Air India Drug Test: ਏਅਰ ਇੰਡੀਆ ਵਿੱਚ ਡਰੱਗ ਟੈਸਟ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਫੁਕੇਟ-ਦਿੱਲੀ ਉਡਾਣ ਨਾਲ ਜੁੜੀ ਘਟਨਾ ਤੋਂ ਬਾਅਦ ਸ਼ੁਰੂ ਕੀਤੇ ਗਏ ਵਿਆਪਕ ਸਕ੍ਰੀਨਿੰਗ ਪ੍ਰੋਗਰਾਮ ਦੌਰਾਨ ਏਅਰਲਾਈਨ ਦੇ ਦੋ ਹੋਰ ਪਾਇਲਟ ਸ਼ੁਰੂਆਤੀ ਡਰੱਗ ਟੈਸਟ ਵਿੱਚ ਫੇਲ੍ਹ ਹੋਏ ਹਨ। ਰਿਪੋਰਟ ਮੁਤਾਬਕ ਦੋਵਾਂ ਪਾਇਲਟਾਂ ਨੂੰ ਫਿਲਹਾਲ ਡਿਊਟੀ ਤੋਂ ਹਟਾ ਕੇ ਡੀ-ਰੋਸਟਰ ਕਰ ਦਿੱਤਾ ਗਿਆ ਹੈ।
ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਜਾਣਕਾਰੀ ਮੁਤਾਬਕ, ਦੋਵੇਂ ਪਾਇਲਟਾਂ ਦੇ ਸ਼ੁਰੂਆਤੀ ਟੈਸਟ ਪਾਜ਼ੀਟਿਵ ਆਏ ਹਨ, ਪਰ ਅੰਤਿਮ ਟੈਸਟ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਅੰਤਿਮ ਜਾਂਚ ਦੀ ਪ੍ਰਕਿਰਿਆ ਪੂਰੀ ਹੋਣ ਵਿੱਚ ਆਮ ਤੌਰ ’ਤੇ 24 ਤੋਂ 48 ਘੰਟੇ ਲੱਗ ਸਕਦੇ ਹਨ।ਇਸ ਦੌਰਾਨ ਸਾਵਧਾਨੀ ਦੇ ਤੌਰ ’ਤੇ ਦੋਵਾਂ ਪਾਇਲਟਾਂ ਨੂੰ ਉਡਾਣ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਅੰਤਿਮ ਟੈਸਟ ਦੇ ਨਤੀਜੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਬਾਰੇ ਸਪੱਸ਼ਟ ਤਸਵੀਰ ਸਾਹਮਣੇ ਆਵੇਗੀ।
ਫੁਕੇਟ-ਦਿੱਲੀ ਉਡਾਣ ਤੋਂ ਬਾਅਦ ਸਖ਼ਤ ਹੋਈ ਟੈਸਟਿੰਗ
ਏਅਰ ਇੰਡੀਆ ਨੇ ਫੁਕੇਟ-ਦਿੱਲੀ ਉਡਾਣ ਨਾਲ ਜੁੜੀ ਘਟਨਾ ਤੋਂ ਬਾਅਦ ਆਪਣੇ ਪਾਇਲਟਾਂ ਲਈ ਡਰੱਗ ਟੈਸਟਿੰਗ ਪ੍ਰੋਟੋਕੋਲ ਸਖ਼ਤ ਕਰ ਦਿੱਤਾ ਹੈ। ਨਵੀਂ Standard Operating Procedure (SOP) ਤਹਿਤ ਪਾਇਲਟਾਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ।ਰਿਪੋਰਟਾਂ ਮੁਤਾਬਕ ਹੁਣ ਤੱਕ 300 ਤੋਂ ਵੱਧ ਏਅਰ ਇੰਡੀਆ ਪਾਇਲਟਾਂ ਦੇ ਡਰੱਗ ਟੈਸਟ ਕੀਤੇ ਜਾ ਚੁੱਕੇ ਹਨ। ਇਹ ਜਾਂਚ ਹਵਾਬਾਜ਼ੀ ਨਿਯਮਾਂ ਅਧੀਨ ਪਾਬੰਦੀਸ਼ੁਦਾ ਪਦਾਰਥਾਂ ਜਾਂ ਦਵਾਈਆਂ ਦੀ ਵਰਤੋਂ ਦੀ ਜਾਂਚ ਲਈ ਕੀਤੀ ਜਾ ਰਹੀ ਹੈ।
ਫੁਕੇਟ-ਦਿੱਲੀ ਫਲਾਈਟ ਨਾਲ ਕੀ ਹੋਇਆ ਸੀ?
