Asian Games 2026: ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਅਨ ਖੇਡਾਂ ਵਿੱਚ ਇਤਿਹਾਸ ਰਚ ਦਿੱਤਾ ਹੈ। ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਚੀਨ ਨੂੰ 1-0 ਨਾਲ ਹਰਾ ਕੇ ਗੋਲਡ ਮੈਡਲ ਆਪਣੇ ਨਾਮ ਕਰ ਲਿਆ। ਇਸ ਜਿੱਤ ਦੇ ਨਾਲ ਭਾਰਤੀ ਟੀਮ ਨੇ 44 ਸਾਲਾਂ ਦਾ ਇੰਤਜ਼ਾਰ ਖਤਮ ਕਰ ਦਿੱਤਾ ਹੈ।ਇਸ ਇਤਿਹਾਸਕ ਜਿੱਤ ਦੇ ਨਾਲ ਭਾਰਤ ਨੇ 2028 ਲਾਸ ਏਂਜਲਸ ਓਲੰਪਿਕਸ ਲਈ ਵੀ ਕੁਆਲੀਫਾਈ ਕਰ ਲਿਆ ਹੈ। ਮੈਚ ਵਿੱਚ ਭਾਰਤ ਵੱਲੋਂ ਇਕਲੌਤਾ ਗੋਲ ਲਾਲਰੇਮਸਿਆਮੀ ਨੇ ਕੀਤਾ।
10ਵੇਂ ਮਿੰਟ ਵਿੱਚ ਲਾਲਰੇਮਸਿਆਮੀ ਨੇ ਕੀਤਾ ਗੋਲ
ਮੈਚ ਦੀ ਸ਼ੁਰੂਆਤ ਤੋਂ ਹੀ ਭਾਰਤੀ ਟੀਮ ਨੇ ਚੀਨ ‘ਤੇ ਦਬਾਅ ਬਣਾਈ ਰੱਖਿਆ। ਹਾਲਾਂਕਿ ਛੇਵੇਂ ਮਿੰਟ ਵਿੱਚ ਭਾਰਤ ਦੀ ਬਲਜੀਤ ਕੌਰ ਨੂੰ ਗ੍ਰੀਨ ਕਾਰਡ ਮਿਲਿਆ, ਪਰ ਟੀਮ ਨੇ ਆਪਣਾ ਹਮਲਾ ਜਾਰੀ ਰੱਖਿਆ।ਮੈਚ ਦੇ 10ਵੇਂ ਮਿੰਟ ਵਿੱਚ ਲਾਲਰੇਮਸਿਆਮੀ ਨੇ ਸ਼ਾਨਦਾਰ ਫੀਲਡ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ। ਖਾਸ ਗੱਲ ਇਹ ਰਹੀ ਕਿ ਇਹ ਉਨ੍ਹਾਂ ਦਾ 200ਵਾਂ ਅੰਤਰਰਾਸ਼ਟਰੀ ਮੈਚ ਵੀ ਸੀ।ਇਸ ਤੋਂ ਬਾਅਦ ਭਾਰਤ ਨੂੰ ਪੈਨਲਟੀ ਕਾਰਨਰ ਰਾਹੀਂ ਬੜ੍ਹਤ ਵਧਾਉਣ ਦਾ ਮੌਕਾ ਮਿਲਿਆ, ਪਰ ਟੀਮ ਇਸ ਨੂੰ ਗੋਲ ਵਿੱਚ ਤਬਦੀਲ ਨਹੀਂ ਕਰ ਸਕੀ। ਪਹਿਲੇ ਕੁਆਰਟਰ ਦੇ ਅੰਤ ਤੱਕ ਭਾਰਤ 1-0 ਨਾਲ ਅੱਗੇ ਰਿਹਾ।
ਚੀਨ ਨੇ ਬਣਾਇਆ ਦਬਾਅ, ਪਰ ਭਾਰਤੀ ਡਿਫੈਂਸ ਰਿਹਾ ਮਜ਼ਬੂਤ
