ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਸੰਘ (WFI) ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਜਿਨਸੀ ਸ਼ੋਸ਼ਣ ਅਤੇ ਛੇੜਛਾੜ ਨਾਲ ਜੁੜੇ ਚਰਚਿਤ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਛੇ ਮਹਿਲਾ ਪਹਿਲਵਾਨਾਂ ਵੱਲੋਂ ਦਰਜ ਕਰਵਾਏ ਗਏ ਮਾਮਲੇ ਵਿੱਚ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਬਰੀ ਕਰ ਦਿੱਤਾ ਹੈ। ਇਸੇ ਮਾਮਲੇ ਵਿੱਚ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਵੀ ਅਦਾਲਤ ਨੇ ਬਰੀ ਕਰ ਦਿੱਤਾ।
ਲੰਬੀ ਸੁਣਵਾਈ ਤੋਂ ਬਾਅਦ ਆਇਆ ਫੈਸਲਾ
ਇਹ ਮਾਮਲਾ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਵਧੀਕ ਮੁੱਖ ਨਿਆਂਇਕ ਮੈਜਿਸਟ੍ਰੇਟ ਅਸ਼ਵਨੀ ਪੰਵਾਰ ਨੇ ਛੇ ਮਹਿਲਾ ਪਹਿਲਵਾਨਾਂ ਵੱਲੋਂ ਦਾਇਰ ਕੀਤੇ ਗਏ ਕੇਸ ਵਿੱਚ ਦੋਵਾਂ ਪੱਖਾਂ ਦੀਆਂ ਅੰਤਿਮ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ। ਹੁਣ ਅਦਾਲਤ ਨੇ ਆਪਣੇ ਫੈਸਲੇ ਵਿੱਚ ਬ੍ਰਿਜਭੂਸ਼ਣ ਸ਼ਰਨ ਸਿੰਘ ਅਤੇ ਵਿਨੋਦ ਤੋਮਰ ਨੂੰ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ।
ਮਾਮਲੇ ਵਿੱਚ ਪਹਿਲਾਂ ਕੀ ਹੋਇਆ ਸੀ?
ਮਈ 2024 ਵਿੱਚ, ਅਦਾਲਤ ਨੇ ਸਿੰਘ ‘ਤੇ ਅਪਰਾਧਿਕ ਧਮਕੀ ਦੇਣ ਦਾ ਇਲਜ਼ਾਮ ਲਗਾਉਣ ਦਾ ਹੁਕਮ ਦਿੱਤਾ।। ਹਾਲਾਂਕਿ, ਇੱਕ ਮਹਿਲਾ ਪਹਿਲਵਾਨ ਵੱਲੋਂ ਦਰਜ ਕਰਵਾਈ ਗਈ ਵੱਖਰੀ ਸ਼ਿਕਾਇਤ ਵਿੱਚ ਉਨ੍ਹਾਂ ਨੂੰ ਪਹਿਲਾਂ ਹੀ ਰਾਹਤ ਮਿਲ ਚੁੱਕੀ ਸੀ। ਹੁਣ ਬਾਕੀ ਮਾਮਲੇ ਵਿੱਚ ਵੀ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ।
ਫੈਸਲੇ ਤੋਂ ਬਾਅਦ ਬ੍ਰਿਜਭੂਸ਼ਣ ਦੀ ਪਹਿਲੀ ਪ੍ਰਤੀਕਿਰਿਆ
ਅਦਾਲਤ ਤੋਂ ਬਾਹਰ ਆਉਣ ਤੋਂ ਬਾਅਦ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਕਿਹਾ, “ਅਦਾਲਤ ਨੇ ਮੈਨੂੰ ਬਰੀ ਕਰ ਦਿੱਤਾ ਹੈ। ਮੈਂ ਉਸ ਸਮੇਂ ਵੀ ਕਿਹਾ ਸੀ ਕਿ ਜੇਕਰ ਮੈਂ ਦੋਸ਼ੀ ਸਾਬਤ ਹੋਇਆ ਤਾਂ ਫਾਂਸੀ ‘ਤੇ ਚੜ੍ਹ ਜਾਵਾਂਗਾ, ਪਰ ਅਜਿਹੀ ਸਥਿਤੀ ਨਹੀਂ ਬਣੀ। ਅੱਜ ਮੈਂ ਅਦਾਲਤ ਤੋਂ ਬਰੀ ਹੋ ਕੇ ਜਾ ਰਿਹਾ ਹਾਂ।”ਰਾਜਨੀਤਿਕ ਸਾਜ਼ਿਸ਼ ਨਾਲ ਜੁੜੇ ਸਵਾਲਾਂ ‘ਤੇ ਉਨ੍ਹਾਂ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ “ਜੋ ਹੋਇਆ, ਉਹ ਹੋਣ ਦਿਓ।”
ਦੇਸ਼ ਭਰ ਦੀ ਨਜ਼ਰ ਸੀ ਇਸ ਮਾਮਲੇ ‘ਤੇ
ਮਹਿਲਾ ਪਹਿਲਵਾਨਾਂ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਬਾਅਦ ਇਹ ਮਾਮਲਾ ਕਾਫ਼ੀ ਸਮੇਂ ਤੱਕ ਸੁਰਖੀਆਂ ਵਿੱਚ ਰਿਹਾ। ਦਿੱਲੀ ਦੇ ਜੰਤਰ-ਮੰਤਰ ‘ਤੇ ਪਹਿਲਵਾਨਾਂ ਦੇ ਪ੍ਰਦਰਸ਼ਨ ਤੋਂ ਲੈ ਕੇ ਰਾਜਨੀਤਿਕ ਬਿਆਨਬਾਜ਼ੀ ਤੱਕ ਇਸ ਕੇਸ ਨੇ ਦੇਸ਼-ਪੱਧਰ ‘ਤੇ ਚਰਚਾ ਛੇੜੀ ਸੀ। ਹੁਣ ਰਾਊਜ਼ ਐਵੇਨਿਊ ਅਦਾਲਤ ਦੇ ਫੈਸਲੇ ਨਾਲ ਇਸ ਮਾਮਲੇ ਵਿੱਚ ਇੱਕ ਅਹਿਮ ਕਾਨੂੰਨੀ ਪੜਾਅ ਪੂਰਾ ਹੋ ਗਿਆ ਹੈ।