ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੁਲਜ਼ਮ ਪੁਲਿਸ ਮੁਲਾਜ਼ਮ ਸਰਹੱਦ ‘ਤੇ ਨਸ਼ਾ ਤਸਕਰੀ ਰੋਕਣ ਲਈ ਬਣਾਈ ਗਈ ਐਂਟੀ-ਡਰੋਨ ਟੀਮ ਵਿੱਚ ਤਾਇਨਾਤ ਸੀ। ਜਿਸ ਟੀਮ ਦੀ ਜ਼ਿੰਮੇਵਾਰੀ ਡਰੋਨ ਰਾਹੀਂ ਆਉਣ ਵਾਲੀਆਂ ਨਸ਼ੇ ਦੀਆਂ ਖੇਪਾਂ ਨੂੰ ਰੋਕਣਾ ਸੀ, ਉਸੇ ਟੀਮ ਦੇ ਮੁਲਾਜ਼ਮ ਦੀ ਗ੍ਰਿਫ਼ਤਾਰੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
15 ਕਿਲੋ ਹੈਰੋਇਨ ਸਮੇਤ ਕਾਬੂ
ਜਾਣਕਾਰੀ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਹੈੱਡ ਕਾਂਸਟੇਬਲ ਦੀ ਪਛਾਣ ਕਰਨਦੀਪ ਸਿੰਘ ਵਜੋਂ ਹੋਈ ਹੈ। ਉਹ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭੂਸੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।ਕਰਨਦੀਪ ਸਿੰਘ ਪਹਿਲਾਂ ਭਿਖੀਵਿੰਡ ਥਾਣੇ ਅਧੀਨ ਸੁਰਸਿੰਘ ਪੁਲਿਸ ਚੌਕੀ ਵਿੱਚ ਕਲਰਕ ਵਜੋਂ ਤਾਇਨਾਤ ਸੀ। ਕਰੀਬ ਡੇਢ ਮਹੀਨਾ ਪਹਿਲਾਂ ਉਸ ਨੂੰ ਐਂਟੀ-ਡਰੋਨ ਟੀਮ ਵਿੱਚ ਤਬਦੀਲ ਕੀਤਾ ਗਿਆ ਸੀ।
ਗੁਪਤ ਸੂਚਨਾ ਤੋਂ ਬਾਅਦ BSF ਦੀ ਕਾਰਵਾਈ
ਦੱਸਿਆ ਜਾ ਰਿਹਾ ਹੈ ਕਿ BSF ਦੀ 115ਵੀਂ ਬਟਾਲੀਅਨ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਕੋਲ ਡਰੋਨ ਰਾਹੀਂ ਸਰਹੱਦ ਪਾਰੋਂ ਪਹੁੰਚਾਈ ਗਈ ਹੈਰੋਇਨ ਦੀ ਵੱਡੀ ਖੇਪ ਹੈ। ਇਸ ਤੋਂ ਬਾਅਦ ਜਵਾਨਾਂ ਨੇ ਸਰਾਏ ਅਮਾਨਤ ਖਾਨ ਥਾਣੇ ਅਧੀਨ ਲਾਹੀਆਂ ਪੁਲ ਡਰੇਨ ਦੇ ਨੇੜੇ ਨਾਕਾਬੰਦੀ ਕੀਤੀ।ਕਾਰਵਾਈ ਦੌਰਾਨ ਮੁਲਜ਼ਮ ਨੂੰ ਪਲਾਸਟਿਕ ਦੇ ਥੈਲਿਆਂ ਸਮੇਤ ਕਾਬੂ ਕਰ ਲਿਆ ਗਿਆ। ਤਲਾਸ਼ੀ ਲੈਣ ‘ਤੇ ਬੈਗਾਂ ਵਿੱਚੋਂ ਹੈਰੋਇਨ ਦੇ 15 ਪੈਕੇਟ ਬਰਾਮਦ ਹੋਏ। ਇਨ੍ਹਾਂ ਦਾ ਕੁੱਲ ਭਾਰ 15 ਕਿਲੋਗ੍ਰਾਮ ਦੱਸਿਆ ਗਿਆ ਹੈ।
NCB ਵੀ ਕਰ ਰਹੀ ਹੈ ਪੁੱਛਗਿੱਛ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਟੀਮ ਵੀ ਜਾਂਚ ਵਿੱਚ ਸ਼ਾਮਲ ਹੋ ਗਈ ਹੈ। ਜਾਂਚ ਏਜੰਸੀਆਂ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੈਰੋਇਨ ਦੀ ਖੇਪ ਕਿੱਥੋਂ ਆਈ ਸੀ ਅਤੇ ਇਸ ਨੂੰ ਅੱਗੇ ਕਿੱਥੇ ਪਹੁੰਚਾਇਆ ਜਾਣਾ ਸੀ।ਇਸ ਦੇ ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਕੋਈ ਵੱਡਾ ਤਸਕਰੀ ਨੈੱਟਵਰਕ ਸ਼ਾਮਲ ਹੈ ਜਾਂ ਨਹੀਂ।
ਫਿਲਹਾਲ, ਇਸ ਮਾਮਲੇ ਵਿੱਚ ਅਗਲੀ ਜਾਂਚ ਜਾਰੀ ਹੈ। ਪੁਲਿਸ ਮੁਲਾਜ਼ਮ ਦੀ ਗ੍ਰਿਫ਼ਤਾਰੀ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਨਸ਼ਾ ਤਸਕਰੀ ਅਤੇ ਸਰਹੱਦੀ ਸੁਰੱਖਿਆ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ।
