ਅੰਮ੍ਰਿਤਸਰ: ਦੇਸ਼ ਭਰ ਵਿੱਚ 80ਵਾਂ ਆਜ਼ਾਦੀ ਦਿਵਸ ਬੜੇ ਮਾਣ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਅੰਮ੍ਰਿਤਸਰ ਦੇ ਅਟਾਰੀ-ਵਾਹਘਾ ਬਾਰਡਰ ’ਤੇ ਬੀਐਸਐਫ ਵੱਲੋਂ ਵੀ ਆਜ਼ਾਦੀ ਦਿਵਸ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਬੀਐਸਐਫ ਦੇ ਡੀਆਈਜੀ ਐਸ.ਐਸ. ਚੰਦੇਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਇਸ ਮੌਕੇ ਡੀਆਈਜੀ ਐਸ.ਐਸ. ਚੰਦੇਲ ਨੇ ਦੇਸ਼ਵਾਸੀਆਂ ਨੂੰ 80ਵੇਂ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਬੀਐਸਐਫ ਦੇ ਜਵਾਨ ਦੇਸ਼ ਦੀ ਸੁਰੱਖਿਆ ਲਈ ਦਿਨ-ਰਾਤ ਸਰਹੱਦਾਂ ’ਤੇ ਡਟੇ ਹੋਏ ਹਨ ਅਤੇ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ।
ਡੀਆਈਜੀ ਨੇ ਹਾਲ ਹੀ ਵਿੱਚ ਹੋਏ ਆਪਰੇਸ਼ਨ ਸਿੰਧੂਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦੌਰਾਨ ਬੀਐਸਐਫ ਨੇ ਸਰਹੱਦ ’ਤੇ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਮੁਤਾਬਕ, ਇਸ ਕਾਰਵਾਈ ਦੌਰਾਨ ਕਈ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਡਰੋਨ ਡੇਗੇ ਗਏ ਅਤੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਵੱਡੀ ਮਾਤਰਾ ਬਰਾਮਦ ਕੀਤੀ ਗਈ।ਉਨ੍ਹਾਂ ਇਹ ਵੀ ਦੱਸਿਆ ਕਿ ਸਰਹੱਦੀ ਖੇਤਰਾਂ ਵਿੱਚ ਬੀਐਸਐਫ ਦੇ ਜਵਾਨਾਂ ਵੱਲੋਂ 118 ਤੋਂ ਵੱਧ ਦੁਸ਼ਮਣ ਚੌਕੀਆਂ ਨੂੰ ਤਬਾਹ ਕੀਤਾ ਗਿਆ। ਇਸ ਮੌਕੇ ਬੀਐਸਐਫ ਦੇ ਦੋ ਜਵਾਨਾਂ ਨੂੰ ਸਬ-ਇੰਸਪੈਕਟਰ ਤੋਂ ਇੰਸਪੈਕਟਰ ਵਜੋਂ ਤਰੱਕੀ ਦੇ ਸਟਾਰ ਲਗਾ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਬੀਐਸਐਫ ਦੇ 2 ਜਵਾਨਾਂ ਨੂੰ ਸਬ-ਇੰਸਪੈਕਟਰ ਤੋਂ ਇੰਸਪੈਕਟਰ ਦੇ ਸਟਾਰ ਲਗਾ ਕੇ ਸਨਮਾਨਿਤ ਕੀਤਾ ਗਿਆ, ਜੋ ਮਾਣ ਵਾਲੀ ਗੱਲ ਹੈ। ਡੀਆਈਜੀ ਐਸ.ਐਸ. ਚੰਦੇਲ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ ਸਰਹੱਦ ਦੇ ਰੱਖਿਅਕ ਬੀਐਸਐਫ ਜਵਾਨਾਂ ਦਾ ਮਨੋਬਲ ਹੋਰ ਮਜ਼ਬੂਤ ਕਰਦੀ ਹੈ। ਸਮਾਗਮ ਦੌਰਾਨ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਰੰਗਾ-ਰੰਗ ਮਾਹੌਲ ਬਣਿਆ, ਜਿਸ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ।
