Punjab Politics News: ਪੰਜਾਬ ਦੀ ਸਿਆਸਤ ਵਿੱਚ ਡਾ. ਗੁਰਪ੍ਰੀਤ ਕੌਰ ਵੱਲੋਂ ਵਿਰੋਧੀ ਆਗੂਆਂ ਸੁਖਪਾਲ ਸਿੰਘ ਖਹਿਰਾ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਭੇਜੇ ਗਏ ਲੀਗਲ ਨੋਟਿਸਾਂ ਦਾ ਮਾਮਲਾ ਚਰਚਾ ਵਿੱਚ ਆ ਗਿਆ ਹੈ। ਸਵਾਲ ਇਹ ਉੱਠ ਰਹੇ ਹਨ ਕਿ ਇਨ੍ਹਾਂ ਲੀਗਲ ਨੋਟਿਸਾਂ ਤੋਂ ਬਾਅਦ ਅੱਗੇ ਕੀ ਕਾਰਵਾਈ ਹੋਈ? ਕੀ ਮਾਮਲਾ ਅਦਾਲਤ ਤੱਕ ਪਹੁੰਚਿਆ ਜਾਂ ਫਿਰ ਸਾਰੀ ਕਾਰਵਾਈ ਸਿਰਫ਼ ਨੋਟਿਸਾਂ ਅਤੇ ਬਿਆਨਬਾਜ਼ੀ ਤੱਕ ਹੀ ਸੀਮਤ ਰਹਿ ਗਈ?
ਕਿਹੜੇ ਮਾਮਲੇ ਨੂੰ ਲੈ ਕੇ ਲੀਗਲ ਨੋਟਿਸ?
ਇਹ ਪੂਰਾ ਮਾਮਲਾ ਹਾਈਕੋਰਟ ਦੇ ਰਿਟਾਇਰਡ ਜਸਟਿਸ ਰਣਜੀਤ ਸਿੰਘ ਦੇ ਆਰੋਪਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਸੀ ਕਿ ਡਾ. ਗੁਰਪ੍ਰੀਤ ਕੌਰ ਨੇ ਇੱਕ ਰੇਪ ਕੇਸ, ਜਿਸ ਵਿੱਚ ਗੁਰ ਚਹਿਲ ਨੂੰ ਮੁੱਖ ਮੁਲਜ਼ਮ ਦੱਸਿਆ ਗਿਆ ਸੀ, ਨੂੰ ਦਬਾਉਣ ਅਤੇ ਇੱਕ ਕਾਰੋਬਾਰੀ ਖ਼ਿਲਾਫ਼ ਦਰਜ ਮਾਮਲਾ ਰੱਦ ਕਰਵਾਉਣ ਲਈ ਕਥਿਤ ਤੌਰ ’ਤੇ ₹5 ਕਰੋੜ ਦੀ ਮੰਗ ਕੀਤੀ ਸੀ।ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਬਿਕਰਮ ਸਿੰਘ ਮਜੀਠੀਆ ਨੇ ਵੀ ਡਾ. ਗੁਰਪ੍ਰੀਤ ਕੌਰ ਨਾਲ ਜੋੜੇ ਗਏ ਕਥਿਤ ਦੋਸ਼ਾਂ ਨੂੰ ਲੈ ਕੇ ਜਨਤਕ ਬਿਆਨ ਦਿੱਤੇ ਅਤੇ ਸੋਸ਼ਲ ਮੀਡੀਆ ਰਾਹੀਂ ਮਾਮਲੇ ਸਬੰਧੀ ਸਮੱਗਰੀ ਸਾਂਝੀ ਕੀਤੀ। ਹਾਲਾਂਕਿ ਡਾ. ਗੁਰਪ੍ਰੀਤ ਕੌਰ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ, ਬੇਬੁਨਿਆਦ ਅਤੇ ਮਾਨਹਾਨੀਕਾਰਕ ਕਰਾਰ ਦਿੱਤਾ। ਇਸੇ ਕਾਰਨ ਉਨ੍ਹਾਂ ਨੇ ਦੋਵਾਂ ਆਗੂਆਂ ਨੂੰ 4 ਸਤੰਬਰ 2026 ਨੂੰ ਲੀਗਲ ਨੋਟਿਸ ਭੇਜ ਕੇ ਕਥਿਤ ਇਤਰਾਜ਼ਯੋਗ ਸਮੱਗਰੀ ਹਟਾਉਣ ਅਤੇ ਜਨਤਕ ਤੌਰ ‘ਤੇ ਮੁਆਫ਼ੀ ਮੰਗਣ ਦੀ ਮੰਗ ਕੀਤੀ ਗਈ ਸੀ।