ਦੂਜੇ ਕੁਆਰਟਰ ਵਿੱਚ ਚੀਨ ਨੇ ਹਮਲਾਵਰ ਰੁਖ ਅਪਣਾਇਆ ਅਤੇ ਭਾਰਤ ‘ਤੇ ਲਗਾਤਾਰ ਦਬਾਅ ਬਣਾਇਆ। ਚੀਨ ਨੂੰ ਬਰਾਬਰੀ ਦਾ ਸਭ ਤੋਂ ਵੱਡਾ ਮੌਕਾ ਉਸ ਸਮੇਂ ਮਿਲਿਆ, ਜਦੋਂ ਉਸ ਨੂੰ ਪੈਨਲਟੀ ਸਟ੍ਰੋਕ ਮਿਲਿਆ।ਪਰ ਭਾਰਤ ਦੀ ਤਜਰਬੇਕਾਰ ਗੋਲਕੀਪਰ ਸਵਿਤਾ ਪੂਨੀਆ ਨੇ ਸ਼ਾਨਦਾਰ ਬਚਾਅ ਕਰਦੇ ਹੋਏ ਚੀਨ ਨੂੰ ਗੋਲ ਕਰਨ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਵੀ ਚੀਨ ਨੇ ਕਈ ਹਮਲੇ ਕੀਤੇ, ਪਰ ਭਾਰਤੀ ਡਿਫੈਂਡਰਾਂ ਨੇ ਹਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।ਮੈਚ ਦੇ 28ਵੇਂ ਮਿੰਟ ਵਿੱਚ ਚੀਨ ਦੀ ਖਿਡਾਰਨ ਵੇਨ ਡਾਨ ਨੂੰ ਫਾਊਲ ਲਈ ਗ੍ਰੀਨ ਕਾਰਡ ਵੀ ਦਿਖਾਇਆ ਗਿਆ। ਹਾਫ ਟਾਈਮ ਤੱਕ ਭਾਰਤ ਨੇ ਆਪਣੀ 1-0 ਦੀ ਬੜ੍ਹਤ ਬਰਕਰਾਰ ਰੱਖੀ।
44 ਸਾਲਾਂ ਬਾਅਦ ਸੋਨ ਤਗਮਾ
ਭਾਰਤੀ ਮਹਿਲਾ ਹਾਕੀ ਟੀਮ ਦੀ ਇਹ ਜਿੱਤ ਬੇਹੱਦ ਖਾਸ ਹੈ। ਚੀਨ ਨੂੰ 1-0 ਨਾਲ ਹਰਾਉਂਦੇ ਹੋਏ ਭਾਰਤ ਨੇ 44 ਸਾਲਾਂ ਬਾਅਦ ਏਸ਼ੀਅਨ ਖੇਡਾਂ ਵਿੱਚ ਮਹਿਲਾ ਹਾਕੀ ਦਾ ਗੋਲਡ ਮੈਡਲ ਜਿੱਤਿਆ ਹੈ।ਇਸ ਦੇ ਨਾਲ ਭਾਰਤੀ ਟੀਮ ਨੇ ਮਹਿਲਾ ਹਾਕੀ ਵਿੱਚ ਆਪਣਾ ਦੂਜਾ ਏਸ਼ੀਅਨ ਖੇਡਾਂ ਦਾ ਸੋਨ ਤਗਮਾ ਜਿੱਤਿਆ ਹੈ। ਇੱਕ ਪਾਸੇ 44 ਸਾਲਾਂ ਦਾ ਇੰਤਜ਼ਾਰ ਖਤਮ ਹੋਇਆ ਅਤੇ ਦੂਜੇ ਪਾਸੇ 2028 ਓਲੰਪਿਕਸ ਦੀ ਟਿਕਟ ਵੀ ਪੱਕੀ ਹੋ ਗਈ।ਭਾਰਤੀ ਮਹਿਲਾ ਹਾਕੀ ਟੀਮ ਦੀ ਇਸ ਸ਼ਾਨਦਾਰ ਜਿੱਤ ਨਾਲ ਦੇਸ਼ ਭਰ ਵਿੱਚ ਖੁਸ਼ੀ ਦਾ ਮਾਹੌਲ ਹੈ। ਟੀਮ ਨੇ ਫਾਈਨਲ ਵਿੱਚ ਇੱਕ ਗੋਲ ਦੀ ਬੜ੍ਹਤ ਨੂੰ ਅੰਤ ਤੱਕ ਕਾਇਮ ਰੱਖਦਿਆਂ ਇਤਿਹਾਸ ਆਪਣੇ ਨਾਮ ਕਰ ਲਿਆ।
