ਨਵੀਂ ਦਿੱਲੀ: ਦੇਸ਼ ਅੱਜ 80ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ ਤੋਂ ਤਿਰੰਗਾ ਲਹਿਰਾ ਕੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਣ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਅੱਜ ਕਈ ਵੱਡੀਆਂ ਚੁਣੌਤੀਆਂ ਦੇ ਬਾਵਜੂਦ ਮਜ਼ਬੂਤ ਸਥਿਤੀ ਵਿੱਚ ਖੜ੍ਹਾ ਹੈ।
ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ, ਗੈਸ ਅਤੇ ਖਾਦ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਸੰਕਟ ਦੇ ਸਮੇਂ ਲੋਕਾਂ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਪਿਛਲੇ ਇੱਕ ਦਹਾਕੇ ਦੌਰਾਨ ਕੀਤੀ ਗਈ ਤਿਆਰੀ ਕਾਰਨ ਭਾਰਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੈ।
ਯੂਰੀਆ ਅਤੇ DAP ਦੀਆਂ ਕੀਮਤਾਂ ਦਾ ਕੀਤਾ ਜ਼ਿਕਰ
ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਮਿਲ ਰਹੀ ਖਾਦ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ’ਤੇ ਯੂਰੀਆ ਦੀ ਕੀਮਤ ਲਗਭਗ 3000 ਰੁਪਏ ਤੱਕ ਪਹੁੰਚ ਗਈ ਹੈ, ਪਰ ਭਾਰਤ ਵਿੱਚ ਕਿਸਾਨਾਂ ਨੂੰ ਇਹ ਕਰੀਬ 300 ਰੁਪਏ ਵਿੱਚ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ DAP ਦੀ ਕੀਮਤ ਵਿਸ਼ਵ ਪੱਧਰ ’ਤੇ ਵਧਣ ਦੇ ਬਾਵਜੂਦ ਕਿਸਾਨਾਂ ਲਈ ਇਸ ਦੀ ਕੀਮਤ 1350 ਰੁਪਏ ਰੱਖੀ ਗਈ ਹੈ।
ਪੀਐਮ ਮੋਦੀ ਨੇ ਕਿਹਾ ਕਿ ਦੁਨੀਆ ਵਿੱਚ ਸੰਕਟ ਦੇ ਸਮੇਂ ਸਰੋਤਾਂ ਨੂੰ ਹਥਿਆਰ ਵਜੋਂ ਵਰਤਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਪੈਟਰੋਲ, ਡੀਜ਼ਲ, ਦਵਾਈਆਂ ਅਤੇ ਹੋਰ ਜ਼ਰੂਰੀ ਸਰੋਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਆਤਮਨਿਰਭਰਤਾ ਬਹੁਤ ਮਹੱਤਵਪੂਰਨ ਬਣ ਜਾਂਦੀ ਹੈ।ਉਨ੍ਹਾਂ MSMEs ਨੂੰ ਵੀ ਅਪੀਲ ਕੀਤੀ ਕਿ ਉਹ ਵਿਸ਼ਵ ਪੱਧਰ ’ਤੇ ਮਿਲ ਰਹੇ ਮੌਕਿਆਂ ਦਾ ਲਾਭ ਲੈਣ ਅਤੇ ਅਜਿਹੇ ਉਤਪਾਦ ਤਿਆਰ ਕਰਨ ਜੋ ਗੁਣਵੱਤਾ ਵਿੱਚ ਬਿਹਤਰ ਅਤੇ ਕੀਮਤ ਵਿੱਚ ਮੁਕਾਬਲੇਯੋਗ ਹੋਣ।
ਲਾਲ ਕਿਲ੍ਹੇ ਤੋਂ ‘ਵੰਦੇ ਮਾਤਰਮ’ ਦੀ ਗੂੰਜ
ਇਤਿਹਾਸਕ ਲਾਲ ਕਿਲ੍ਹੇ ‘ਤੇ ਆਯੋਜਿਤ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਪਹਿਲੀ ਵਾਰ “ਵੰਦੇ ਮਾਤਰਮ” ਗਾਇਆ ਗਿਆ। ‘ਵੰਦੇ ਮਾਤਰਮ’ ਦੀ ਪੇਸ਼ਕਾਰੀ ਨੇ ਮਾਹੌਲ ਨੂੰ ਦੇਸ਼ਭਗਤੀ ਦੇ ਰੰਗ ਵਿੱਚ ਰੰਗ ਦਿੱਤਾ।ਪੀਐਮ ਮੋਦੀ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕੀਤਾ ਅਤੇ ਭਾਰਤ ਦੀ ਆਤਮਨਿਰਭਰਤਾ, ਆਰਥਿਕ ਮਜ਼ਬੂਤੀ ਅਤੇ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਸਮਰੱਥਾ ’ਤੇ ਜ਼ੋਰ ਦਿੱਤਾ।