ਖਹਿਰਾ ਨੇ ਕੈਮਰੇ ਸਾਹਮਣੇ ਪਾੜ ਦਿੱਤਾ ਸੀ ਨੋਟਿਸ
ਇਸ ਮਾਮਲੇ ਵਿੱਚ ਸਭ ਤੋਂ ਵੱਧ ਚਰਚਾ ਉਸ ਸਮੇਂ ਹੋਈ, ਜਦੋਂ ਸੁਖਪਾਲ ਸਿੰਘ ਖਹਿਰਾ ਨੇ ਕਥਿਤ ਤੌਰ ‘ਤੇ ਕੈਮਰੇ ਸਾਹਮਣੇ ਲੀਗਲ ਨੋਟਿਸ ਪਾੜ ਦਿੱਤਾ ਸੀ। ਖਹਿਰਾ ਨੇ ਇਸ ਮਾਮਲੇ ਨੂੰ ਲੈ ਕੇ ਸਪੱਸ਼ਟ ਕਿਹਾ ਸੀ ਕਿ ਉਹ ਇਸ ਲੜਾਈ ਤੋਂ ਪਿੱਛੇ ਨਹੀਂ ਹਟਣਗੇ ਅਤੇ ਲੋੜ ਪੈਣ ‘ਤੇ ਅਦਾਲਤ ਵਿੱਚ ਕਾਨੂੰਨੀ ਲੜਾਈ ਲੜਨਗੇ।ਖਹਿਰਾ ਦੇ ਇਸ ਕਦਮ ਨੇ ਸਿਆਸੀ ਮਾਹੌਲ ਨੂੰ ਹੋਰ ਗਰਮਾ ਦਿੱਤਾ ਸੀ ਅਤੇ ਮਾਮਲਾ ਸਿਰਫ਼ ਇੱਕ ਲੀਗਲ ਨੋਟਿਸ ਤੱਕ ਸੀਮਤ ਨਾ ਰਹਿ ਕੇ ਸਿਆਸੀ ਟਕਰਾਅ ਦਾ ਰੂਪ ਲੈ ਗਿਆ ਸੀ।
24 ਘੰਟਿਆਂ ਦਾ ਅਲਟੀਮੇਟਮ, ਪਰ ਅੱਗੇ ਕੀ ਹੋਇਆ?
ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ 24 ਘੰਟਿਆਂ ਦਾ ਅਲਟੀਮੇਟਮ ਖਤਮ ਹੋਣ ਤੋਂ ਬਾਅਦ ਅੱਗੇ ਕੀ ਕਾਰਵਾਈ ਹੋਈ? ਕੀ ਡਾ. ਗੁਰਪ੍ਰੀਤ ਕੌਰ ਵੱਲੋਂ ਸੁਖਪਾਲ ਸਿੰਘ ਖਹਿਰਾ ਅਤੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਮਾਨਹਾਨੀ ਦਾ ਕੋਈ ਕੇਸ ਅਦਾਲਤ ਵਿੱਚ ਦਾਇਰ ਕੀਤਾ ਗਿਆ? ਜਾਂ ਫਿਰ ਕਾਰਵਾਈ ਦੀਆਂ ਬਸ ਫੋਕੀਆਂ ਫੜ੍ਹਾਂ ਹਨ ? ਵੱਡਾ ਸਵਾਲ ਇਹ ਵੀ ਹੈ ਕਿ ਡਾ. ਗੁਰਪ੍ਰੀਤ ਕੌਰ ‘ਤੇ ਲੱਗੇ 5 ਕਰੋੜ ਰੁਪਏ ਦੇ ਕਥਿਤ ਦੋਸ਼ ਆਖ਼ਰ ਸੱਚ ਹਨ ਜਾਂ ਝੂਠ?