ਇਹ ਪੂਰਾ ਮਾਮਲਾ ਫੁਕੇਟ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ Airbus A320neo ਉਡਾਣ ਨਾਲ ਜੁੜੀ ਘਟਨਾ ਤੋਂ ਬਾਅਦ ਸਾਹਮਣੇ ਆਇਆ। ਰਿਪੋਰਟਾਂ ਮੁਤਾਬਕ ਉਡਾਣ ਦੌਰਾਨ ਜਹਾਜ਼ ਨੂੰ ਕੁਝ ਸਮੇਂ ਲਈ ਕੰਟਰੋਲ ਨਾਲ ਸਬੰਧਤ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਅਤੇ ਜਹਾਜ਼ ਲਗਭਗ 300 ਫੁੱਟ ਹੇਠਾਂ ਆ ਗਿਆ ਸੀ।ਸ਼ੁਰੂਆਤੀ ਤੌਰ ’ਤੇ ਇਸ ਘਟਨਾ ਨੂੰ ਗੜਬੜੀ ਨਾਲ ਜੋੜਿਆ ਗਿਆ ਸੀ, ਪਰ ਬਾਅਦ ਵਿੱਚ ਜਹਾਜ਼ ਦੇ ਸਿਸਟਮ ਡੇਟਾ ਦੀ ਜਾਂਚ ਦੌਰਾਨ ਹਾਈਡ੍ਰੌਲਿਕ ਸਿਸਟਮ ਨਾਲ ਜੁੜੀਆਂ ਖਾਮੀਆਂ ਦੀ ਜਾਣਕਾਰੀ ਸਾਹਮਣੇ ਆਈ।
ਏਅਰਲਾਈਨ ਵੱਲੋਂ ਪਾਇਲਟਾਂ ਨੂੰ ਭੇਜੇ ਗਏ ਪੱਤਰ ਮੁਤਾਬਕ 13 ਅਗਸਤ ਤੋਂ ਸਾਰੇ ਪਾਇਲਟਾਂ ਲਈ ਪਾਬੰਦੀਸ਼ੁਦਾ ਪਦਾਰਥਾਂ ਅਤੇ ਦਵਾਈਆਂ ਸਬੰਧੀ ਲਾਜ਼ਮੀ ਟੈਸਟਿੰਗ ਸ਼ੁਰੂ ਕੀਤੀ ਗਈ ਹੈ।ਏਅਰ ਇੰਡੀਆ ਦਾ ਇਹ ਕਦਮ ਉਡਾਣ ਸੁਰੱਖਿਆ ਦੇ ਮਾਪਦੰਡਾਂ ਨੂੰ ਮਜ਼ਬੂਤ ਕਰਨ ਅਤੇ ਯਾਤਰੀਆਂ ਦਾ ਭਰੋਸਾ ਕਾਇਮ ਰੱਖਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ। ਹਾਲਾਂਕਿ, ਦੋ ਪਾਇਲਟਾਂ ਦੇ ਮਾਮਲੇ ਵਿੱਚ ਅੰਤਿਮ ਟੈਸਟ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਉਨ੍ਹਾਂ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ।
