Uttarakhand Flash Floods: ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਬੱਦਲ ਫਟਣ ਅਤੇ ਭਾਰੀ ਮੀਂਹ ਤੋਂ ਬਾਅਦ ਅਚਾਨਕ ਆਏ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਤੇਜ਼ ਪਾਣੀ ਦੇ ਵਹਾਅ ਨੇ ਤਮਕ ਨਾਲੇ ਨੂੰ ਖ਼ਤਰਨਾਕ ਰੂਪ ਦੇ ਦਿੱਤਾ, ਜਿਸ ਕਾਰਨ ਇੱਕ ਬੇਲੀ ਪੁਲ ਵਹਿ ਗਿਆ। ਇਸ ਦੌਰਾਨ ਇੱਕ ਵਾਹਨ ਵੀ ਪਾਣੀ ਦੀ ਲਪੇਟ ਵਿੱਚ ਆ ਗਿਆ।ਇਹ ਪੁਲ ਮਲਾਰੀ-ਨੀਤੀ ਨੈਸ਼ਨਲ ਹਾਈਵੇ ‘ਤੇ ਸਥਿਤ ਸੀ, ਜੋ ਜੋਤਿਰਮੱਠ ਨੂੰ ਸਰਹੱਦੀ ਇਲਾਕਿਆਂ ਨਾਲ ਜੋੜਦਾ ਹੈ। ਪੁਲ ਟੁੱਟਣ ਕਾਰਨ ਜੁੰਮਾ ਅਤੇ ਨੀਤੀ ਸਮੇਤ ਕਰੀਬ ਇੱਕ ਦਰਜਨ ਪਿੰਡਾਂ ਦਾ ਸੜਕੀ ਸੰਪਰਕ ਪ੍ਰਭਾਵਿਤ ਹੋ ਗਿਆ ਹੈ।
ਹਾਦਸੇ ਦੌਰਾਨ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (BRO) ਦਾ ਇੱਕ ਡਰਾਈਵਰ ਵੀ ਤੇਜ਼ ਪਾਣੀ ਵਿੱਚ ਰੁੜ੍ਹ ਗਿਆ। ਡਰਾਈਵਰ ਦੀ ਪਛਾਣ ਪਿਥੌਰਾਗੜ੍ਹ ਜ਼ਿਲ੍ਹੇ ਦੇ ਰਹਿਣ ਵਾਲੇ ਪੰਕਜ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਉਹ ਲਾਪਤਾ ਹੈ।ਪ੍ਰਸ਼ਾਸਨ ਵੱਲੋਂ ਲਾਪਤਾ ਡਰਾਈਵਰ ਦੀ ਭਾਲ ਲਈ SDRF ਅਤੇ NDRF ਦੀਆਂ ਟੀਮਾਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਉੱਥੇ ਹੀ ਸੁਰੱਖਿਆ ਦੇ ਮੱਦੇਨਜ਼ਰ ਨੇੜਲੀਆਂ ਸੜਕਾਂ ‘ਤੇ ਆਵਾਜਾਈ ਵੀ ਰੋਕ ਦਿੱਤੀ ਗਈ ਹੈ।
#WATCH | Chamoli, Uttarakhand: Bailey bridge washed away at Tamaknala after heavy upstream rainfall caused a sudden swell in the Tamak stream. NDRF and SDRF teams reach ground zero.
(Source: SDRF) pic.twitter.com/1NJb4BQg2l
— ANI UP/Uttarakhand (@ANINewsUP) August 11, 2026
ਅਧਿਕਾਰੀ ਮੌਕੇ ‘ਤੇ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ। BRO ਵੱਲੋਂ ਆਵਾਜਾਈ ਬਹਾਲ ਕਰਨ ਲਈ ਆਰਜ਼ੀ ਪ੍ਰਬੰਧ ਕੀਤੇ ਜਾ ਰਹੇ ਹਨ। ਚਮੋਲੀ ਦੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਐੱਨ.ਕੇ. ਜੋਸ਼ੀ ਮੁਤਾਬਕ, ਹਾਲਾਤ ਅਨੁਕੂਲ ਰਹੇ ਤਾਂ ਇੱਕ-ਦੋ ਦਿਨਾਂ ਵਿੱਚ ਆਵਾਜਾਈ ਬਹਾਲ ਕੀਤੀ ਜਾ ਸਕਦੀ ਹੈ।
ਤਮਕ ਨਾਲੇ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਪਿਛਲੇ ਕੁਝ ਸਾਲਾਂ ਦੌਰਾਨ ਜੋਸ਼ੀਮੱਠ-ਨੀਤੀ ਸੜਕ ਨੂੰ ਕਈ ਵਾਰ ਨੁਕਸਾਨ ਪਹੁੰਚ ਚੁੱਕਾ ਹੈ। ਇਸ ਤੋਂ ਇਲਾਵਾ ਹੜ੍ਹ ਦਾ ਮਲਬਾ ਨੇੜਲੀ ਧੌਲੀ ਗੰਗਾ ਨਦੀ ਦੇ ਵਹਾਅ ਨੂੰ ਵੀ ਪ੍ਰਭਾਵਿਤ ਕਰਦਾ ਰਿਹਾ ਹੈ।ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅਧਿਕਾਰੀਆਂ ਨੂੰ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਹੇਠਲੇ ਇਲਾਕਿਆਂ ਵਿੱਚ ਲੋੜੀਂਦੀਆਂ ਸਾਵਧਾਨੀਆਂ ਵਰਤਣ ਅਤੇ ਪ੍ਰਭਾਵਿਤ ਪਿੰਡਾਂ ਵਿੱਚ ਰਾਸ਼ਨ, ਖਾਣ-ਪੀਣ ਦੀਆਂ ਵਸਤਾਂ, ਦਵਾਈਆਂ ਅਤੇ ਹੋਰ ਜ਼ਰੂਰੀ ਸਮਾਨ ਦੀ ਸਪਲਾਈ ਕਿਸੇ ਵੀ ਹਾਲਤ ਵਿੱਚ ਪ੍ਰਭਾਵਿਤ ਨਾ ਹੋਣ ਦੇ ਹੁਕਮ ਦਿੱਤੇ ਹਨ।
