ਅਗਰਤਲਾ: ਤ੍ਰਿਪੁਰਾ ਦੇ ਡੀ.ਜੀ.ਪੀ. (DGP) ਅਨੁਰਾਗ ਧਨਖੜ ਦੀ ਪੁਲਿਸ ਹੈੱਡਕੁਆਰਟਰ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਜਾਣ ਨਾਲ ਸੂਬੇ ਭਰ ਵਿੱਚ ਹੜਕੰਪ ਮਚ ਗਿਆ ਹੈ। ਉਨ੍ਹਾਂ ਦੀ ਲਾਸ਼ ਦਫ਼ਤਰ ਦੇ ਕਮਰੇ ਵਿੱਚੋਂ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਗੋਵਿੰਦ ਬੱਲਭ ਪੰਤ ਹਸਪਤਾਲ ਲਿਜਾਇਆ ਗਿਆ। ਫਿਲਹਾਲ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ।
ਦਫ਼ਤਰ ਦੇ ਕਮਰੇ ‘ਚ ਮਿਲੀ ਲਾਸ਼
ਸ਼ੁਰੂਆਤੀ ਜਾਣਕਾਰੀ ਮੁਤਾਬਕ, ਅਨੁਰਾਗ ਧਨਖੜ ਦੀ ਲਾਸ਼ ਉਨ੍ਹਾਂ ਦੇ ਦਫ਼ਤਰ ਦੇ ਕਮਰੇ ਵਿੱਚ ਫਾਹੇ ਨਾਲ ਲਟਕੀ ਮਿਲੀ। ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।ਹਾਲਾਂਕਿ, ਕੁਝ ਮੀਡੀਆ ਰਿਪੋਰਟਾਂ ਵਿੱਚ ਖੁਦਕੁਸ਼ੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਪਰ ਤ੍ਰਿਪੁਰਾ ਪੁਲਿਸ ਵੱਲੋਂ ਇਸ ਦੀ ਅਜੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ। ਜਾਂਚ ਜਾਰੀ ਹੈ ਅਤੇ ਮੌਤ ਦੇ ਅਸਲ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਸਮੇਤ ਸੀਨੀਅਰ ਅਧਿਕਾਰੀ ਪਹੁੰਚੇ
ਘਟਨਾ ਦੀ ਸੂਚਨਾ ਮਿਲਦੇ ਹੀ ਤ੍ਰਿਪੁਰਾ ਦੇ ਮੁੱਖ ਮੰਤਰੀ ਡਾ. ਮਾਣਿਕ ਸਾਹਾ ਤੁਰੰਤ ਪੁਲਿਸ ਹੈੱਡਕੁਆਰਟਰ ਪਹੁੰਚੇ। ਮੁੱਖ ਸਕੱਤਰ ਜੇ. ਕੇ. ਸਿਨ੍ਹਾ ਗ੍ਰਹਿ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਮੌਜੂਦ ਰਹੇ। ਪੁਲਿਸ ਨੇ ਪੂਰੇ ਦਫ਼ਤਰ ਨੂੰ ਸੁਰੱਖਿਆ ਘੇਰੇ ਵਿੱਚ ਲੈ ਕੇ ਸਬੂਤ ਇਕੱਠੇ ਕਰਨ ਅਤੇ ਜਾਂਚ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੌਣ ਸਨ ਅਨੁਰਾਗ ਧਨਖੜ?
ਅਨੁਰਾਗ ਧਨਖੜ 1994 ਬੈਚ ਦੇ IPS ਅਧਿਕਾਰੀ ਸਨ। ਉਨ੍ਹਾਂ ਨੇ 2025 ਵਿੱਚ ਤ੍ਰਿਪੁਰਾ ਦੇ DGP ਵਜੋਂ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ CBI ਵਿੱਚ ਰਹਿੰਦਿਆਂ ਨੀਰਵ ਮੋਦੀ ਮਾਮਲੇ ਦੀ ਜਾਂਚ ਦੀ ਅਗਵਾਈ ਕਰ ਚੁੱਕੇ ਸਨ। ਇਸ ਦੇ ਨਾਲ ਹੀ 1984 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਬਣੀ ਵਿਸ਼ੇਸ਼ ਜਾਂਚ ਟੀਮ (SIT)ਦੀ ਵੀ ਅਗਵਾਈ ਕਰ ਚੁੱਕੇ ਸਨ।
ਫਿਲਹਾਲ ਪੁਲਿਸ ਮੌਤ ਦੇ ਹਰ ਪੱਖ ਦੀ ਜਾਂਚ ਕਰ ਰਹੀ ਹੈ ਅਤੇ ਅਧਿਕਾਰਕ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਸਪਸ਼ਟ ਜਾਣਕਾਰੀ ਸਾਹਮਣੇ ਆਵੇਗੀ।