅਤੇ ਹੁੰਮਸ ਕਾਰਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਆਮ ਦਿਨਾਂ ਨਾਲੋਂ ਕਾਫ਼ੀ ਵੱਧ ਭੀੜ
ਰਾਜਪੁਰਾ ਦੇ ਗਗਨ ਚੌਂਕ ‘ਤੇ ਸਰਕਾਰੀ ਬੱਸਾਂ ਦੀ ਕਮੀ ਕਾਰਨ ਵੱਡੀ ਗਿਣਤੀ ਵਿੱਚ ਯਾਤਰੀ ਇਕੱਠੇ ਹੋ ਗਏ। ਟਰੈਫਿਕ ਇੰਚਾਰਜ ਗੁਰਬਚਨ ਸਿੰਘ ਨੇ ਦੱਸਿਆ ਕਿ ਸੋਮਵਾਰ ਹੋਣ ਕਾਰਨ ਆਮ ਦਿਨਾਂ ਨਾਲੋਂ ਕਾਫ਼ੀ ਵੱਧ ਭੀੜ ਰਹੀ। ਹਾਲਾਤਾਂ ਨੂੰ ਦੇਖਦਿਆਂ ਟਰੈਫਿਕ ਪੁਲਿਸ ਵੱਲੋਂ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।ਬੱਸ ਦੀ ਉਡੀਕ ਕਰ ਰਹੇ ਕਈ ਯਾਤਰੀਆਂ ਨੇ ਦੱਸਿਆ ਕਿ ਉਹ ਪਰਿਵਾਰ ਅਤੇ ਬੱਚਿਆਂ ਸਮੇਤ ਮੋਹਾਲੀ ਅਤੇ ਹੋਰ ਸ਼ਹਿਰਾਂ ਵਿੱਚ ਜਾਣ ਲਈ ਕਾਫ਼ੀ ਸਮੇਂ ਤੋਂ ਬੱਸਾਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੜ੍ਹਦੀ ਧੁੱਪ ਅਤੇ ਹੁੰਮਸ ਭਰੀ ਗਰਮੀ ਵਿੱਚ ਬੱਸਾਂ ਨਾ ਮਿਲਣ ਕਾਰਨ ਸਭ ਤੋਂ ਵੱਧ ਮੁਸ਼ਕਲ ਬੱਚਿਆਂ, ਬਜ਼ੁਰਗਾਂ ਅਤੇ ਮਹਿਲਾਵਾਂ ਨੂੰ ਹੋ ਰਹੀ ਹੈ।
ਜੇਕਰ ਸਰਕਾਰ ਅਤੇ ਮੁਲਾਜ਼ਮਾਂ ਵਿਚਾਲੇ ਜਲਦੀ ਸਹਿਮਤੀ ਨਹੀਂ ਬਣਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਸਰਕਾਰੀ ਬੱਸ ਸੇਵਾ ਹੋਰ ਪ੍ਰਭਾਵਿਤ ਹੋ ਸਕਦੀ ਹੈ, ਜਿਸ ਦਾ ਸਿੱਧਾ ਅਸਰ ਲੱਖਾਂ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ‘ਤੇ ਪਵੇਗਾ। ਹੁਣ ਸਭ ਦੀਆਂ ਨਜ਼ਰਾਂ ਸਰਕਾਰ ਅਤੇ ਮੁਲਾਜ਼ਮ ਯੂਨੀਅਨਾਂ ਵਿਚਾਲੇ ਹੋਣ ਵਾਲੀ ਅਗਲੀ ਗੱਲਬਾਤ ‘ਤੇ ਟਿਕੀਆਂ ਹੋਈਆਂ ਹਨ।